ਨਿਰਮਲ ਸਾਧਾਂਵਾਲੀਆ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾ ਨੂੰ ਲੈ ਕੇ ਇਨ੍ਹਾਂ ਦਿਨਾਂ ਵਿਚ ਪੰਜਾਬ ਦੇ ਹਾਲਾਤ ਪੂਰੇ ਭਖ ਚੁੱਕੇ ਹਨ ਅਤੇ ਸਾਰਆਂ ਰਾਜਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਭਰਮਾਉਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਪਰ ਇਸ ਵਾਰ ਪੰਜਾਬ ਦੇ ਹਾਲਾਤ ਆਮ ਨਾਲੋਂ ਕਈ ਪੱਖਾਂ ਤੋਂ ਵੱਖਰੇ ਨਜ਼ਰ ਆ ਰਹੇ ਹਨ। ਹਾਲਾਤ ਬਦਲਣ ਦਾ ਕਾਰਨ ਭਾਵੇਂ ਵੋਟਰਾਂ ਦੇ ਪੜ੍ਹ ਲਿਖ ਜਾਣਾ ਹੋਵ, ਭਾਵੇਂ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਆਮਦ ਹੋਵੇ ਅਤ ਜਾਂ ਫਿਰ ਰਾਜਸੀ ਗੁੰਡਾਗਰਦੀ ਦੀ ਸਿਖਰ ਹੋਣ ਕਾਰਨ ਲੋਕਾਂ ਵਿਚ ਗੁੱਸੇ ਦਾ ਉਭਾਰ ਹੋਵੇ। ਕਾਰਨ ਭਾਵੇਂ ਕੁੱਝ ਵੀ ਹੋਵੇ, ਪਰ ਇਸ ਕੁੱਝ ਵੱਖਰਾ ਜਰੂਰ ਹੋ ਰਿਹਾ ਹੈ। ਹੁਣ ਪੰਜਾਬ ਦਾ ਵੋਟਰ ਉਮੀਦਵਾਰਾਂ ਨੂੰ ‘ਹਾਂ ਜੀ ਜਰੂਰ ਵੋਟ ਪਾਵਾਂਗੇ’ ਕਹਿਣ ਦੀ ਥਾਂ ਖਰੀਆਂ ਖਰੀਆਂ ਸੁਣਾ ਰਿਹਾ ਹੈ। ਇਸੇ ਦਾ ਸਿੱਟਾ ਹੀ ਹੈ ਕਿ ਇਕੱਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫਲੇ ‘ਤੇ ਹੀ ਹਮਲਾ ਨਹੀਂ ਹੋਇਆ ਸਗੋਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਹੀ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕਾਂਗਰਸੀ ਆਗੂਆਂ ਦੇ ਕਾਫਲਿਆਂ ‘ਤੇ ਵੀ ਹਮਲੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਦੇ ਕਾਫਲਿਆਂ ‘ਤੇ ਵੀ ਹਮਲੇ ਹੋਏ ਹਨ। ਇਨ੍ਹ
ਪਿਛਲੇ ਦਿਨੀਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫਲੇ ‘ਤੇ ਹੋਇਆ ਪਥਰਾਅ ਜਿਆਦਾ ਚਰਚਾ ਵਿਚ ਆਇਆ, ਜਦਕਿ ਕਈ ਪਿੰਡਾਂ ਵਿਚ ਕਾਂਗਰਸੀ ਆਗੂਆਂ ‘ਤੇ ਵੀ ਹਮਲੇ ਹੋਏ। ਸ੍ਰੀ ਬਾਦਲ ਵਲੋਂ ਇਸ ਹਮਲੇ ਨੂੰ ਆਮ ਆਦਮੀ ਪਾਰਟੀ ਦੀ ਸਾਜਿਸ਼ ਦਾ ਨਾਮ ਦਿੱਤਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੇ ਆਗੂ ਇਸ ਨੂੰ ਲੋਕਾਂ ਦਾ ਗੁੱਸਾ ਕਹਿ ਰਹੇ ਹਨ। ਇਨ੍ਹਾਂ ਹਮਲਿਆਂ ਪਿਛੋਂ ਆਏ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੇ ਬਿਆਨਾਂ ਦੀ ਪੜਚੋਲ ਕੀਤੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਕੱਲੇ ਅਕਾਲੀ ਆਗੂ ਹੀ ਨਹੀਂ ਸਗੋਂ ਸਾਰੀਆਂ ਪਾਰਟੀਆਂ ਦੇ ਆਗੂ ਇਨ੍ਹਾਂ ਹਮਲਿਆਂ ਤੋਂ ਸਹਿਮ ਗਏ ਹਨ। ਹਰ ਪਾਰਟੀ ਦੇ ਆਗੂ ਨੂੰ ਖਤਰਾ ਹੈ ਕਿ ਉਸ ਤੇ ਵੋਟਰਾਂ ਵਲੋਂ ਹਮਲਾ ਨਾ ਹੋ ਜਾਵੇ। ਇਹ ਹਾਲਾਤ ਕਿਉਂ ਆਏ? ਇਸਦਾ ਸਪਸ਼ਟ ਦੇ ਸਿੱਧਾ ਜਵਾਬ ਇਹ ਹੋਵੇਗਾ ਕਿ ਸਾਡਾ ਰਾਜਸੀ ਢਾਂਚਾ ਹੀ ਨਿੱਘਰ ਚੁੱਕਾ ਹੈ। ਰਾਜਨੀਤਿਕ ਪਾਰਟੀਆਂ ਵਲੋਂ ਗੁੰਡਾਗਰਦੀ ਨੂੰ ਪਨਾਹ ਦੇਣ ਨਾਲ ਪੰਜਾਬ ਦੇ ਲੋਕ ਬੇਹੱਦ ਦੁਖੀ ਹੋ ਚੁੱਕੇ ਹਨ। ਪਿਛਲੇ ਸਮੇਂ ਵਿਚ ਹੁੰਦਾ ਰਿਹਾ ਗੁੰਡਾ ਨਾਚ ਪੰਜਾਬ ਦੇ ਲੋਕਾਂ ਨੂੰ ਸਹਿਣਾ ਔਖਾ ਹੋ ਰਿਹਾ ਹੈ ਅਤੇ ਅੱਜ ਪੰਜਾਬ ਦਾ ਹਰ ਪਿਤਾ ਆਪਣੇ ਬੱਚਿਆਂ ਨੂੰ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਜਾਂ ਦੇਸ਼ ਵਿਚ ਭੇਜਣਾ ਚਾਹੁੰਦਾ ਹੈ। ਗੁਰੂਆਂ ਪੀਰਾਂ ਅਤੇ ਸੂਰਬੀਰਾਂ ਦੀ ਧਰਤੀ ਪੰਜਾਬ ਤੋਂ ਆਮ ਅਤੇ ਸ਼ਰੀਫ ਵਿਅਕਤੀ ਨੂੰ ਡਰ ਆਉਣ ਲੱਗ ਚੁੱਕਾ ਹੈ। ਇਥੇ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ। ਆਮ ਤੌਰ ਤੇ ਔਰਤਾਂ ਦੀ ਸੁਰੱਖਿਆ ਦੀ ਚਿੰਤਾ ਕੀਤੀ ਜਾਂਦੀ ਹੈ, ਪਰ ਪੰਜਾਬ ਵਿਚ ਤਾਂ ਆਦਮੀ ਵੀ ਸਰੱਖਿਅਤ ਨਹੀਂ ਹਨ। ਹਰ ਕਿਸਾਨ, ਹਰ ਦੁਕਾਨਦਾਰ, ਹਰ ਮਜਦੂਰ, ਹਰ ਮੁਲਾਜ਼ਮ ਅਤੇ ਕਿਰਤ ਕਰ ਕੇ ਖਾਣ ਵਾਲਾ ਹਰ ਵਿਅਕਤੀ ਸਹਿਮ ਭਰੀ ਜਿੰਦਗੀ ਬਤੀਤ ਕਰ ਰਿਹਾ ਹੈ। ਹਰ ਵਿਅਕਤੀ ਨੂੰ ਇਹੀ ਡਰ ਰਹਿੰਦਾ ਹੈ ਕਿ ਉਸਦਾ ਪੁੱਤਰ ਜਾਂ ਧੀ ਨਸ਼ੇ ਦੀ ਲਪੇਟ ਵਿਚ ਨਾ ਆ ਜਾਵੇ। ਅਨੇਕਾਂ ਮਾਪਿਆਂ ਨੂੰ ਇਸ ਨਸ਼ੇ ਕਾਰਨ ਆਪਣੇ ਪੁੱਤਰਾਂ ਦੀਆਂ ਅਰਥੀਆਂ ਨੂੰ ਮੋਢੇ ਦੇਣੇ ਪਏ ਹਨ। ਕਹਿੰਦੇ ਨੇ ਹਰ ਚੀਜ ਦੀ ਕੋਈ ਹੱਦ ਹੁੰਦੀ ਹੈ। ਹੋ ਸਕਦਾ ਇਨ੍ਹਾਂ ਹਾਲਾਤਾਂ ਦੀ ਵੀ ਹੱਦ ਹੋਵੇ, ਇਸੇ ਕਰਕੇ ਹੀ ਲੋਕਾਂ ਵਿਚ ਇੰਨਾ ਗੁੱਸਾ ਹੋਵੇ? ਕਾਸ਼ ਇੰਝ ਹੀ ਹੋਵੇ। ਪਰ ਫਿਰ ਵੀ ਹਾਲਾਤਾਂ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਇਨ੍ਹਾਂ ਹਾਲਾਤਾਂ ਦੀ ਹੱਦ ਇੰਨੀ ਸੌਖੀ ਨਜ਼ਰ ਨਹੀਂ ਆ ਰਹੀ। ਕਿਉਂਕਿ ਰਾਜਨੀਤਿਕ ਪਾਰਟੀਆਂ ਵਿਚ ਗੁੰਡਾ ਅਨਸਰਾਂ ਦੀ ਘੁਸਪੈਠ ਤੋਂ ਕੋਈ ਵੀ ਪਾਰਟੀ ਨਹੀਂ ਬਚ ਸਕੀ। ਇਸ ਵੇਲੇ ਪੰਜਾਬ ਵਿਧਾਨ ਸਭਾ ਚੋਣਾ ਲੜਨ ਲਈ ਕੋਈ ਵੀ ਪਾਰਟੀ ਇਹ ਦਾਅਵਾ ਨਹੀਂ ਕਰ ਸਕਦੀ ਕਿ ਉਸ ਵਿਚ ਗੁੰਡਾ ਅਨਸਰ ਨਹੀਂ ਹਨ। ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਦਾਅਵੇ ਕੀਤੇ ਸਨ ਕਿ ਉਹ ਇਸ ਸਭ ਤੋਂ ਅਲੱਗ ਇਮਾਨਦਾਰ, ਸਾਫ ਸੁਥਰਾ ਅਤੇ ਸ਼ਾਂਤੀਪੂਰਨ ਪ੍ਰਬੰਧ ਸਥਾਪਿਤ ਕਰੇਗੀ, ਪਰ ਇਸ ਵਿਚ ਵੀ ਅਜਿਹੇ ਅਨਸਰਾਂ ਦੀ ਘੁਸਪੈਠ ਹੋ ਚੁੱਕੀ ਹੈ ਅਤੇ ਆਪ ਦੇ ਸੀਨੀਅਰ ਆਗੂ ਵੀ ਇਨ੍ਹਾਂ ਸਵਾਲਾਂ ਦੇ ਜਵਾਬ ਟਾਲਣ ਲੱਗ ਪਏ ਹਨ। ਇਨ੍ਹਾਂ ਹਾਲਾਤਾਂ ਵਿਚ ਆਮ ਵੋਟਰਾਂ ਦਾ ਗੁੱਸਾ ਜਾਇਜ ਹੈ ਅਤੇ ਇਸ ਨੂੰ ਰੋਕਣਾ ਵੀ ਇੰਨਾ ਸੌਖਾ ਨਹੀਂ ਹੈ। ਭਾਵੇਂ ਚੋਣ ਕਮਿਸ਼ਨ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਵਿਸ਼ੇਸ਼ ਸੁਰੱਖਿਆ ਦੇ ਹੁਕਮ ਦੇ ਦਿੱਤੇ ਹਨ, ਪਰ ਇਹ ਮਾਮਲਾ ਬਾਦਲ ਪਰਿਵਾਰ ਦਾ ਹੀ ਨਹੀਂ, ਸਗੋਂ ਸਮੁੱਚੇ ਸਿਆਸੀ ਪ੍ਰਬੰਧ ਦਾ ਹੈ। ਸਿਆਸੀ ਪਾਰਟੀਆਂ ਦੇ ਆਗੂ ਲੋਕਾਂ ਦੇ ਗੁੱਸੇ ਤੋਂ ਬਹੁਤਾ ਸਮਾਂ ਬਚ ਨਹੀਂ ਸਕਦੇ ਅਤੇ ਆਮ ਲੋਕਾਂ ਦਾ ਗੁੱਸਾ ਸਰੱਖਿਆ ਸ਼ਕਤੀ ਨਾਲ ਸ਼ਾਂਤ ਨਹੀਂ ਕੀਤਾ ਜਾ ਸਕਦਾ। ਸਗੋਂ ਲੋੜ ਹੈ ਪ੍ਰਬੰਧ ਵਿਚ ਸੁਧਾਰ ਕਰਨ ਦੀ ਅਤੇ ਰਾਜਨੀਤੀ ਵਿਚ ਗੁੰਡਾ ਅਨਸਰਾਂ ਦੀ ਘੁਸਪੈਠ ਰੋਕਣ ਦੀ। ਪਰ ਅਫਸੋਸ ਕਿ ਇਸ ਪਾਸੇ ਚੋਣਾ ਲੜ ਰਹੀ ਕੋਈ ਵੀ ਪਾਰਟੀ ਕੋਈ ਕਦਮ ਨਹੀਂ ਚੁੱਕ ਰਹੀ। ਸਗੋਂ ਸ਼ਾਂਤੀਪੂਰਨ ਪ੍ਰਬੰਧ ਦੇਣ ਵਾਲੀਆਂ ਪਾਰਟੀਆਂ ਦੇ ਆਗੂ ਅਜੇ ਵੀ ਸਟੇਜ਼ਾਂ ‘ਤੇ ਤਲਵਾਰਾਂ ਲਹਿਰਾ ਕੇ ਪਤਾ ਨਹੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹਨ। ਕਾਸ਼ ਇਨ੍ਹਾਂ ਹਮਲਿਆਂ ਤੋਂ ਸਹਿਮੇ ਹੋਏ ਰਾਜਨੀਤਿਕ ਪਾਰਟੀਆਂ ਦੇ ਸੀਨੀਅਰ ਆਗੂ ਹੁਣ ਹੀ ਕੁੱਝ ਸੋਚ ਲੈਣ।
Nirmal Sadhanwalia
Malwa News Bureau
+91-9876071600
I like it