best platform for news and views

ਬਾਦਲ ਵੱਲੋਂ ਪੰਜਾਬੀਆਂ ਨੂੰ ਆਪਣੇ ਤੇ ਬੇਗਾਨੇ ਦੀ ਪਛਾਣ ਕਰਨ ਦਾ ਸੱਦਾ

Please Click here for Share This News

ਮਾਨਸਾ/ਬੁਢਲਾਡਾ : ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀਆਂ ਦੁਸ਼ਮਣ ਪਾਰਟੀਆਂ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਆਪਣੇ ਤੇ ਬੇਗਾਨੇ ਦੀ ਪਛਾਣ ਕਰਨ ਦਾ ਸੱਦਾ ਦਿੱਤਾ, ਤਾਂ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੀ ਵਾਗਡੋਰ ਸਹੀ ਹੱਥਾਂ ਵਿੱਚ ਦਿੱਤੀ ਜਾ ਸਕੇ।
ਅੱਜ ਬੁਢਲਾਡਾ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਸ. ਬਾਦਲ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਵਾਇਆ ਹੋਵੇ, ਦਿੱਲੀ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਕਤਲ ਕਰਵਾਇਆ ਹੋਵੇ ਅਤੇ ਪੰਜਾਬ ਦੇ ਬਣਦੇ ਹੱਕ ਦੇਣ ਤੋਂ ਹਮੇਸ਼ਾ ਟਾਲਾ ਵੱਟਿਆ ਹੋਵੇ, ਉਹ ਦੁਸ਼ਮਣ ਪਾਰਟੀ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ। ਕਾਂਗਰਸ ਨੇ ਮੁਲਕ ਵਿੱਚ ਲੰਮਾ ਸਮਾਂ ਸੱਤਾ ਦਾ ਸੁਖ ਭੋਗਿਆ ਪਰ ਇਸ ਪਾਰਟੀ ਨੇ ਪੰਜਾਬ ਨਾਲ ਆਰਥਿਕ, ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਬੇਇਨਸਾਫੀ ਅਤੇ ਧੱਕੇਸ਼ਾਹੀ ਕੀਤੀ। ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਨ ਵਾਲੀ ਪਾਰਟੀ ਹੈ ਜੋ ਸਦਾ ਹੀ ਪੰਜਾਬੀਆਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਜਦੋ-ਜਹਿਦ ਕਰਦਾ ਆ ਰਿਹਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿਰੋਧੀ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਕੇਜਰੀਵਾਲ  ਨੂੰ ਨਾ ਤਾਂ ਪੰਜਾਬ ਦੇ ਮਸਲਿਆਂ ਦੀ ਸਮਝ ਹੈ ਅਤੇ ਨਾ ਹੀ ਉਸ ਨੂੰ ਇੱਥੋਂ ਦੇ ਲੋਕਾਂ ਦੀਆਂ ਲੋੜਾਂ ਬਾਰੇ ਪਤਾ ਹੈ। ਉਨ•ਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਕੋਈ ਏਜੰਡਾ ਨਹੀਂ ਸਗੋਂ ਪੰਜਾਬੀਆਂ ਨੂੰ ਫੋਕੇ ਨਾਅਰਿਆਂ ਨਾਲ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਫੋਕੇ ਨਾਅਰਿਆਂ ਨਾਲ ਸਰਕਾਰਾਂ ਨਹੀਂ ਚਲਦੀਆਂ ਸਗੋਂ ਸੂਬੇ ਦੇ ਵਿਕਾਸ ਲਈ ਏਜੰਡੇ ਤੈਅ ਕਰਨੇ ਪੈਂਦੇ ਹਨ ਅਤੇ ਲੋਕਾਂ ਵਿੱਚ ਜਾ ਕੇ ਉਨ•ਾਂ ਦੀ ਦੁੱਖ-ਤਕਲੀਫਾਂ ਦੂਰ ਕਰਨ ਲਈ ਉਪਰਾਲੇ ਕਰਨੇ ਪੈਂਦੇ ਹਨ। ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦਾ ਏਜੰਡਾ ਹਮੇਸ਼ਾ ਹੀ ਸੂਬੇ ਦਾ ਵਿਕਾਸ, ਭਾਈਚਾਰਕ ਸਾਂਝ ਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਗੱਠਜੋੜ ਇਸ ‘ਤੇ ਪਹਿਰਾ ਦੇਵੇਗਾ।
ਪੰਜਾਬੀਆਂ ਨੂੰ ਸੁਚੇਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਜੇਕਰ ਗਲਤੀ ਨਾਲ ਵੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਰਾਜ ਕਰਨ ਦਾ ਮੌਕਾ ਮਿਲ ਗਿਆ, ਤਾਂ ਇਹ ਪਾਰਟੀਆਂ ਮੁਫਤ ਬਿਜਲੀ ਪਾਣੀ, ਆਟਾ-ਦਾਲ, ਸ਼ਗਨ ਸਕੀਮ ਸਣੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਤੁਰੰਤ ਬੰਦ ਕਰ ਦੇਣਗੀਆਂ। ਉਨ•ਾਂ ਲੋਕਾਂ ਨੂੰ ਚੇਤੇ ਕਰਵਾਇਆ ਕਿ ਜਦੋਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਤਾਂ ਉਨ••ਾਂ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਬਿਜਲੀ ਪਾਣੀ ਦੀ ਸਹੂਲਤ ਵੀ ਬੰਦ ਕਰ ਦਿੱਤੀ ਸੀ ਅਤੇ ਅਕਾਲੀ-ਭਾਜਪਾ ਗੱਠਜੋੜ ਵੱਲੋਂ ਇਸ ਖਿਲਾਫ਼ ਲੜੇ ਗਏ ਲੰਮੇ ਸੰਘਰਸ਼ ਤੋਂ ਬਾਅਦ ਹੀ ਇਸ ਸਹੂਲਤ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਇਸੇ ਤਰ•ਾਂ ਕੈਪਟਨ ਨੇ ਮੁੱਖ ਮੰਤਰੀ ਹੁੰਦਿਆਂ ਸਰਕਾਰੀ ਭਰਤੀ ‘ਤੇ ਹੀ ਮੁਕੰਮਲ ਪਾਬੰਦੀ ਲਾ ਦਿੱਤੀ ਸੀ।
ਇਸ ਉਪਰੰਤ ਇੱਥੇ ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਨੂੰ ਕਿਹੜੇ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ  ਉਨ••ਾਂ ਨੂੰ ਜਿਹੜੇ ਵੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਕਹੇਗੀ, ਉਹ ਖਿੜੇ ਮੱਥੇ ਪ੍ਰਵਾਨ ਕਰਕੇ ਉਥੋਂ ਹੀ ਚੋਣ ਲੜਨਗੇ। ਸ. ਬਾਦਲ ਨੇ ਕਿਹਾ ਸਿਆਸਤ ਵਿੱਚ ਪਾਰਟੀ ਸਭ ਤੋਂ ਸੁਪਰੀਮ ਹੁੰਦੀ ਹੈ ਅਤੇ ਉਹ ਆਪਣੇ ਪੂਰੇ ਜੀਵਨ ਵਿੱਚ ਪਾਰਟੀ ਦੇ ਹਰ ਹੁਕਮ ‘ਤੇ ਫੁੱਲ ਚੜ••ਾਉਂਦੇ ਆਏ ਹਨ।
ਸਤਲੁਜ ਯਮੁਨਾ ਲਿੰਕ ਨਹਿਰ ਲਈ ਸਿੱਧੇ ਤੌਰ ‘ਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਮੁੱਢ ਤੋਂ ਆਪਣੀ ਹਾਈ ਕਮਾਂਡ ਦੀਆਂ ਕਠਪੁਤਲੀਆਂ ਬਣ ਕੇ ਸੂਬੇ ਦੇ ਹਿੱਤਾਂ ਦਾ ਘਾਣ ਕਰਦੇ ਰਹੇ ਹਨ। ਇਸ ਦੀ ਮਿਸਾਲ ਦਿੰਦਿਆਂ ਉਨ••ਾਂ ਕਿਹਾ ਕਿ ਸਭ ਤੋਂ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ  ਨੇ ਉਸ ਵੇਲੇ ਦੇ ਕਾਂਗਰਸੀ ਮੁੱਖ ਮੰਤਰੀ ਸ. ਦਰਬਾਰਾ ਸਿੰਘ ਪਾਸੋਂ ਬਾਂਹ ਮਰੋੜ ਕੇ ਦਰਿਆਈ ਪਾਣੀਆਂ ਦੇ ਮਾਮਲੇ ‘ਤੇ ਆਪਣੀ ਮਰਜ਼ੀ ਦੇ ਫੈਸਲੇ ਥੋਪੇ। ਇਸ ਮਗਰੋਂ ਪੰਜਾਬੀਆਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਲਈ ਸਤੁਲਜ ਯਮੁਨਾ ਲਿੰਕ ਨਹਿਰ ਦਾ ਟੱਕ ਲਾਉਣ ਲਈ ਇੰਦਰਾ ਗਾਂਧੀ ਖੁਦ ਪਹੁੰਚੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਲਿੰਕ ਨਹਿਰ ਦਾ ਟੱਕ ਲਾਉਣ ਮੌਕੇ ਉਹ (ਸ. ਬਾਦਲ) ਤੇ ਹੋਰ ਅਕਾਲੀ ਨੇਤਾ ਰੋਸ ਵਜੋਂ ਗ੍ਰਿਫਤਾਰੀਆਂ ਦੇ ਰਹੇ ਸਨ ਤਾਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਟੱਕ ਲਾਉਣ ਵਾਲੇ ਸਮਾਗਮ ਵਿਚ ਖੁਦ ਹਾਜ਼ਰ ਹੋ ਕੇ ਆਪਣੀ ਲੀਡਰ ਨੂੰ ਖੁਸ਼ ਕਰਨ ਲਈ ਪੱਬਾਂ ਭਾਰ ਹੋ ਕੇ ਨਹਿਰ ਬਣਾਉਣ ਦੇ ਫੈਸਲੇ ਦਾ ਸੁਆਗਤ ਕਰ ਰਿਹਾ ਸੀ।
ਆਮ ਆਦਮੀ ਪਾਰਟੀ ਨੂੰ ਦੋਹਰੇ ਕਿਰਦਾਰ ਵਾਲੀ ਪਾਰਟੀ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਇਸ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਤਾਂ ਪਾਣੀਆਂ ਦੇ ਮੁੱਦੇ ‘ਤੇ ਸੁਪਰੀਮ ਕੋਰਟ ਵਿੱਚ ਪੰਜਾਬ ਖਿਲਾਫ ਹਲਫੀਆ ਬਿਆਨ ਦੇ ਕੇ ਪਹਿਲਾਂ ਹੀ ਆਪਣਾ ਅਸਲੀ ਰੂਪ ਦਿਖਾ ਦਿੱਤਾ ਸੀ।
ਦਰਿਆਈ ਪਾਣੀਆਂ ਦੀ ਰਾਖੀ ਲਈ ਲੜਾਈ ਲੜਨ ਵਾਸਤੇ ਪੰਜਾਬੀਆਂ ਦੇ ਸਹਿਯੋਗ ਦੀ ਮੰਗ ਕਰਦਿਆਂ ਸ. ਬਾਦਲ ਨੇ ਆਪਣੀ ਦ੍ਰਿੜਤਾ ਦਾ ਪ੍ਰਗਟਾਵਾ ਕਰਦਿਆਂ ਸਪੱਸ਼ਟ ਕੀਤਾ ਕਿ ਪਾਣੀ ਦੀ ਇਕ ਵੀ ਬੂੰਦ ਪੰਜਾਬ ਤੋਂ ਕਿਸੇ ਵੀ ਕੀਮਤ ‘ਤੇ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ, ਚਾਹੇ ਇਸ ਲਈ ਕਿੱਡੀ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ। ਪੰਜਾਬ ਤੋਂ ਬਾਹਰ ਪਾਣੀ ਨਾ ਜਾਣ ਦੇਣ ਦਾ ਤਰਕ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਅੰਨ ਸੁਰੱਖਿਆ ਲਈ ਪੰਜਾਬ ਨੇ ਪਹਿਲਾਂ ਹੀ ਪਾਣੀ ਤੇ ਜ਼ਮੀਨ ਵਰਗੇ ਅਣਮੁੱਲੇ ਵਸੀਲਿਆਂ ਦੀ ਵੀ ਕੁਰਬਾਨੀ ਦੇ ਦਿੱਤੀ ਪਰ ਹੁਣ ਬਾਕੀ ਬਚਦਾ ਪਾਣੀ ਵੀ ਜੇਕਰ ਸੂਬੇ ਤੋਂ ਬਾਹਰ ਚਲਾ ਗਿਆ, ਤਾਂ ਸਾਡਾ ਸੂਬਾ ਤਬਾਹ ਹੋ ਜਾਵੇਗਾ।
ਮੌਜੂਦਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ ਸਾਲਾਨਾ 6000 ਹਜ਼ਾਰ ਕਰੋੜ ਰੁਪਏ ਸਰਕਾਰ ਵੱਲੋਂ ਸਬਸਿਡੀ ਦੇ ਰੂਪ ਵਿੱਚ ਅਦਾ ਕੀਤੇ ਜਾਂਦੇ ਹਨ। ਉਨ••ਾਂ ਇਹ ਵੀ ਕਿਹਾ ਕਿ ਪੰਜਾਬ ਹੀ ਦੇਸ਼ ਦਾ ਇਕੋ ਇੱਕ ਅਜਿਹਾ ਸੂਬਾ ਹੈ ਜਿੱਥੇ ਕਿ ਗਰੀਬ ਪਰਿਵਾਰਾਂ ਨੂੰ ਆਟਾ ਤੇ ਦਾਲ ਮੁਹੱਈਆ ਕਰਵਾਉਣ ਲਈ ਆਟਾ ਦਾਲ ਸਕੀਮ ਲਾਗੂ ਕੀਤੀ ਹੈ ਅਤੇ ਕੈਂਸਰ ਤੇ ਹੈਪੇਟਾਈਟਸ-ਸੀ ਵਰਗੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਵੀ ਮੁਫਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਲਈ 50 ਹਜ਼ਾਰ ਰੁਪਏ ਤੱਕ ਮੁਫਤ ਇਲਾਜ ਲਈ ਸਿਹਤ ਬੀਮਾ ਯੋਜਨਾ ਵੀ ਲਾਗੂ ਕੀਤੀ ਗਈ ਹੈ ਅਤੇ ਜੇਕਰ ਕਿਸੇ ਹਾਦਸੇ ਵਿੱਚ ਪਰਿਵਾਰ ਦੇ ਮੁਖੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਪਰਿਵਾਰ ਨੂੰ 5 ਲੱਖ ਰੁਪਏ ਦੀ ਬੀਮਾ ਰਾਸ਼ੀ ਦਿੱਤੀ ਜਾਂਦੀ ਹੈ। ਉਨ•ਾਂ ਕਿਹਾ ਕਿ ਕਿਸਾਨਾਂ ਨੂੰ 50 ਹਜ਼ਾਰ ਰੁਪਏ ਦਾ ਵਿਆਜ ਮੁਕਤ ਕਰਜ਼ਾ ਵੀ ਮੁਹੱਈਆ ਕਰਵਾਉਣ ਦੀ ਸਕੀਮ ਲਿਆਂਦੀ ਗਈ ਹੈ।
ਸੰਗਤ ਦਰਸ਼ਨ ਪ੍ਰੋਗਰਾਮ ਦੀ ਅਹਿਮੀਅਤ ਨੂੰ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਲੋਕਾਂ ਦੀਆਂ ਦੁੱਖ-ਤਕਲੀਫਾਂ ਨੂੰ ਨੇੜਿਓ ਜਾਣਨ ਤੇ ਸੁਲਝਾਉਣ ਦਾ ਮੌਕਾ ਮਿਲਦਾ ਹੈ। ਉਨ•ਾਂ ਕਿਹਾ ਕਿ ਆਮ ਲੋਕਾਂ ਵਿੱਚੋਂ ਉੱਠਿਆ ਨੇਤਾ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਵਿਚ ਵਿਚਰਣ ਨੂੰ ਆਪਣੀ ਹਾਨੀ ਸਮਝਦਾ ਹੈ ਜਦਕਿ ਦੂਜੇ ਪਾਸੇ ਉਹ ਲੋਕਾਂ ਦੀ ਸੰਗਤ ਵਿਚ ਮਾਣ ਮਹਿਸੂਸ ਕਰਦੇ ਹਨ। ਸ. ਬਾਦਲ ਨੇ ਕਿਹਾ, ”ਰਾਜੇ ਮਹਿਲ ਵਿਚ ਰਹਿੰਦੇ ਹਨ ਅਤੇ ਮੈਂ ਲੋਕਾਂ ਵਿਚ ਰਹਿੰਦਾ ਹਾਂ”।
ਮੁੱਖ ਮੰਤਰੀ ਨੇ ਅੱਜ ਪਿੰਡ ਬੋੜਾਵਾਲ, ਅੱਕਾਂਵਾਲੀ, ਰਿਉਂਦ ਕਲਾਂ, ਕੁੱਲਰੀਆਂ ਅਤੇ ਬੁਢਲਾਡਾ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਕਰਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦਿੱਤੀਆਂ।
ਇਸ ਮੌਕੇ  ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ. ਐਸ ਚੀਮਾ, ਹਲਕਾ ਵਿਧਾਇਕ ਮਾਨਸਾ ਸ਼੍ਰੀ ਪ੍ਰੇਮ ਮਿੱਤਲ, ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਐਸ.ਐਸ.ਪੀ. ਮਾਨਸਾ ਸ਼੍ਰੀ ਮੁਖਵਿੰਦਰ ਸਿੰਘ ਭੁੱਲਰ, ਚੇਅਰਮੈਨ ਪਨਸੀਡ ਪੰਜਾਬ ਸ਼੍ਰੀ ਸੁਖਵਿੰਦਰ ਸਿੰਘ ਔਲਖ, ਚੇਅਰਮੈਨ ਮਾਰਕਿਟ ਕਮੇਟੀ ਬੋਹਾ ਸ਼੍ਰੀ ਬੱਲਮ ਸਿੰਘ ਕਲੀਪੁਰ, ਚੇਅਰਮੈਨ ਜਿਲ•ਾ ਯੋਜਨਾ ਕਮੇਟੀ ਸ਼੍ਰੀ ਪ੍ਰੇਮ ਅਰੋੜਾ, ਸਾਬਕਾ ਵਿਧਾਇਕ ਸ਼੍ਰੀ ਹਰਬੰਤ ਸਿੰਘ ਦਾਤੇਵਾਸ, ਡਾ. ਨਿਸ਼ਾਨ ਸਿੰਘ, ਜ਼ਿਲ•ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਗੁਰਮੇਲ ਸਿੰਘ ਫਫੜੇ ਭਾਈਕੇ, ਜ਼ਿਲ•ਾ ਪ੍ਰਧਾਨ ਇਸਤਰੀ ਅਕਾਲੀ ਦਲ (ਸ਼ਹਿਰੀ) ਮੈਡਮ ਸਿਮਰਜੀਤ ਕੌਰ ਸਿੰਮੀ, ਜ਼ਿਲ•ਾ ਪ੍ਰਧਾਨ ਇਸਤਰੀ ਅਕਾਲੀ ਦਲ (ਦਿਹਾਤੀ) ਮੈਡਮ ਬਲਵੀਰ ਕੌਰ, ਜ਼ਿਲ•ਾ ਪ੍ਰਧਾਨ ਐਸ.ਸੀ.ਵਿੰਗ ਸ਼੍ਰੀ ਸਵਰਨ ਸਿੰਘ ਹੀਰੇਵਾਲਾ, ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸ਼੍ਰੀ ਸ਼ਮਸ਼ੇਰ ਸਿੰਘ ਗੁੜੱਦੀ, ਮੈਂਬਰ ਜ਼ਿਲ•ਾ ਪ੍ਰੀਸ਼ਦ ਸ਼੍ਰੀ ਦਲਵੀਰ ਸਿੰਘ, ਸ਼੍ਰੀ ਮੇਵਾ ਸਿੰਘ ਦੋਦੜਾ, ਸ਼੍ਰੀ ਜਗਸੀਰ ਸਿੰਘ, ਸ਼੍ਰੀ ਮਹਿੰਦਰ ਸਿੰਘ ਮੌਜੂਦ ਸਨ।

Please Click here for Share This News

Leave a Reply

Your email address will not be published.