best platform for news and views

ਭਗਵੰਤ ਮਾਨ ਕਲਾਕਾਰ ਦੇ ਨਾਲ-ਨਾਲ ਚੰਗਾ ਡਰਾਮੇਬਾਜ਼ ਵੀ ਹੈ – ਰਾਜਾ ਵੜਿੰਗ

Please Click here for Share This News

ਪ੍ਰਵੀਨ ਗਰਗ

ਧੂਰੀ : ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦਲਵੀਰ ਸਿੰਘ ਗੋਲਡੀ ਖੰਗੂੜਾ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ੍ਰ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੋਲਡੀ ਖੰਗੂੜਾਂ ਇੱਕ ਸਧਾਰਨ ਪਰਿਵਾਰ ਨਾਲ ਸਬੰਧਤ ਹੈ ਜਿਸ ਨੇ ਪਾਰਟੀ ਵਿੱਚ ਆਪਣੀ ਅਲਹਿਦਾ ਪਹਿਚਾਣ ਬਣਾ ਕੇ ਆਪਣੀ ਕਾਬਲੀਅਤ ਨਾਲ ਟਿਕਟ ਹਾਸਲ ਕੀਤੀ ਹੈ । ਉਹਨਾਂ ‘ਆਪ’ ਆਗੂ ਭਗਵੰਤ ਮਾਨ ਬਾਰੇ ਕਰਾਰਾ ਪ੍ਰਹਾਰ ਕਰਦਿਆਂ ਕਿਹਾ ਕਿ ਭਗਵੰਤ ਮਾਨ ਇੱਕ ਕਲਾਕਾਰ ਹੈ ਜਿਸ ਵੱਲੋਂ ਪਰਿਵਾਰ ਨੂੰ ਛੱਡਣਾ ਮਹਿਜ ਇੱਕ ਡਰਾਮੇਬਾਜ਼ੀ ਹੈ, ਇਹ ਵਿਅਕਤੀ ਤਾਂ ਪਰਿਵਾਰ ਵਿੱਚ ਰਹਿਣ ਲਾਇਕ ਹੀ ਨਹੀਂ ਹੈ। ਭਗਵੰਤ ਮਾਨ ਵੱਲੋਂ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਰਾਬ ਪੀਣ ਦੇ ਮਾਮਲੇ ਉਪੱਰ ਉਹਨਾਂ ਕਿਹਾ ਕਿ ਜੇਕਰ ਇਹ ਵਿਅਕਤੀ ਸੱਚਾ ਹੁੰਦਾ ਤਾਂ ਪ੍ਰੋਗਰਾਮ ਛੱਡ ਕੇ ਜਾਣ ਦੀ ਬਜਾਏ ਉਸੇ ਵਕਤ ਮੈਡੀਕਲ ਕਰਵਾਉਂਦਾ, ਨਾਲੇ ਜੋ ਵਿਅਕਤੀ ਖੁਦ ਹੀ ਨਸ਼ਾ ਕਰਦਾ ਹੈ, ਉਹ ਪੰਜਾਬ ਦੇ ਲੋਕਾਂ ਨਾਲ ਨਸ਼ੇ ਦਾ ਖਾਤਮਾ ਕਰਨ ਵਰਗੇ ਵਾਅਦੇ ਕਰਕੇ ਖਿਲਵਾੜ ਕਰ ਰਿਹਾ ਹੈ । ਉਹਨਾਂ ਲੰਬੀ ਵਿਖੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਉੱਪਰ ਸੁੱਟੀ ਗਈ ਜੁੱਤੀ ਦੀ ਨਿੰਦਾਂ ਕਰਦਿਆਂ ਕਿਹਾ ਕਿ ਹੁਣ ਬਦਲਾ ਜੁੱਤੀ ਨਾਲ ਨਹੀਂ, ਸਗੋਂ ਵੋਟ ਨਾਲ ਲੈਣ ਦਾ ਸਮਾਂ ਆ ਗਿਆ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਮੈਡੀਕਲ, ਕੈਮੀਕਲ ਨਸ਼ੇ ਦੇ ਆਦੀ ਬਨਾਉਣ ਦਾ ਦੋਸ਼ ਲਗਾਉਂਦਿਆਂ ਕਰੜੇ ਸ਼ਬਦਾਂ ‘ਚ ਨਿੰਦਾ ਕੀਤੀ ਅਤੇ ਬੇਹਦ ਦੁੱਖ ਜਾਹਰ ਕੀਤਾ । ਉਹਨਾਂ ਕਿਹਾ ਕਿ ਬਾਦਲ ਸਰਕਾਰ ਨੇ ਆਪਣੇ ਆਪ ਨੂੰ ਪੰਥ ਦਾ ਮੁਦਈ ਕਹਿ ਕੇ ਲੋਕਾਂ ਤੋਂ ਵੋਟਾਂ ਵਟੋਰੀਆਂ, ਪਰੰਤੂ ਬਰਗਾੜੀ ਵਰਗੇ ਹੋਰ ਥਾਂਵਾਂ ਤੇ ਹੋਏ ਬੇਅਦਬੀ ਕਾਂਡ ਪ੍ਰਤੀ ਬਾਦਲ ਪਰਿਵਾਰ ਨੇ ਕਦੇ ਵੀ ਹਾਅ ਦਾ ਨਾਅਰਾ ਨਹੀਂ ਭਰਿਆ।  ਉਹਨਾਂ ਗੋਲਡੀ ਖੰਗੂੜਾ ਉਪੱਰ ਸ਼੍ਰੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਆਸ਼ੀਰਵਾਦ ਹੋਣ ਦੀ ਗੱਲ ਕਰਦਿਆਂ ਇਸ ਹਲਕੇ ਤੋਂ ਪਾਰਟੀ ਦੀ ਵੱਡੀ ਜਿੱਤ ਦਾ ਦਾਅਵਾ ਵੀ ਕੀਤਾ। ਇਸ ਮੌਕੇ ਕਾਂਗਰਸੀ ਉਮੀਦਵਾਰ ਗੋਲਡੀ ਖੰਗੂੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਹਲਕੇ ਤੋਂ ਬਾਹਰਲੇ ਉਮੀਦਵਾਰਾਂ ਨੂੰ ਚੋਣ ਲੜਾਉਣਾ ਹਲਕੇ ਦੇ ਲੋਕਾਂ ਦੀ ਕਾਬਲੀਅਤ ਉੱਪਰ ਸਵਾਲੀਆ ਚਿੰਨ ਲਗਾਉਂਦਾ ਹੈ । ਉਹਨਾਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਹਲਕੇ ਦੇ ਲੋਕਾਂ ਦੀ ਸੇਵਾ ਕਰਕੇ ਗੁਜਾਰਣਾ ਚਾਹੁੰਦਾ ਹਾਂ। ਉਹਨਾਂ ਕਿਹਾ ਕਿ ਜੇਕਰ ਮੈਂ ਵੀ ਭਗਵੰਤ ਮਾਨ ਵਾਂਗੂੰ ਚੋਣਾਂ ਤੋਂ ਬਾਅਦ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਉਣ ਵਿੱਚ ਨਾਕਾਮ ਰਿਹਾ ਤਾਂ ਜਨਤਾ ਮੈਂਨੂੰ ਚੌਕ ਵਿੱਚ ਖੜਾ ਕੇ ਜੁੱਤੀ ਮਾਰੇ  ਜਾਂ ਕੋਈ ਵੀ ਸਜ਼ਾ ਦੇਵੇ, ਮੈਨੂੰ ਮੰਨਜੂਰ ਹੋਵੇਗੀ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਜਿੱਤਣ ਤੋਂ ਬਾਅਦ ਕਦੇ ਧੂਰੀ ਹਲਕੇ ਵਿੱਚ ਪੈਰ ਨਹੀਂ ਰੱਖਿਆ ਬਲਕਿ ਤਿੰਨ ਸਾਲਾਂ ਬਾਅਦ ਅਗਾਮੀ ਚੋਣਾਂ ਕਰਕੇ ਹੀ ਰੋਡ-ਸ਼ੋਅ ਲਈ ਇੱਥੇ ਪਹੁੰਚਿਆ ਸੀ। ਇਸ ਮੌਕੇ ਯੂਥ ਆਗੂ ਸਿਮਰਤ ਖੰਗੂੜਾ, ਸੁਰਿੰਦਰ ਕੁਮਾਰ ਬਾਂਗਰੂ, ਸੰਦੀਪ ਤਾਇਲ, ਅਸ਼ਵਨੀ ਧੀਰ, ਸੰਜੀਵ ਕੁਮਾਰ (ਚਾਰੋਂ ਕੌਂਸਲਰ), ਸੂਬਾ ਸਕੱਤਰ ਨਰੇਸ਼ ਕੁਮਾਰ ਮੰਗੀ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਜਿੰਦਲ, ਸ਼ਸ਼ੀ ਭੂਸ਼ਨ, ਵਿਨੋਦ ਗਰਗ, ਆਲਇੰਡੀਆ ਐਫ.ਸੀ.ਆਈ. ਇੰਮਪਲਾਈਜ਼ ਦੇ ਪ੍ਰਧਾਨ ਐਸ.ਐਸ.ਚੱਠਾ, ਸਿਟੀ ਵਪਾਰ ਮੰਡਲ  ਦੇ ਪ੍ਰਧਾਨ ਅਮਰਜੀਤ ਸਿੰਘ ਕੋਹਲੀ, ਗੁਰਚਰਨ ਸਿੰਘ ਸਾਬਕਾ ਐਮ.ਸੀ., ਵਿਕਰਾਂਤ ਚੱਠਾ, ਰੋਮੀ ਸਿੰਗਲਾ, ਅਜੈਬ ਸਿੰਘ ਸਰਪੰਚ ਬੇਨੜਾ, ਜਾਗ ਸਿੰਘ ਸਾਬਕਾ ਸਰਪੰਚ ਭੁੱਲਰਹੇੜੀ, ਅੱਛਰਾ ਸਿੰਘ ਭਲਵਾਨ, ਗੁਰਜੰਟ ਸਿੰਘ ਸੋਹੀ, ਨਾਦਰ ਅਲ਼ੀ ਭੱਟੀ, ਦੀਪਕ ਸੌਫਤ, ਗਿਆਨ ਸਿੰਘ, ਮਾਨ ਗਰੇਵਾਲ, ਯਾਦਵਿੰਦਰ ਸਿੰਘ ਗੁੱਡੂ, ਜੀਵਨ ਲਾਲ ਪੱਪੀ ਅਤੇ ਨਵੀਨ ਸੇਠ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

ਤਸਵੀਰ:- ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ੍ਰ. ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਨਾਲ ਗੋਲਡੀ ਖੰਗੂੜਾ ਤੇ ਹੋਰ ਅਤੇ ਹਾਜਰ ਇੱਕਠ ਦੀ ਤਸਵੀਰ। (ਪ੍ਰਵੀਨ ਗਰਗ)

Please Click here for Share This News

Leave a Reply

Your email address will not be published. Required fields are marked *