best platform for news and views

ਮਗਨਰੇਗਾ ਮਜ਼ਦੂਰਾਂ ਦੀ ਦਿਹਾੜੀ ਚ ਮਹਿਜ਼ ਇੱਕ ਰੁਪਏ ਵਾਧਾ ਗਰੀਬਾਂ ਨਾਲ ਭੱਦਾ ਮਜ਼ਾਕ : ਆਪ

Please Click here for Share This News

ਚੰਡੀਗੜ 31 ਮਾਰਚ 2019 
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਉੱਤੇ ਮਨਰੇਗਾ ਮਜ਼ਦੂਰਾਂ ਨਾਲ ਬੇਹੱਦ ਭੱਦਾ ਮਜ਼ਾਕ ਕਰਨ ਦਾ ਦੋਸ਼ ਲਗਾਇਆ ਹੈ।
‘ਆਪ’ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਅਨੁਸੂਚਿਤ ਜਾਤੀ (ਐਸਸੀ) ਵਿੰਗ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਅਤੇ ਸਹਿ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਦੋਵੇਂ ਵਿਧਾਇਕ ਨੇ ਕਿਹਾ ਹੈ ਕਿ ਵਿੱਤੀ ਸਾਲ 2019-20 ਲਈ ਪੰਜਾਬ ਦੇ ਮਗਨਰੇਗਾ ਦੇ ਮਜਦੂਰਾਂ ਦੀ ਪ੍ਰਤੀ ਦਿਨ ਦਿਹਾੜੀ ਵਿੱਚ ਮਹਿਜ਼ ਇੱਕ ਰੁਪਏ ਦਾ ਵਾਧਾ ਕੀਤਾ ਗਿਆ ਹੈ। ਜੋ ਗਰੀਬ ਦਿਹਾੜੀਦਾਰ ਦਲਿਤ ਪਰਿਵਾਰਾਂ ਨਾਲ ਬੇਹੱਦ ਭੱਦਾ ਮਜ਼ਾਕ ਹੈ।
‘ਆਪ’ ਦੇ ਦੋਵਾਂ ਵਿਧਾਇਕਾਂ ਨੇ ਦੱਸਿਆ ਕਿ ਮਗਨਰੇਗਾ ਮਜ਼ਦੂਰਾਂ ਲਈ ਇਸ ਵਿੱਤੀ ਵਰੇ ਵਿੱਚ ਪ੍ਰਤੀ ਦਿਨ ਦਿਹਾੜੀ 241 ਰੁਪਏ ਨਿਰਧਾਰਤ ਕੀਤੀ ਗਈ ਹੈ ਜੋ ਪਿਛਲੇ ਸਾਲ 240 ਰੁਪਏ ਪ੍ਰਤੀ ਦਿਨ ਸੀ। ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਇਸ ਫੈਸਲੇ ਨੇ ਅਕਾਲੀ ਦਲ ਬਾਦਲ ਦੀ ਹਿੱਸੇਦਾਰੀ ਵਾਲੀ ਕੇਂਦਰ ਦੀ ਮੋਦੀ ਸਰਕਾਰ ਦੀ ਦਲਿਤ ਵਿਰੋਧੀ ਸੋਚ ਦੀ ਪੋਲ ਖੋਲ ਦਿੱਤੀ ਹੈ। ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਹੋਣ ਦੇ ਨਾਤੇ ਦੂਜੇ ਪਾਸੇ ਇਸ ਫੈਸਲੇ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਗਰੀਬੀ ਹਟਾਓ ਨਾਅਰੇ ਦਾ ਵੀ ਜਲੂਸ ਕੱਢਿਆ ਹੈ।
ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਲਿਤਾਂ ਅਤੇ ਗਰੀਬਾਂ ਪ੍ਰਤੀ ਰੱਤੀ ਭਰ ਵੀ ਸੰਜੀਦਾ ਹੁੰਦੀ ਤਾਂ ਕੇਂਦਰ ਸਰਕਾਰ ਦੇ ਇਸ ਸ਼ਰਮਨਾਕ ਫੈਸਲੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੰਦੀ, ਪਰੰਤੂ ਕੈਪਟਨ ਸਰਕਾਰ ਸੁੱਤੀ ਪਈ ਹੈ।
‘ਆਪ’ ਵਿਧਾਇਕਾਂ ਨੇ ਕਿਹਾ ਕਿ ਅੱਤ ਦੀ ਮਹਿੰਗਾਈ ਦੇ ਜ਼ਮਾਨੇ ਵਿੱਚ 241 ਰੁਪਏ ਪ੍ਰਤੀ ਦਿਨ ਦਿਹਾੜੀ ਤੈਅ ਕਰਨਾਬੜੀ ਸ਼ਰਮਨਾਕ ਗੱਲ ਹੈ। ਇੱਕ ਪਾਸੇ ਮਹਿੰਗਾਈ ਦੀ ਦਰ 10 ਫ਼ੀਸਦੀ ਤੋਂ ਪਾਰ ਲੰਘ ਚੁੱਕੀ ਹੈ, ਦੂਜੇ ਪਾਸੇ ਮਗਨਰੇਗਾ ਦੀ ਮਜ਼ਦੂਰੀ ਵਿੱਚ ਸਿਰਫ ਇੱਕ ਰੁਪਏ ਦਾ ਇਜਾਫਾ ਕਰਕੇ ਦਲਿਤ ਅਤੇ ਗਰੀਬ ਵਰਗ ਨਾਲ ਦੂਜੇ ਦਰਜੇ ਦਾ ਸਲੂਕ  ਕੀਤਾ ਗਿਆ ਹੈ ।
‘ਆਪ’ ਆਗੂਆਂ ਨੇ ਕਿਹਾ ਕਿ 241 ਰੁਪਏ ਪ੍ਰਤੀ ਦਿਨ ਦਿਹਾੜੀ ਤੈਅ ਕਰਕੇ ਨਾ ਸਿਰਫ ਦਲਿਤਾਂ ਅਤੇ ਗਰੀਬਾਂ ਨਾਲ ਮਜ਼ਾਕ ਕੀਤਾ ਗਿਆ ਹੈ ਬਲਕਿ ਪੰਜਾਬ ਸਰਕਾਰ ਦੇ ਕਿਰਤ ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ ਹਨ ।
ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਮੁਤਾਬਕ 284 ਰੁਪਏ ਪ੍ਰਤੀ ਦਿਨ ਦਿਹਾੜੀ ਨਿਰਧਾਰਤ ਕੀਤੀ ਹੋਈ ਹੈ, ਜਦਕਿ ਮਗਨਰੇਗਾ ਮਜਦੂਰਾਂ ਦੀ ਪ੍ਰਤੀ ਦਿਨ ਦਿਹਾੜੀ ਕੇਂਦਰ ਸਰਕਾਰ ਵੱਲੋਂ 241 ਰੁਪਏ ਤੈਅ ਕੀਤੀ ਗਈ ਹੈ, ਜੋ ਪੰਜਾਬ ਸਰਕਾਰ ਦੇ ਕਿਰਤ ਕਾਨੂੰਨਾਂ ਉਪਰ ਖਰੀ ਨਹੀਂ ਉੱਤਰਦੀ। ਇਸ ਲਈ ਕੈਪਟਨ ਸਰਕਾਰ ਕੇਂਦਰ ਸਰਕਾਰ ਉੱਤੇ ਮਗਨਰੇਗਾ ਦੇ ਮਜ਼ਦੂਰਾਂ ਦੀ ਦਿਹਾੜੀ ਵਿੱਚ ਸਨਮਾਨਜਨਕ ਵਾਧਾ ਕਰਵਾਉਣ ਲਈ ਦਬਾਅ ਪਾਵੇ। ਇਸ ਤੋਂ ਇਲਾਵਾ ਕੈਪਟਨ ਸਰਕਾਰ ਮਗਨਰੇਗਾ ਦੇ ਮਜ਼ਦੂਰਾਂ ਦੀ ਦਿਹਾੜੀ ਵਿੱਚ ਸੂਬਾ ਸਰਕਾਰ ਵੱਲੋਂ ਵੀ ਹਿੱਸਾ ਪਾਵੇ। ਉਨਾਂ ਕਿਹਾ ਕਿ ਜੇਕਰ ਕਾਂਗਰਸ ਸਚਮੁੱਚ ਗਰੀਬੀ ਹਟਾਉਣਾ ਚਾਹੁੰਦੀ ਹੈ ਤਾਂ ਉਹ ਆਪਣੀਆਂ ਸਰਕਾਰਾਂ ਵਾਲੇ ਸੂਬਿਆਂ ਅੰਦਰ ਪ੍ਰਤੀ ਦਿਨ ਮਜ਼ਦੂਰੀ ਨਿਰਧਾਰਤ ਘੱਟੋ ਘੱਟ ਉਜਰਤ ਤੋਂ ਵੱਧ ਦੇਣਾ ਯਕੀਨੀ ਬਣਾਵੇ।
‘ਆਪ’ ਵਿਧਾਇਕਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਹਰਿਆਣਾ ਵਿੱਚ 13 ਰੁਪਏ ਦੇ ਵਾਧੇ ਨਾਲ ਮਗਨਰੇਗਾ ਮਜ਼ਦੂਰਾਂ ਦੀ ਪ੍ਰਤੀ ਦਿਨ ਮਜਦੂਰੀ 284 ਰੁਪਏ ਨਿਰਧਾਰਤ ਕੀਤੀ ਗਈ ਹੈ, ਹਾਲਾਂਕਿ ਪੰਜਾਬ ਅਤੇ ਹਰਿਆਣਾ ਦੇ ਕੰਮਕਾਜੀ ਅਤੇ ਭੂਗੋਲਿਕ ਹਾਲਾਤ ਇੱਕੋ ਜਿਹੇ ਹਨ। ਇੰਨਾ ਹੀ ਨਹੀਂ ਪੰਜਾਬ ਦੇ ਇੱਕ ਪਾਸੇ ਸੈਂਕੜੇ ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸੀਮਾ ਵੀ ਲੱਗਦੀ ਹੈ।
‘ਆਪ’ ਵਿਧਾਇਕਾਂ ਨੇ ਪੰਜਾਬ ਨਾਲ ਸਬੰਧਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਵਿਜੈ ਸਾਂਪਲਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਨਾਂ ਦੋਵੇਂ ਮੰਤਰੀਆਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਲਈ ਕੁਝ ਵੀ ਨਹੀਂ ਕੀਤਾ।
ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਪੁੱਛਿਆ ਕਿ ਜਦੋਂ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਅਤੇ ਪੰਜਾਬ ਦੇ ਗਰੀਬਾਂ ਦਲਿਤਾਂ ਬਾਰੇ ਅਜਿਹੇ ਸ਼ਰਮਨਾਕ ਫੈਸਲੇ ਲੈਂਦੀ ਹੈ, ਉਦੋਂ ਇਹ ਕਿੱਥੇ ਸੁੱਤੇ ਰਹਿੰਦੇ ਹਨ। ‘ਆਪ’ ਵਿਧਾਇਕਾਂ ਨੇ ਪੰਜਾਬ ਦੀ ਜਨਤਾ ਖਾਸ ਕਰਕੇ ਮਗਨਰੇਗਾ ਦੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਵੱਲੋਂ ਕੀਤੇ ਅਜਿਹੇ ਭੱਦੇ ਮਜ਼ਾਕ ਦਾ ਹਰਸਿਮਰਤ ਕੌਰ ਬਾਦਲ ਅਤੇ ਵਿਜੈ ਸਾਂਪਲਾ ਸਮੇਤ ਸਮੁੱਚੀ ਅਕਾਲੀ ਭਾਜਪਾ ਲੀਡਰਸ਼ਿਪ ਤੋਂ ਹਿਸਾਬ ਜਰੂਰ ਮੰਗਣ।

Please Click here for Share This News

Leave a Reply

Your email address will not be published. Required fields are marked *