best platform for news and views

ਭਾਰਤ ਨੇ ਇੰਗਲੈਂਡ ਨੂੰ ਅਤੇ ਕਨੇਡਾ ਨੇ ਅਮਰੀਕਾ ਨੂੰ ਹਰਾਇਆ

Please Click here for Share This News

ਅੰਮ੍ਰਿਤਸਰ, 3 ਦਸੰਬਰ (              )-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੇ ਦੂਸਰੇ ਦਿਨ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਚ ਖੇਡੇ ਗਏ ਦੋ ਫਸਵੇਂ ਮੈਚਾਂ ਵਿਚ ਭਾਰਤ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ 36 ਦੇ ਮੁਕਾਬਲੇ 54 ਅੰਕਾਂ ਨਾਲ ਹਰਾ ਕੇ ਕੱਪ ਵਿਚ ਆਪਣੀ ਧਾਕ ਜਮਾਈ। ਜਦਕਿ ਕੈਨੇਡਾ ਅਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਹੋਈ ਟੱਕਰ ਵਿਚ ਕਨੇਡਾ ਨੇ ਇਕ ਪਾਸੜ ਮੈਚ ਖੇਡਦਿਆਂ ਅਮਰੀਕਾ ਦੀ ਟੀਮ 26 ਦੇ ਮੁਕਾਬਲੇ 53 ਅੰਕਾਂ ਨਾਲ ਹਰਾਇਆ।
ਵਿਸ਼ਵ ਕਬੱਡੀ ਕੱਪ ਦੇ ਅੰਮ੍ਰਿਤਸਰ ਵਿਚ ਖੇਡੇ ਗਏ ਮੈਚਾਂ ਦੇ ਮੁੱਖ ਮਹਿਮਾਨ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਆਸ਼ੀਰਵਾਦ ਦਿੱਤਾ। ਉਨਾਂ ਆਪਣੇ ਸੰਬੋਧਨ ਵਿਚ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਜੀ ਆਇਆਂ ਕਹਿੰਦੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਕਰਵਾਇਆ ਜਾ ਰਿਹਾ ਇਹ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਜਿੱਥੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਪ੍ਰਮੋਟ ਕਰ ਰਿਹਾ ਹੈ, ਉਥੇ ਸਾਡੇ ਬੱਚਿਆਂ ਵਿਚ ਇਸ ਦਾ ਪਿਆਰ ਵੰਡ ਰਿਹਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੱਲੋਂ ਪੰਜਾਬ ਵਿਚ ਸਿੱਖਿਆ, ਸਿਹਤ, ਖੇਡਾਂ, ਖੇਤੀ, ਉਦਯੋਗ ਆਦਿ ਹਰੇਕ ਖੇਤਰ ਵੱਲ ਤਵੱਜੋਂ ਦਿੱਤੀ ਜਾ ਰਹੀ ਹੈ ਅਤੇ ਇਹ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਵੀ ਪੰਜਾਬ ਦੇ ਖੇਡ ਸਭਿਆਚਾਰ ਨੂੰ ਉਨਤ ਕਰਨ ਵਿਚ ਵੱਡਾ ਯੋਗਦਾਨ ਪਾਵੇਗਾ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਜਿੱਥੇ ਖੇਡਾਂ ਦੇ ਖੇਤਰ ਵਿਚ ਵੱਡੇ ਇਨਾਮ ਦਿੱਤੇ ਜਾ ਰਹੇ ਹਨ, ਉਥੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉਤੇ ਰਾਜ ਦੀ ਨੁੰਮਾਇਦਗੀ ਕਰਨ ਵਾਲੇ ਖਿਡਾਰੀਆਂ ਨੂੰ ਵੱਡੇ ਅਹੁਦੇ ਦਿੱਤੇ ਜਾ ਰਹੇ ਹਨ, ਜੋ ਕਿ ਖਿਡਾਰੀਆਂ ਲਈ ਮਾਣ ਵਾਲੀ ਗੱਲ ਹੈ। ਉਨਾਂ ਇਹ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਕਰਵਾਉਣ ਲਈ ਖੇਡ ਮੰਤਰੀ ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਧੰਨਵਾਦ ਕੀਤਾ, ਉਥੇ ਅੰਮ੍ਰਿਤਸਰ ਜਿਲ•ੇ ਵਿਚ ਮੈਚਾਂ ਦੀ ਸ਼ਾਨਦਾਰ ਮਹਿਮਾਨ ਨਿਵਾਜ਼ੀ ਕਰਨ ਲਈ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਦਾ ਵਿਸ਼ੇਸ਼ ਧੰਨਵਾਦ ਕਰਦੇ ਕਿਹਾ ਕਿ ਇਨਾਂ ਦੀ ਬਦੌਲਤ ਹੀ ਇਹ ਮੈਚ ਸੰਭਵ ਹੋ ਸਕੇ ਹਨ। ਉਨਾਂ ਮੈਚ ਜਿੱਤਣ ਲਈ ਭਾਰਤ ਦੀ ਟੀਮ ਨੂੰ ਵਿਸ਼ੇਸ਼ ਤੌਰ ਉਤੇ ਵਧਾਈ ਦਿੱਤੀ।
ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਕਬੱਡੀ ਦੇ ਇਸ ਮਹਾਨ ਕੁੰਭ ਲਈ ਖੇਡ ਵਿਭਾਗ ਪੰਜਾਬ ਦਾ ਧੰਨਵਾਦ ਕਰਦੇ ਕਿਹਾ ਕਿ ਅਜਿਹੇ ਕਬੱਡੀ ਟੂਰਨਾਮੈਂਟ ਪੰਜਾਬ ਵਿਚ ਖੇਡ ਸਭਿਆਚਾਰ ਸਿਰਜਣ ਵਿਚ ਸਹਾਈ ਹੁੰਦੇ ਹਨ, ਜਿਸਦੀ ਅੱਜ ਦੇ ਦਿਨ ਵੱਡੀ ਲੋੜ ਹੈ। ਉਨਾਂ ਕਿਹਾ ਕਿ ਸਾਡੇ ਬੱਚੇ ਜੋ ਕਿ ਘਰਾਂ ਦੇ ਚੌਗਰਦਿਆਂ, ਕੰਪਿਊਟਰ ਤੇ ਮੋਬਾਈਲ ਖੇਡਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ, ਨੂੰ ਖੇਡ ਮੈਦਾਨਾਂ ਤੱਕ ਲਿਆਉਣ ਦੀ ਵੱਡੀ ਲੋੜ ਹੈ ਅਤੇ ਆਸ ਹੈ ਕਿ ਇਨਾਂ ਯਤਨਾਂ ਨਾਲ ਪੰਜਾਬ ਵਿਚ ਖੇਡ ਸਭਿਆਚਾਰ ਮੁੜ ਪਰਤੇਗਾ।
ਪਹਿਲਾ ਮੈਚ ਜੋ ਕਿ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ, ਵਿਚ ਵਿਨੈ ਖੱਤਰੀ ਨੇ 10, ਮੱਲ ਸਿੰਘ ਨੇ 9, ਨਵਜੋਤ ਜੋਤਾ ਨੇ 9, ਜਗਮੋਹਨ ਮੱਖੀ ਨੇ 7 ਅਤੇ ਕੰਵਲਜੀਤ ਨੇ 5 ਅੰਕ ਧਾਵੀ ਵਜੋਂ ਖੇਡਦੇ ਹੋਏ ਪ੍ਰਾਪਤ ਕੀਤੇ, ਜਦਕਿ ਇੰਗਲੈਂਡ ਦੀ ਟੀਮ ਦੇ ਧਾਵੀਆਂ ਗੁਰਦੀਪ ਸਿੰਘ ਦੀਪਾ ਨੇ 10, ਰਣਜੀਤ ਸਿੰਘ ਨੇ 8 ਅਤੇ ਗੁਰਚੇਤਨ ਨੇ 7 ਅੰਕ ਪ੍ਰਾਪਤ ਕੀਤੇ।
ਦੂਸਰੇ ਮੈਚ ਵਿਚ ਕਨੇਡਾ ਨੇ ਅਮਰੀਕਾ ਨੂੰ 26 ਦੇ ਮੁਕਾਬਲੇ 53 ਅੰਕਾਂ ਨਾਲ ਹਰਾਇਆ।
ਇਸ ਮੌਕੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡਾਇਰੈਕਟਰ ਖੇਡਾਂ ਸ੍ਰੀ ਸੰਜੈ ਪੋਪਲੀ,  ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ ਸਾਰੰਗਲ, ਚੇਅਰਮੈਨ ਪ੍ਰਗਟ ਸਿੰਘ ਧੁੰਨਾ, ਕਬੱਡੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਤੇ ਟੂਰਨਾਮੈਂਟ ਡਾਇਰੈਕਟਰ ਤਜਿੰਦਰ ਸਿੰਘ ਮਿੱਡੂ ਖੇੜਾ, ਹਾਕੀ ਖਿਡਾਰੀ ਤੇ ਡੀ ਸੀ ਪੀ ਸ੍ਰੀ ਗਗਨਅਜੀਤ ਸਿੰਘ, ਡੀ ਸੀ ਪੀ ਮੁਖਵਿੰਦਰ ਸਿੰਘ ਭੁੱਲਰ, ਏ ਆਈ ਜੀ ਐਸ ਟੀ ਐਫ ਸ੍ਰੀ ਰਛਪਾਲ ਸਿੰਘ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ, ਏ ਡੀ ਸੀ ਪੀ ਜੁਗਰਾਜ ਸਿੰਘ, ਏ ਡੀ ਸੀ ਪੀ ਸ੍ਰੀ ਸੰਦੀਪ ਮਲਿਕ, ਡਿਪਟੀ ਡਾਇਰੈਕਟਰ ਸ੍ਰੀ ਕਰਤਾਰ ਸਿੰਘ, ਜਿਲ•ਾ ਖੇਡ ਅਫ਼ਸਰ ਸ: ਗੁਰਲਾਲ ਸਿੰਘ ਰਿਆੜ , ਸ੍ਰੀ ਅਸ਼ਵਨੀ ਪੱਪੂ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

 

Please Click here for Share This News

Leave a Reply

Your email address will not be published. Required fields are marked *