best platform for news and views

ਬਿਊਰੋਕਰੇਟਾਂ ਦੀ ਰਾਜਨੀਤੀ ਵਿਚ ਘੁਸਪੈਠ ਨੇ ਯੂਥ ਨੇਤਾਵਾਂ ਦਾ ਭਵਿੱਖ ਕੀਤਾ ਧੁੰਦਲਾ

Please Click here for Share This News

ਦਵਿੰਦਰ ਪਾਲ
ਚੰਡੀਗੜ੍ਹ : ਪੰਜਾਬ ਦੀ ਸਰਗਰਮ ਸਿਆਸਤ ਵਿੱਚ ਥਾਂ ਬਣਾਉਣ ਲਈ ਅਫਸਰਾਂ ਵੱਲੋਂ ਹੁਣ ਵਧੇਰੇ ਰੁਚੀ ਦਿਖਾਈ ਜਾਣ ਲੱਗੀ ਹੈ। ਅਫਸਰਸ਼ਾਹੀ ਵਿੱਚ ਵਧ ਰਹੇ ਇਸ ਰੁਝਾਨ ਨਾਲ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਲਈ ਸਿਆਸੀ ਪਾਰਟੀਆਂ ਦੇ ਵਰਕਰਾਂ ਵਜੋਂ ਕੰਮ ਕਰ ਰਹੇ ਰਾਜਸੀ ਆਗੂਆਂ ਵਿੱਚ ਅਸੁਰੱਖਿਆ ਦੀ ਭਾਵਨਾ ਹੀ ਪੈਦਾ ਨਹੀਂ ਹੋ ਰਹੀ ਸਗੋਂ ਸੱਤਾ ਦੇ ਨੇੜੇ ਰਹੇ ਅਫ਼ਸਰਾਂ ਦੇ ਇਸ ਰੁਝਾਨ ਕਰਕੇ ਕਾਰਜਕਰਨੀ ਦੇ ਕੰਮ-ਢੰਗ ’ਤੇ ਵੀ ਸਵਾਲੀਆ ਨਿਸ਼ਾਨ ਲੱਗਣ ਲੱਗਿਆ ਹੈ। ਪੰਜਾਬ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ (‘ਆਪ’) ਵਿੱਚ ਅਜਿਹੇ ਅਫ਼ਸਰਾਂ ਦੀ ਇਸ ਵੇਲੇ ਵੱਡੀ ਗਿਣਤੀ ਹੈ, ਜੋ ਤਿੰਨ ਦਹਾਕੇ ਦਾ ਸਮਾਂ ਰਾਜ ਪ੍ਰਬੰਧ ਦਾ ਹਿੱਸਾ ਰਹਿਣ ਤੋਂ ਬਾਅਦ ਸਿਆਸੀ ਪ੍ਰਬੰਧ ਦਾ ਹਿੱਸਾ ਬਣਨ ਲਈ ਪਰ ਤੋਲ ਰਹੇ ਹਨ। ਇਨ੍ਹਾਂ ਪਾਰਟੀਆਂ ਵਿੱਚ ਸਰਗਰਮ ਦੋ ਦਰਜਨ ਦੇ ਕਰੀਬ ਅਫ਼ਸਰਾਂ ਵੱਲੋਂ ਸਿਆਸੀ ਇੱਛਾ ਸ਼ਕਤੀ ਦਾ ਮੁਜ਼ਾਹਰਾ ਕੀਤਾ ਜਾ ਚੁੱਕਿਆ ਹੈ ਅਤੇ ਦਰਜਨ ਦੇ ਕਰੀਬ ਚੋਣ ਮੈਦਾਨ ਵਿੱਚ ਵੀ ਉਤਰੇ ਹੋਏ ਹਨ। ਸੱਤਾ ਦੇ ਗਲਿਆਰਿਆਂ ਤੱਕ ਪਹੁੰਚਣਾ ਤੇ ਜਨ ਪ੍ਰਤੀਨਿਧ ਬਣਨਾ ਭਾਵੇਂ ਬਹੁਤ ਘੱਟ ਅਫ਼ਸਰਾਂ ਨੂੰ ਨਸੀਬ ਹੁੰਦਾ ਹੈ ਫਿਰ ਵੀ ਪੰਜਾਬ ਕਾਡਰ ਦੇ ਆਈਏਐਸ, ਆਈਪੀਐਸ, ਸੂਬਾਈ ਕਾਡਰ ਦੇ ਪੀਸੀਐਸ, ਪੀਪੀਐਸ ਤੇ ਵਿਭਾਗਾਂ ਵਿੱਚ ਅਹਿਮ ਅਹੁਦਿਆਂ ’ਤੇ ਤਾਇਨਾਤ ਰਹਿਣ ਵਾਲੇ ਅਫਸਰ ਸੇਵਾਮੁਕਤੀ ਤੋਂ ਬਾਅਦ ਜਾਂ ਅਗਾਊਂ ਸੇਵਾਮੁਕਤੀ ਲੈ ਕੇ ਵਿਧਾਇਕ ਬਣਨ ਦੀ ਇੱਛਾ ਪਾਲੀ ਬੈਠੇ ਹਨ।
ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਮੱਧ ਪ੍ਰਦੇਸ਼ ਕਾਡਰ ਨਾਲ ਸਬੰਧਤ ਆਈਏਐਸ  ਡਾ. ਅਮਰ ਸਿੰਘ ਨੂੰ ਰਾਏਕੋਟ, ਮੋਗਾ ਦੇ ਡਿਪਟੀ ਕਮਿਸ਼ਨਰ ਰਹੇ ਕੁਲਦੀਪ ਸਿੰਘ ਵੈਦ ਨੂੰ ਗਿੱਲ ਅਤੇ ਦੋ ਵਾਰੀ ਵਿਧਾਇਕ ਰਹੇ ਅਜੈਬ ਸਿੰਘ ਭੱਟੀ ਨੂੰ ਮਲੋਟ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਰਹੇ ਆਈਏਐਸ ਦਰਬਾਰਾ ਸਿੰਘ ਗੁਰੂ ਨੂੰ ਬਸੀ ਪਠਾਣਾਂ, ਪੀਸੀਐਸ ਆਰ.ਐਸ. ਕਲੇਰ ਨੂੰ ਨਿਹਾਲ ਸਿੰਘ ਵਾਲਾ ਤੋਂ ਟਿਕਟ ਦਿੱਤੀ ਗਈ ਹੈ ਅਤੇ ਮੁਹਾਲੀ ਦੇ ਸਾਬਕਾ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੂੰ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਹੀ ਟਿਕਟ ਦਿੱਤੇ ਜਾਣ ਦੇ ਆਸਾਰ ਹਨ। ਭਾਜਪਾ ਤੋਂ ਸੋਮ ਪ੍ਰਕਾਸ਼ ਆਈਏਐਸ ਇਸ ਸਮੇਂ ਵੀ ਵਿਧਾਇਕ ਹਨ ਅਤੇ ਉਹ ਮੁੜ ਤੋਂ ਟਿਕਟ ਲੈਣ ਲਈ ਜੱਦੋਜਹਿਦ ਕਰ ਰਹੇ ਹਨ। ਆਮ ਆਦਮੀ ਪਾਰਟੀ (ਆਪ) ਨੇ ਟਿਕਟਾਂ ਘੱਟ ਦਿੱਤੀਆਂ ਹਨ ਪਰ ਇਸ ਪਾਰਟੀ ’ਚ ਸਰਗਰਮ ਅਫ਼ਸਰਾਂ ਦੀ ਗਿਣਤੀ ਜ਼ਿਆਦਾ ਹੈ। ‘ਆਪ’ ਨੇ ਪਹਿਲਵਾਨ ਤੇ ਆਈਪੀਐਸ ਰਹੇ ਕਰਤਾਰ ਸਿੰਘ ਨੂੰ ਤਰਨ ਤਾਰਨ ਅਤੇ ਸਾਬਾਕਾ ਪੀਪੀਐਸ ਤੇ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਨੂੰ ਸੁਲਤਾਨਪੁਰ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਉਂਜ ਹਰਕੇਸ਼ ਸਿੰਘ ਸਿੱਧੂ, ਜਸਵੀਰ ਸਿੰਘ ਬੀਰ ਪਾਰਟੀ ਵੱਚ ਸਰਗਰਮ ਹਨ। ਕਈ ਅਫ਼ਸਰਾਂ ਨੇ ਦਾਲ ਗਲਦੀ ਨਾ ਦੇਖ ‘ਆਪ’ ਤੋਂ ਕਿਨਾਰਾ ਵੀ ਕਰ ਲਿਆ ਸੀ।
ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ, ਜੋ 2012 ਦੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਲੜੇ ਸਨ, ਇਸ ਵੇਲੇ ਭਾਜਪਾ ’ਚ ਸਰਗਰਮ ਹਨ। ਇਸੇ ਤਰ੍ਹਾਂ ਸੇਵਾ ਮੁਕਤ ਪੀਪੀਐਸ ਇਕਬਾਲ ਸਿੰਘ ਵੀ ਭਾਜਪਾ ’ਚ ਹੀ ਹਨ। ਪੰਜਾਬ ਪੁਲੀਸ ਦੇ ਮੁਖੀ ਰਹੇ ਪ੍ਰੀਤਮ ਸਿੰਘ ਭਿੰਡਰ ਨੇ 2007 ਵਿੱਚ ਕਾਂਗਰਸ ਦੀ ਟਿਕਟ ’ਤੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਜ਼ਰੂਰ ਲੜੀ ਸੀ ਪਰ ਹਾਰ ਜਾਣ ਤੋਂ ਬਾਅਦ ਇਸ ਅਧਿਕਾਰੀ ਨੇ ਸਿਆਸਤ ਤੋਂ ਹੀ ਪਾਸਾ ਵੱਟ ਲਿਆ। ਸ਼੍ਰੋਮਣੀ ਅਕਾਲੀ ਦਲ ਦੀ ਹੀ ਟਿਕਟ ’ਤੇ 2012 ਵਿੱਚ ਲਹਿਰਾਗਾਗਾ ਤੋਂ ਚੋਣ ਲੜਨ ਵਾਲੇ ਪੰਚਾਇਤ ਵਿਭਾਗ ਦੇ ਅਫ਼ਸਰ ਸੁਖਵੰਤ ਸਿੰਘ ਸਰਾਉਂ ਨੂੰ ਬਾਦਲ   ਸਰਕਾਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਵਿੱਚ ਮੈਂਬਰ ਨਿਯੁਕਤ ਕਰ ਦਿੱਤਾ। ਸੇਵਾਮੁਕਤ ਆਈਪੀਐਸ ਸੁਰਿੰਦਰ ਸਿੰਘ ਸੋਢੀ ‘ਆਪ’ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ। ਟੀ.ਆਰ. ਸਾਰੰਗਲ ਕਾਂਗਰਸ ’ਚ ਸਰਗਰਮ ਹਨ।

(we are thankful to punjabi tribune)

Please Click here for Share This News

Leave a Reply

Your email address will not be published.