best platform for news and views

ਬਾਦਲ ਰਾਜ ਦੇ ਗੈਰ-ਕਾਨੂੰਨੀ ਕਾਰਿਆਂ ਦੀ ਪੋਲ ਖੋਲ੍ਹਣ ਅਕਾਲੀ ਤਾਂ ਸਵਾਗਤ ਕਰਾਂਗੇ-ਸੰਧਵਾਂ

Please Click here for Share This News

ਚੰਡੀਗੜ੍ਹ, 9 ਮਾਰਚ 2018
ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਅਕਾਲੀ ਦਲ ਬਾਦਲ ਦੀਆਂ ‘ਪੋਲ ਖੋਲ੍ਹ’ ਰੈਲੀਆਂ ਹਾਸੋਹੀਣੀ ਮੁਹਿੰਮ ਕਰਾਰ ਦਿੰਦੇ ਹੋਏ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੇ 10 ਸਾਲਾ ਮਾਫ਼ੀਆ ਰਾਜ ਦੌਰਾਨ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਹੋਈ ਲੁੱਟ-ਖਸੁੱਟ ਦੀ ਵੀ ਪੋਲ ਖੋਲ੍ਹਣ ਤਾਂ ਆਮ ਆਦਮੀ ਪਾਰਟੀ ਉਨ੍ਹਾਂ ਦੀਆਂ ਪੋਲ ਖੋਲ੍ਹ ਰੈਲੀਆਂ ਦਾ ਸਵਾਗਤ ਕਰੇਗੀ।
‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 10 ਸਾਲ ਪੰਜਾਬ ਦੇ ਵਸੀਲਿਆਂ ਅਤੇ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਲੁੱਟ ਕੇ ਆਪਣੇ ਘਰ ਭਰਨ ਅਤੇ ਬੇਰੁਜ਼ਗਾਰ ਜਵਾਨੀ ਨੂੰ ਰੁਜ਼ਗਾਰ ਦੀ ਥਾਂ ਨਸ਼ਿਆਂ ‘ਚ ਝੋਕਣ ਵਾਲੇ ਜਿਸ ਢੀਠਤਾ ਨਾਲ ‘ਪੋਲ ਖੋਲ੍ਹਣ’ ਦੇ ਦਮਗਜੇ ਮਾਰ ਰਹੇ ਹਨ ਇਹ ਜੱਗ-ਹਸਾਈ ਤੋਂ ਵੱਧ ਕੁੱਝ ਵੀ ਨਹੀਂ, ਕਿਉਂਕਿ ਪੰਜਾਬ ਦੇ ਲੋਕ ਬਾਦਲਾਂ ਦੇ ਮਾਫ਼ੀਆ ਰਾਜ ਨੂੰ ਕਦੇ ਨਹੀਂ ਭੁੱਲ ਸਕਦੇ।
‘ਆਪ’ ਆਗੂ ਨੇ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਝੂਠੇ ਅਤੇ ਗੁਮਰਾਹਕੁਨ ਵਾਅਦਿਆਂ ‘ਚ ਆ ਕੇ ਪੰਜਾਬ ਦੀ ਜਨਤਾ ਨੇ ਜਿੰਨੇ ਉਤਸ਼ਾਹ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਸੌਂਪੀ ਸੀ, ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਹੀ ਜ਼ਿਆਦਾ ਨਿਰਾਸ਼ ਕੀਤਾ ਹੈ। ਅਕਾਲੀ-ਭਾਜਪਾ ਸਰਕਾਰ ਦੇ ਗੈਰ-ਕਾਨੂੰਨੀ ਕਾਰਿਆਂ ਅਤੇ ਕਾਰੋਬਾਰਾਂ ਦਾ ਹਿਸਾਬ ਲੈਣ ਦੀ ਥਾਂ ਕੈਪਟਨ ਸਰਕਾਰ ਇੰਨ-ਬਿੰਨ ਬਾਦਲ ਰਾਜ ਦੇ ਕਦਮਾਂ ‘ਤੇ ਚੱਲ ਪਈ। ਨਜਾਇਜ਼ ਮਾਈਨਿੰਗ, ਗੁੰਡਾ ਟੈਕਸ, ਕੇਬਲ ਅਤੇ ਟਰਾਂਸਪੋਰਟ ਮਾਫ਼ੀਆ, ਰਿਸ਼ਵਤਖ਼ੋਰੀ, ਲਾਠੀਚਾਰਜ, ਨਜਾਇਜ਼ ਪਰਚੇ ਅਤੇ ਆਮ ਲੋਕਾਂ ਦੀ ਲੁੱਟ-ਖਸੁੱਟ ਤੇ ਖੱਜਲ-ਖ਼ੁਆਰੀ ਜਿਓ ਦੀ ਤਿਓ ਜਾਰੀ ਹੈ। ਇਸ ਲਈ ਭੁਗਤ ਭੋਗੀ ਜਨਤਾ ਲਈ ਅਕਾਲੀ ਦਲ ਬਾਦਲ ਦੀਆਂ ਪੋਲ-ਖੋਲ੍ਹ ਰੈਲੀਆਂ ‘900 ਚੂਹੇ ਖਾ ਕੇ ਬਿੱਲੀ ਦੇ ਹੱਜ ਜਾਣ’ ਵਰਗੀ ਡਰਾਮੇਬਾਜ਼ੀ ਹੈ।
ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਸੱਚਮੁੱਚ ਪੰਜਾਬ ਹਿਤੈਸ਼ੀ ਹਨ ਅਤੇ ਆਪਣੇ ‘ਮਾਫ਼ੀਆ ਰਾਜ’  ਉੱਪਰ ਪਸ਼ਚਾਤਾਪ ਵਜੋਂ ਪੋਲ ਖੋਲ੍ਹ ਵੀ ਚਾਹੁੰਦੇ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ‘ਚ ਸ਼ਾਂਤਮਈ ਜਾਪ ਕਰ ਰਹੀ ਸੰਗਤ ਉੱਪਰ ਢਾਹੇ ਗਏ ਕਹਿਰ, ਗੋਲੀ ਚਲਾਉਣ ਵਾਲੀ ਅਣਪਛਾਤੀ ਪੁਲਸ ਅਤੇ ਪੁਲਸ ਨੂੰ ਸੰਗਤ ਉੱਤੇ ਗੋਲੀ ਚਲਾਉਣ ਦੇ ਹੁਕਮ ਦੇਣ ਵਾਲਿਆਂ ਦੀ ਪੋਲ ਖੋਲ੍ਹਣ, ਰੁਜ਼ਗਾਰ ਅਤੇ ਹੱਕ ਮੰਗਣ ਵਾਲਿਆਂ ਉੱਤੇ ਹੋਏ ਤਸ਼ੱਦਦ ਦੀ ਪੋਲ ਖੋਲ੍ਹਣ, ਛੋਟੇ ਟਰਾਂਸਪੋਰਟਰਾਂ ਦੇ ਕਾਰੋਬਾਰ ਨਿਗਲਣ ਵਾਲੀ ‘ਸ਼ਾਰਕ ਮੱਛੀ’ ਦੀ ਪੋਲ ਖੋਲ੍ਹਣ, ਫ਼ਸਲਾਂ ਦੇ ਮੁਨਾਫ਼ੇ ਯੋਗ ਭਾਅ ਲਈ ਸਵਾਮੀਨਾਥਨ ਦੀਆਂ ਸਿਫ਼ਾਰਿਸ਼ਾਂ ਲਾਗੂ ਕਰਨ ਤੋਂ ਭੱਜਣ ਵਾਲਿਆਂ ਦੀ ਪੋਲ ਖੋਲ੍ਹਣ, ਮਾਸੂਮਾਂ ਦੀ ਜਾਨ ਲੈਣ ਵਾਲੇ ਮੋੜ ਬੰਬ ਕਾਂਡ ਦੇ ਅਸਲੀ ਸਾਜ਼ਿਸ਼ ਘਾੜਿਆਂ ਦੀ ਪੋਲ ਖੋਲ੍ਹਣ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਨਸ਼ਿਆਂ ‘ਤੇ ਲਾਉਣ ਅਤੇ ਗੈਂਗਸਟਰ ਬਣਾਉਣ ਵਾਲਿਆਂ ਦੀ ਪੋਲ ਖੋਲ੍ਹਣ ਗ਼ਰੀਬਾਂ-ਦਲਿਤਾਂ ਦੀਆਂ ਸਕੀਮਾਂ ਨੂੰ ਸੰਗਤ ਦਰਸ਼ਨਾਂ ਰਾਹੀਂ ਆਪਣੇ ਚਹੇਤਿਆਂ ‘ਚ ਵੰਡਣ ਵਾਲਿਆਂ ਦੀ ਪੋਲ ਖੋਲ੍ਹਣ, ਕਿਸਾਨੀ ਕਰਜ਼ਿਆਂ ਅਤੇ ਸਬਸਿਡੀਆਂ ਉੱਪਰ ਹਾਏ-ਦਹਾਈ ਅਤੇ ਨੀਰਵ ਮੋਦੀ ਤੇ ਵਿਜੈ ਮਾਲਿਆ ਵਰਗਿਆਂ ਨੂੰ ਭਜਾਉਣ ਅਤੇ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਦੇ ਕਰਜ਼ੇ ਚੁੱਪ-ਚੁਪੀਤੇ ਮਾਫ਼ ਕਰਨ ਵਾਲਿਆਂ ਦੀ ਪੋਲ-ਖੋਲ੍ਹਣ ਤਾਂ ‘ਆਪ’ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਵੇਗਾ।

Please Click here for Share This News

Leave a Reply

Your email address will not be published. Required fields are marked *