best platform for news and views

ਭਾਜਪਾ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਹੀ ਨਹੀਂ- ਸੁਖਪਾਲ ਸਿੰਘ ਖਹਿਰਾ

Please Click here for Share This News

ਚੰਡੀਗੜ/ਗੁਰਦਾਸਪੁਰ, : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜਾਬ ਵਿਰੋਧੀ ਰਵੱਈਏ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ‘ਚ ਰਾਜ ਕਰ ਰਹੀ ਭਾਜਪਾ ਦਾ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਕੋਈ ਲੈਣਾ ਦੇਣਾ ਨਹੀਂ।
ਸੁਖਪਾਲ ਸਿੰਘ ਖਹਿਰਾ ਅੱਜ ਗੁਰਦਾਸਪੁਰ ਤੋਂ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਕੁਮਾਰ ਖਜੂਰੀਆ ਦੇ ਹੱਕ ਵਿਚ ਡੇਰਾ ਬਾਬਾ ਨਾਨਕ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਅਤੇ ਟੀਮ ਵੱਲੋਂ ਆਯੋਜਿਤ ਪ੍ਰਭਾਵਸ਼ਾਲੀ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ।
ਖਹਿਰਾ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਨਾਲ ਵਿਤਕਰਾ ਕਰਦੇ ਹੋਏ 1999 ‘ਚ ਗੁਆਂਢੀ ਪਹਾੜੀ ਰਾਜਾਂ ਦੀ ਇੰਡਸਟਰੀ ਨੂੰ ਵਿਸ਼ੇਸ਼ ਟੈਕਸ ਛੋਟਾਂ (ਟੈਕਸ ਹਾਲੀਡੇ) ਦੇ ਕੇ ਪੰਜਾਬ ਦੀ ਇੰਡਸਟਰੀ ਨੂੰ ਉਜਾੜੇ ਦੇ ਰਾਹ ਪਾ ਦਿੱਤਾ ਸੀ। ਹੁਣ ਉਨ੍ਹਾਂ ਛੋਟਾਂ ਨੂੰ 10 ਸਾਲਾਂ ਤੱਕ ਹੋਰ ਵਧਾ ਕੇ ਪੰਜਾਬ ਅੰਦਰੋਂ ਇੰਡਸਟਰੀ ਤੇ ਵਪਾਰ ਦੀਆਂ ਬਚੀਆਂ-ਖਚੀਆਂ ਜੜਾਂ ਵੀ ਪੁੱਟ ਦਿੱਤੀਆਂ ਹਨ। ਪੰਜਾਬ ਦੇ ਉਦਯੋਗਪਤੀਆਂ ਵਪਾਰੀਆਂ ਅਤੇ ਸੂਬੇ ਦੀ ਆਰਥਿਕਤਾ ਨੂੰ ਵੱਡੀ ਸੱਟ ਵੱਜੀ ਹੈ। ਇਕੱਲੇ ਬਟਾਲਾ ਖੇਤਰ ਵਿਚ 2500 ਤੋਂ ਵੱਧ ਫਰਨਿਸ ਅਤੇ ਹੋਰ ਉਦਯੋਗਿਕ ਇਕਾਈਆਂ ਬੰਦ ਹੋ ਗਈਆਂ। ਧਾਰੀਵਾਲ ਦੀ ਵਿਸ਼ਵ ਪ੍ਰਸਿੱਧੀ ਵਾਲੀ ਵੂਲਨ ਮਿੱਲ ਅਤੇ ਲੋਹੇ ਦੀ ਨਗਰੀ ਵਜੋਂ ਜਾਣੀ ਜਾਂਦੀ ਮੰਡੀ ਗੋਬਿੰਦਗੜ੍ਹ ਪੂਰੀ ਤਰ੍ਹਾਂ ਉੱਜੜ ਗਈ। ਲੱਖਾਂ ਦੀ ਗਿਣਤੀ ਵਿਚ ਬੇਕਾਰੀ ਅਤੇ ਬੇਰੁਜ਼ਗਾਰੀ ਫੈਲ ਗਈ। ਜਿਸ ਲਈ ਨਾ ਕੇਵਲ ਭਾਜਪਾ ਬਲਕਿ ਇਸ ਦਾ ਭਾਈਵਾਲ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੀ ਬਰਾਬਰ ਦੇ ਜ਼ਿੰਮੇਵਾਰ ਹਨ। ਖਹਿਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੀਆਂ ਵਜੀਰੀਆਂ ਖਾਤਰ ਹਮੇਸ਼ਾ ਪੰਜਾਬ ਦੇ ਹਿਤ ਦਾਅ ‘ਤੇ ਲਗਾਏ ਹਨ। ਪਹਾੜੀ ਰਾਜਾਂ ਨੂੰ ਵਿਸ਼ੇਸ਼ ਛੋਟਾਂ ਇਸ ਦੀ ਜਿੰਦਾ ਮਿਸਾਲ ਹੈ। ਇਸੇ ਤਰ੍ਹਾਂ ਡਾ. ਮਨਮੋਹਨ ਸਿੰਘ ਦੀ ਅਗਵਾਈ ਥੱਲੇ 10 ਸਾਲ ਕੇਂਦਰ ‘ਚ ਸੱਤਾ ਚਲਾਉਣ ਵਾਲੀ ਕਾਂਗਰਸ ਨੇ ਪਹਾੜੀ ਰਾਜਾਂ ਦੀ ਤਰਜ਼ ‘ਤੇ ਪੰਜਾਬ ਦੀ ਇੰਡਸਟਰੀ ਨੂੰ ਟੈਕਸ ਹਾਲੀਡੇ ਨਹੀਂ ਦਿੱਤਾ ਅਤੇ ਨਾ ਹੀ ਪਹਾੜੀ ਰਾਜਾਂ ਨੂੰ ਮਿਲਦੀਆਂ ਛੋਟਾਂ ਖਤਮ ਕੀਤੀਆਂ।
ਇਸ ਮੌਕੇ ਗੜਸ਼ੰਕਰ ਹਲਕੇ ਤੋਂ ਵਿਧਾਨ ਸਭਾ ਚੋਣ ਲਈ ਸੁੱਚਾ ਸਿੰਘ ਛੋਟੇਪੁਰ ਦੀ ਅਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਸੁਰਜੀਤ ਸਿੰਘ ਰੰਧਾਵਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ।
ਪ੍ਰਿੰਸੀਪਲ ਸੁਰਜੀਤ ਸਿੰਘ ਰੰਧਾਵਾ ਦਾ ਮੇਜਰ ਜਨਰਲ ਖਜੂਰੀਆ, ਵਿਧਾਇਕ ਜਗਦੇਵ ਸਿੰਘ ਕਮਾਲੂ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਜੋਗਿੰਦਰ ਸਿੰਘ ਛੀਨਾ ਸਮੇਤ ਹੋਰ ਸਥਾਨਕ ਆਗੂਆਂ ਨੇ ਜ਼ੋਰਦਾਰ ਸਵਾਗਤ ਕੀਤਾ।

Please Click here for Share This News

Leave a Reply

Your email address will not be published. Required fields are marked *