ਚੰਡੀਗੜ੍ਹ, 2 ਦਸੰਬਰ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਸੂਬੇ ਦੇ ਯੋਗ ਨੌਜਵਾਨਾਂ ਨੂੰ ਸਾਜ਼ਿਸ਼ ਤਹਿਤ ਸਰਕਾਰੀ ਨੌਕਰੀ ਤੋਂ ਵਾਂਝਾ ਰੱਖਣ ਦਾ ਦੋਸ਼ ਲਗਾਉਂਦੇ ਹੋਏ ਮੰਗ ਕੀਤੀ ਕਿ ਬੀਐਡ-ਟੈਟ ਪਾਸ ਉਮੀਦਵਾਰਾਂ ਲਈ ਬੀ.ਏ. ‘ਚ 55 ਪ੍ਰਤੀਸ਼ਤ ਅੰਕਾਂ ਵਾਲੀ ਬੇਤੁਕੀ ਸ਼ਰਤ ਤੁਰੰਤ ਖ਼ਤਮ ਕੀਤੇ ਜਾਵੇ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਆਈ.ਏ.ਐਸ ਅਤੇ ਪੀਸੀਐਸ ਅਫ਼ਸਰਾਂ ਲਈ ਬੀ.ਏ. ‘ਚ 50 ਪ੍ਰਤੀਸ਼ਤ ਸ਼ਰਤ ਹੈ, ਪਰੰਤੂ ਅਧਿਆਪਕਾਂ ਲਈ ਇਹ ਸ਼ਰਤ 55 ਪ੍ਰਤੀਸ਼ਤ ਕਰਨਾ ਸਰਾਸਰ ਸ਼ਰਾਰਤ ਅਤੇ ਬੇਇਨਸਾਫ਼ੀ ਹੈ। ਜਦਕਿ ਇਹ ਉਮੀਦਵਾਰ ਬੀ.ਐਡ ਅਤੇ ਟੈਟ ਪਾਸ ਕਰਕੇ ਆਪਣੀ ਮੈਰਿਟ ਪਹਿਲਾਂ ਹੀ ਸਾਬਤ ਕਰ ਚੁੱਕੇ ਹਨ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇਹ ਸ਼ਰਤ ਪਹਿਲਾਂ ਐਸਸੀ ਉਮੀਦਵਾਰਾਂ ਲਈ 45 ਪ੍ਰਤੀਸ਼ਤ ਅਤੇ ਜਨਰਲ ਵਰਗ ਲਈ 50 ਪ੍ਰਤੀਸ਼ਤ ਸੀ, ਜਿਸ ਨੂੰ ਵਧਾ ਕੇ 55 ਪ੍ਰਤੀਸ਼ਤ ਕਰਨ ਦੀ ਸ਼ਰਤ ਬਿਲਕੁਲ ਬੇਤੁਕੀ ਅਤੇ ਯੋਗ ਉਮੀਦਵਾਰਾਂ ਨੂੰ ਨੌਕਰੀ ਤੋਂ ਵਾਂਝਾ ਰੱਖਣ ਦੀ ਸਾਜ਼ਿਸ਼ ਹੈ।
ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਪਣੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਮੁਤਾਬਿਕ ਆਪਣੀ ਇਸ ਤੁਗ਼ਲਕੀ ਸ਼ਰਤ ਨੂੰ ਨਹੀਂ ਹਟਾਉਂਦੀ ਤਾਂ 2022 ‘ਚ ‘ਆਪ’ ਦੀ ਸਰਕਾਰ ਪਹਿਲ ਦੇ ਆਧਾਰ ‘ਤੇ ਇਹ ਸ਼ਰਤ ਖ਼ਤਮ ਕਰੇਗੀ ਅਤੇ ਇਸ ਨਿਕੰਮੀ ਸਰਕਾਰ ਕਾਰਨ ਯੋਗਤਾ ਦੇ ਬਾਵਜੂਦ ਨੌਕਰੀ ਲਈ ਓਵਰਏਜ ਹੋਏ ਉਮੀਦਵਾਰਾਂ ਨੂੰ ਵਧੀ ਉਮਰ ਦੀ ਛੋਟ ਵੀ ਦੇਵੇਗੀ।