best platform for news and views

ਮਜੀਠਾ ਹਲਕੇ ‘ਚ ਮਜੀਠੀਏ ਦੀ ਹਾਲਤ ਡਾਂਵਾਂਡੋਲ

Please Click here for Share This News

ਮਜੀਠੀਆ ਦੀ ਜਿੱਤ ‘ਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ

ਰਾਜਨ ਮਾਨ

ਅੰਮ੍ਰਿਤਸਰ : ਵਿਧਾਨ ਸਭਾ ਹਲਕਾ ਮਜੀਠਾ  ਤੋਂ ਦੋ ਵਾਰ ਲਗਾਤਾਰ ਜਿੱਤਦੇ ਆ ਰਹੇ ਬਿਕਰਮ ਸਿੰਘ ਮਜੀਠਾ ਦੀ ਹਾਲਤ ਇਸਵਾਰ ਡਾਂਵਾਡੋਲ ਨਜ਼ਰ ਆ ਰਹੀ ਹੈ। ਹਲਕੇ ਅੰਦਰ ਅਕਾਲੀ ਦਲ,ਕਾਂਗਰਸ ਤੇ ਆਪ ਵਲੋਂ ਚੋਣ ਪ੍ਰਚਾਰ ਨੂੰ ਪੂਰੀ ਤਰ੍ਹਾਂ ਭਖਾਇਆ ਗਿਆ ਹੈ। ਲਗਾਤਾਰ ਦੋ ਜਿੱਤਾਂ ਹਾਸਲ ਕਰਨ ਵਾਲੇ ਬਿਕਰਮ ਮਜੀਠਾ ਦੀ ਇਸਵਾਰ ਜਿੱਤ ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ।
ਉਂਝ ਤਾਂ ਪੰਜਾਬ ਦੀਆ ਸਾਰੀਆਂ ਹੀ ਸੀਟਾਂ ਤੇ ਅਹਿਮ ਲੜਾਈ ਬਣੀ ਹੋਈ ਹੈ ਪਰ ਬਿਕਰਮ ਮਜੀਠੀਆ ਕਰਕੇ ਮਜੀਠਾ ਹਲਕੇ ਵੱਲ ਲੋਕਾਂ ਦਾ ਧਿਆਨ ਜ਼ਿਆਦਾ ਹੈ। ਇਸ ਵਿਧਾਨ ਸਭਾ ਹਲਕੇ ਵਿੱਚ ਕੁੱਲ 151632 ਵੋਟਰ ਹਨ ਜਿੰਨਾਂ ਵਿਚ 79163 ਮਰਦ ਅਤੇ 72461 ਔਰਤਾਂ ਹਨ। ਹੁਣ ਤੱਕ ਇਸ ਹਲਕੇ ਵਿਚ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਵਿਚਕਾਰ ਹੀ ਚੱਲਦਾ ਆਇਆ ਹੈ। ਇਸ ਵਾਰ ਪਹਿਲੀ ਵਾਰ ਆਪ ਦੇ ਆਉਣ ਕਾਰਨ ਤੀਸਰੀ ਧਿਰ ਮੁਕਾਬਲੇ ਵਿੱਚ ਆਈ ਹੈ। ਪਹਿਲਾਂ ਵੀ ਖੱਬੇ ਪੱਖੀ ਪਾਰਟੀਆ ਤੇ ਕੁਝ ਹੋਰ ਉਮੀਦਵਾਰ ਵੀ ਮੈਦਾਨ ਵਿਚ ਉਤਰਦੇ ਰਹੇ ਹਨ ਪਰ ਉਹ ਕਦੇ ਤੀਸਰੀ ਵੱਡੀ ਧਿਰ ਵਜੋਂ ਨਹੀਂ ਸਾਹਮਣੇ ਆਏ। ਬਿਕਰਮ ਮਜੀਠੀਆ ਇਸ ਹਲਕੇ ਤੋਂ ਲਗਾਤਾਰ ਦੋ ਵਾਰ ਵਿਧਾਇਕ ਚੁਣੇ ਜਾਂਦੇ ਆ ਰਹੇ । ਇਸ ਹਲਕੇ ਤੇ ਕਾਂਗਰਸ ਵਲੋਂ ਵੀ ਕਾਫੀ ਸਮਾਂ ਕਬਜ਼ਾ ਕਾਇਮ ਰੱਖਿਆ ਗਿਆ ਹੈ।


ਇਸਵਾਰ ਮੁੱਖ ਮੁਕਾਬਲਾ ਕਾਂਗਰਸ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਬਿਕਰਮ ਸਿੰਘ ਮਜੀਠਾ ਤੇ ਆਪ ਦੇ ਹਿੰਮਤ ਸਿੰਘ ਸ਼ੇਰਗਿੱਲ ਵਿਚਕਾਰ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵਲੋਂ ਹਲਕੇ ਦੇ ਨਿਧੜਕ ਆਗੂ ਲਾਲੀ ਮਜੀਠਾ ਨੂੰ ਨਜ਼ਰਅੰਦਾਜ਼ ਕਰਕੇ ਕਿਸੇ ਹੋਰ ਕਮਜ਼ੋਰ ਵਿਅਕਤੀ ਨੂੰ ਟਿਕਟ ਦਿਤੇ ਜਾਣ ਕਾਰਨ ਬਿਕਰਮ ਸਿੰਘ ਮਜੀਠੀਆ ਲਈ ਮੈਦਾਨ ਸਾਫ ਹੋ ਗਿਆ ਸੀ ਅਤੇ ੳੁਹ ਸਹਿਜੇ ਹੀ ਜਿਤ ਗਏ ਸਨ। ਉਸ ਸਮੇਂ ਲਾਲੀ ਮਜੀਠੀਆ ਆਜ਼ਾਦ ਚੋਣ ਲੜੇ ਸਨ ਅਤੇ 25 ਹਜ਼ਾਰ ਦੇ ਕਰੀਬ ਵੋਟਾਂ ਪ੍ਰਾਪਤ ਕੀਤੀਆਂ ਸਨ। ਲਾਲੀ ਮਜੀਠਾ ਵਲੋਂ ਪਿਛਲੇ ਦਸ ਸਾਲਾਂ ਤੋਂ ਬਿਕਰਮ ਮਜੀਠਾ ਨਾਲ ਲੋਹਾ ਲਿਆ ਜਾ ਰਿਹਾ ਹੈ। ਹਾਲ ਦੀ ਘੜੀ ਲਾਲੀ ਮਜੀਠਾ ਦਾ ਹੱਥ ਉੱਪਰ ਨਜ਼ਰ ਆ ਰਿਹਾ ਹੈ। ਆਪ ਵਲੋਂ ਵੀ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ।
ਬਿਕਰਮ ਸਿੰਘ ਮਜੀਠੀਆ ਵਲੋਂ ਇਸਵਾਰ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਵੇਖ ਕੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਲਾਲੀ ਮਜੀਠਾ ਤੇ ਸ਼ੇਰਗਿਲ ਨੇ ਮਜੀਠੀਆ ਦਾ ਪੈਂਡਾ ਬਿਖਰਾ ਕਰ ਦਿਤਾ ਹੈ। ਬਿਕਰਮ ਸਿੰਘ ਮਜੀਠੀਆ ਲਈ ਇਸ ਵਾਰ ਪਹਿਲਾਂ ਦੀ ਤਰ੍ਹਾਂ ਜਿਤ ਆਸਾਮ ਨਹੀਂ ਹੈ। ਬਿਕਰਮ ਮਜੀਠਾ ਵਲੋਂ ਭਾਂਵੀ ਹਲਕੇ ਵਿਚ ਵਿਕਾਸ ਕੀਤਾ ਗਿਆ ਹੈ ਪਰ ਵਿਰੋਧੀਆਂ ਵਲੋਂ ਦੋਸ ਲਾਏ ਜਾ ਰਹੇ ਹਨ ਕਿ ਹਲਕੇ ਦੇ ਵਿਕਾਸ ਨਾਲੋਂ ਇਹਨਾਂ ਨੇ ਪੰਜਾਬ ਦਾ ਕਥਿਤ ਵਿਨਾਸ਼ ਜ਼ਿਆਦਾ ਕੀਤਾ ਹੈ। ਆਉਣ ਵਾਲੇ ਦਿਨਾਂ ਵਿਚ ਮਜੀਠੇ ਹਲਕੇ ਵਿਚ ਮਜੀਠੀਆ ਦੇ ਕਈ ਥੰਮ ਵੀ ਖਿਸਕ ਸਕਦੇ ਹਨ। ਅਕਾਲੀ ਦਲ ਦੇ ਕਈ ਆਗੂਆਂ ਨੇ ਮਜੀਠੀਏ ਦਾ ਸਾਥ ਛੱਡ ਕਾਂਗਰਸ ਤੇ ਆਪ ਦਾ ਪੱਲੂ ਫੜ੍ਹਿਆ ਹੈ। ਜਿਥੇ ਮਜੀਠੀਏ ਵਲੋਂ ਹੈਟਰਿਕ ਮਾਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਉਥੇ ਲਾਲੀ ਮਜੀਠਾ ਵਲੋਂ ਆਪਣੇ ਤਕੜੇ ਆਧਾਰ ਕਾਰਨ ਇਸਵਾਰ ਇਸਨੂੰ ਢਾਉਣ ਲਈ ਆਪਣੀ ਪੂਰੀ ਤਾਕਤ ਝੋਕ ਦਿľਤੀ ਗਈ ਹੈ। ਆਪ ਵਲੋਂ ਵੀ ਬਿਕਰਮ ਮਜੀਠੀਆ ਨੂੰ ਹਰਾਉਣ ਲਈ ਪੂਰੇ ਕਮਰਕੱਸੇ ਕੀਤੇ ਗਏ ਹਨ। ਕੇਜਰੀਵਾਲ ਸਮੇਤ ਆਪ ਦੇ ਕਈ ਸੀਨੀਅਰ ਆਗੂ ਭਗਵੰਤ ਮਾਨ ਤੇ ਹੋਰ ਹਲਕੇ ਵਿਚ ਲਗਾਤਾਰ ਰੈਲੀਆਂ ਤੇ ਰੋਡ ਸ਼ੋਅ ਕਰ ਰਹੇ ਹਨ। ਕਾਂਗਰਸ ਨੂੰ ਲਾਲੀ ਮਜੀਠਾ ਲੋਕਲ ਹੋਣ ਤੇ ਖਾਸ ਕਰਕੇ ਲੋਕਾਂ ਨਾਲ ਜੁੜਿਆ ਹੋਣ ਦਾ ਵੱਡਾ ਲਾਭ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਬਿਕਰਮ ਮਜੀਠੀਆ ਦਾ ਪੈਂਡਾ ਹੋਰ ਬਿਖਰਾ ਹੋਣ ਦੇ ਆਸਾਰ ਹਨ। ਨਵਜੋਤ ਸਿੰਘ ਸਿਧੂ ਦੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਸਿਧੂ ਵਲੋਂ ਵੀ ਮਜੀਠਾ ਹਲਕੇ ਵਿਚ ਰੈਲੀਆਂ ਕਰਕੇ ਬਿਕਰਮ ਵਿਰਧ ਆਪਣੇ ਗੁਸੇ ਦਾ ਇਜ਼ਹਾਰ ਕੀਤਾ ਜਾਵੇਗਾ। ਮਾਝੇ ਦਾ ਜਰਨੈਲ ਕਹਾਉਣ ਵਾਲੇ ਬਿਕਰਮ ਮਜੀਠੀਆ ਦੀ ਸੀਟ ਇਸਵਾਰ ਖਤਰੇ ਵਿਚ ਨਜ਼ਰ ਆ ਰਹੀ ਹੈ। ਵਿਰੋਧੀਆਂ ਨੇ ਨਸ਼ੇ ਦੇ ਮਾਮਲੇ ਨੂੰ ਲੈ ਕੇ ਵੀ ਘੇਰਿਆ ਹੋਇਆ ਹੈ। ਆਪ ਤੇ ਕਾਂਗਰਸ ਵਲੋਂ ਨਸ਼ੇ,ਰੇਤ ਬੱਜਰੀ ਦੇ ਮਾਮਲੇ ਨੂੰ ਵੱਡੇ ਪੱਧਰ ਤੇ ਪ੍ਰਚਾਰਿਆ ਜਾ ਰਿਹਾ ਹੈ। ਕਾਂਗਰਸ ਤੇ ਆਪ ਵਲੋਂ ਤਾਂ ਸ਼ਰੇਆਮ ਮਜੀਠੀਆ ਤੇ ਕਈ ਗੰਭੀਰ ਦੋਸ਼ ਲਾਏ ਜਾ ਰਹੇ ਹਨ। ਮਜੀਠੀਏ ਵਲੋਂ ਸਰਕਾਰ ਵਲੋਂ ਕੀਤੇ ਵਿਕਾਸ ਕਾਰਜਾਂ ਦੇ ਨਾਲ ਨਾਲ ਆਪਣੀਆਂ ਸਫਾਈਆਂ ਵੀ ਦੇਣੀਆਂ ਪੈ ਰਹੀਆਂ ਹਨ।   ਹਾਲ ਦੀ ਘੜੀ ਸਾਰਿਆਂ ਵਲੋਂ ਹੀ ਆਪਣੀ ਜਿਤ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ।

Please Click here for Share This News

Leave a Reply

Your email address will not be published. Required fields are marked *