best platform for news and views

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਅਧਿਕਾਰੀਆਂ ਨੂੰ ਈ.ਵੀ.ਐਮ. ਅਤੇ ਵੀਵੀਪੈਟ ਰਾਹੀਂ ਕੀਤੀ ਜਾਣ ਵਾਲੀ ਵੋਟਾਂ ਦੀ ਗਿਣਤੀ ਸਬੰਧੀ ਟ੍ਰੇਨਿੰਗ ਦਿੱਤੀ

Please Click here for Share This News

ਚੰਡੀਗੜ੍ਹ, 10 ਮਈ : ਭਾਰਤੀ ਚੋਣ ਕਮਿਸ਼ਨ ਵੱਲੋ ਅੱਜ ਪੰਜਾਬ ਰਾਜ ਦੇ 22 ਜ਼ਿਲ੍ਹਾ ਚੋਣ ਅਧਿਕਾਰੀਆਂ-ਕਮ-ਰਿਟਰਨਿੰਗ ਅਫਸਰਾਂ ਨੂੰ ਈ.ਵੀ.ਐਮ. ਅਤੇ ਵੀਵੀਪੈਟ ਰਾਹੀਂ ਕੀਤੀ ਜਾਣ ਵਾਲੀ ਵੋਟਾਂ ਦੀ ਗਿਣਤੀ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਹ ਟ੍ਰੇਨਿੰਗ ਭਾਰਤੀ ਚੋਣ ਕਮਿਸ਼ਨ ਦੇ ਡਾਇਰੈਕਟਰ ਸ੍ਰੀ ਨਿਖਿਲ ਕੁਮਾਰ ਅਤੇ ਵੀ.ਐਨ. ਸ਼ੁਕਲਾ ਵੱਲੋਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਦੀ ਹਾਜ਼ਰੀ ਵਿੱਚ ਦਿੱਤੀ ਗਈ। ਇਸ ਤੋਂ ਇਲਾਵਾ ਇਸ ਟ੍ਰੇਨਿੰਗ ਵਿੱਚ ਚੰਡੀਗੜ੍ਹ ਦੇ ਮੁੱਖ ਚੋਣ ਅਫਸਰ ਸ੍ਰ੍ਰੀ ਅਜੋਏ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਇਸ ਟ੍ਰੇਨਿੰਗ ਦਾ ਮਕਸਦ ਭਾਰਤੀ ਚੋਣ ਕਮਿਸ਼ਨ ਦੀਆਂ ਵੋਟਾਂ ਦੀ ਗਿਣਤੀ ਸਬੰਧੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਨਾਉਣ ਅਤੇ ਵੋਟਾਂ ਦੀ ਗਿਣਤੀ ਨੂੰ ਸੁਚਾਰੂ ਢੰਗ ਨਾਲ ਕਰਵਾਉਣਾ ਸੀ।

ਇਸ ਮੌਕੇ ਅਧਿਕਾਰੀਆਂ ਨੂੰ ਈ.ਵੀ.ਐਮ., ਵੀਵੀਪੈਟ ਮਸ਼ੀਨ ਦੀ ਵਰਤੋਂ, ਵੋਟਾਂ ਦੀ ਗਿਣਤੀ, ਪੋਸਟਲ ਬੈਲਟ ਪੇਪਰਾਂ ਦੀ ਗਿਣਤੀ, ਇਲੈਕਟ੍ਰੋਨੀਕਲੀ ਟ੍ਰਾਂਸਮਿਟਡ ਪੋਸਟਲ  ਬੈਲਟ ਸਿਸਟਮ (ਈ.ਟੀ.ਪੀ.ਬੀ.ਐਸ.) ਦੀ ਗਿਣਤੀ ਕਰਨ ਮੌਕੇ ਅਪਣਾਏ ਜਾਣ ਵਾਲੀ ਕਾਰਵਾਈ, ਕਾਊਂਟਿੰਗ ਸੈਂਟਰ ਦਾ ਬੇਸਿਕ ਇੰਫਰਾਸਟਰਕਚਰ, ਨਤੀਜੇ ਦਾ ਐਲਾਨ ਅਤੇ ਇਸ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਜਿਨ੍ਹਾਂ ਵਿੱਚ ਅੰਤਿਮ ਨਤੀਜਾ ਐਲਾਨਣ ਉਪਰੰਤ ਈ.ਵੀ.ਐਮ. ਮਸ਼ੀਨਾਂ ਨੂੰ ਸੀਲ ਕਰਨਾ ਅਤੇ ਹੋਰ ਸ਼ਾਮਲ ਹੈ।

ਸ੍ਰੀ ਵੀ.ਐਨ. ਸ਼ੁਕਲਾ ਅਤੇ ਨਿਖਿਲ ਕੁਮਾਰ ਨੇ ਟ੍ਰੇਨਿੰਗ ਸੈਸ਼ਨ ਦੌਰਾਨ ਹਾਜ਼ਰ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਪੈਣ ਉਪਰੰਤ ਗਿਣਤੀ ਸਬੰਧੀ ਕਾਰਵਾਈ ਨੂੰ ਕਿਸੇ ਵੀ ਤਰ੍ਹਾਂ ਦੀ ਗਲਤੀ ਦੀ ਸੰਭਾਵਨਾ ਨੂੰ ਖਤਮ ਕਰਕੇ ਸਫਲਤਾਪੂਰਵਕ ਨੇਪਰੇ ਚੜਾਉਣ। ਟ੍ਰੇਨਿੰਗ ਉਪਰੰਤ ਅਧਿਕਾਰੀਆਂ ਦੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।

ਇਸ ਉਪਰੰਤ ਪੰਜਾਬ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਮਾਡਲ ਕਾਊਂਟਿੰਗ ਸੈਂਟਰ ਖੂਨੀ ਮਾਜ਼ਰਾ ਦਾ ਵੀ ਦੌਰਾ ਕਰਵਾਇਆ ਗਿਆ। ਜਿਸ ਦੌਰਾਨ ਗਿਣਤੀ ਕੇਂਦਰ ਵਿੱਖੇ ਕੀਤੀ ਜਾਣ ਵਾਲੀ ਤਿੰਨ ਪਰਤੀ ਸੁਰੱਖਿਆ, ਸਟਰਾਂਗ ਰੂਮ, ਗਿਣਤੀ ਕੇਂਦਰ ਵਿੱਚ ਟੇਬਲਾਂ ਦੀ ਗਿਣਤੀ, ਵੀਵੀਪੈਟ ਕਾਊਂਟਿੰਗ ਚੈਂਬਰ, ਕਾਊਂਟਿੰਗ ਏਜੰਟਾਂ ਨੂੰ ਪਾਸ ਦੇਣ ਅਤੇ ਅੰਦਰ ਆਉਣ ਜਾਣ ਦੀ ਪ੍ਰੀਕ੍ਰਿਆ ਅਤੇ ਹਰੇਕ ਵਿਧਾਨ ਸਭਾ ਹਲਕੇ ਦੀਆਂ 5 ਵੀਵੀਪੈਟ ਦੀਆਂ ਸਲੀਪਾਂ ਦੀ ਗਿਣਤੀ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਅਤੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਮੁੱਖ ਚੋਣ ਅਫਸਰ ਪੰਜਾਬ ਸ੍ਰੀਮਤੀ ਕਵਿਤਾ ਸਿੰਘ ਅਤੇ ਐਡੀਸ਼ਨਲ ਮੁੱਖ ਚੋਣ ਅਫਸਰ ਸ੍ਰੀ ਸੀਬਨ ਸੀ. ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *