best platform for news and views

ਬਾਦਲ ਪਰਿਵਾਰ ਵੱਲੋਂ ਕੀਤੀ ਕਾਲੀ ਕਮਾਈ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇਗਾ : ਕੇਜਰੀਵਾਲ

Please Click here for Share This News

 

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ ਕੌਮਾਂਤਰੀ ਡਰੱਗ ਮਾਫੀਆ ਨਾਲ ਸੰਬੰਧ ਰੱਖਣ ਵਾਲੇ ਬਿਕਰਮ ਮਜੀਠੀਆ ਨੂੰ 15 ਅਪ੍ਰੈਲ 2017 ਤੋਂ ਪਹਿਲਾਂ ਜੇਲ ਵਿੱਚ ਸੁੱਟਿਆ ਜਾਵੇਗਾ। ਇੱਥੇ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪੂਰਾ ਪੰਜਾਬ ਇਸ ਵੇਲੇ ਬਿਕਰਮ ਸਿੰਘ ਮਜੀਠੀਏ ਨੂੰ ਨਸ਼ਿਆਂ ਦਾ ਸੌਦਾਗਰ ਕਹਿ ਰਿਹਾ ਹੈ ਅਤੇ ਡਰੱਗ ਸਬੰਧਿਤ ਐਫਆਈਆਰ ਵਿੱਚ ਉਸਦਾ ਨਾਮ ਵੀ ਸ਼ਾਮਿਲ ਹੈ। ਉਨਾਂ ਕਿਹਾ ਕਿ ਪੁਲਿਸ ਵੱਲੋਂ ਕਦੇ ਵੀ ਉਸਦੀ ਜਾਂਚ ਨਹੀਂ ਕੀਤੀ ਗਈ, ਜਿੱਥੇ ਉਸਦਾ ਨਾਂਅ ਐਫਆਈਆਰ ਵਿੱਚ ਆਇਆ ਹੈ। ਸਿਥੈਟਿਕ ਡਰੱਗ ਰੈਕੇਟ ਵਿੱਚ ਪੁਲਿਸ ਵੱਲੋਂ ਫੜੇ ਗਏ ਦੋਸ਼ੀਆਂ ਜਗਦੀਸ਼ ਭੋਲਾ ਅਤੇ ਜਗਜੀਤ ਸਿੰਘ ਚਹਿਲ ਨੇ ਪੰਜਾਬ ਵਿਛ ਨਸ਼ਿਆਂ ਦੇ ਵਪਾਰ ਲਈ ਉਸਦਾ ਨਾਂਅ ਲਿਆ ਹੈ।

ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੀ ਕੈਬਿਨੇਟ ਦੇ ਕਿਸੇ ਮੈਂਬਰ ਨੂੰ ਨਹੀਂ ਛੱਡਿਆ ਜਾਵੇਗਾ, ਜੋ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਸਾਹਮਣਾ ਕਰ  ਰਹੇ ਹਨ।  ਕੇਜਰੀਵਾਲ ਨੇ ਕਿਹਾ ਕਿ ਉਨਾਂ ਵੱਲੋਂ ਬਾਦਲ ਪਰਿਵਾਰ ਵੱਲੋਂ ਕੀਤੀ ਗਈ ਕਾਲੀ ਕਮਾਈ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇਗਾ, ਅਤੇ ਪੰਜਾਬ ਤੋਂ ਲੁੱਟੀ ਹੋਈ ਪਾਈ-ਪਾਈ ਵਸੂਲੀ ਜਾਵੇਗੀ। ਉਨਾਂ ਕਿਹਾ ਕਿ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਕੈਰੋਂ ਅਤੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਜੋ ਕਿ ਫੂਡ ਅਤੇ ਪੈਸਟੀਸਾਈਡ ਘੋਟਾਲੇ ਵਿੱਚ ਸ਼ਾਮਿਲ ਹਨ, ਉਨਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਸਵਿਸ ਖਾਤਿਆਂ ਦੀ ਜਾਂਚ ਲਈ ਵੀ ਕਦਮ ਪੁੱਟੇਗੀ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਮਦਦ ਕਰਕੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਗਿਆ ਹੈ। ਉਨਾਂ ਕਿਹਾ ਕਿ ਵੋਟਾਂ ਤੋਂ ਸਿਰਫ 20 ਦਿਨ ਪਹਿਲਾਂ ਕੈਪਟਨ ਅਮਰਿੰਦਰ ਨੂੰ ਅਹਿਸਾਸ ਹੋਇਆ ਕਿ ਬਾਦਲ ਨੇ ਪੰਜਾਬ ਨੂੰ ਲੁੱਟਿਆ ਹੈ ਅਤੇ ਪੰਜਾਬ ਨੂੰ ਇਨਸਾਫ ਚਾਹੀਦ ਹੈ। ਉਨਾਂ ਕਿਹਾ ਕਿ ਜਰਨੈਲ ਸਿੰਘ ਜਿੱਤ ਵੱਲ ਵੱਧ ਰਹੇ ਹਨ ਅਤੇ ਇਹ ਗੱਲ ਪ੍ਰਕਾਸ਼ ਸਿੰਘ ਬਾਦਲ ਨੇ ਵੀ ਮਹਿਸੂਸ ਕੀਤੀ ਹੈ।  ਉਨਾਂ ਕਿਹਾ ਕਿ ਬਾਦਲ ਵੱਲੋਂ ਕੈਪਟਨ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚੋਂ ਬਚਾਇਆ ਗਿਆ ਅਤੇ ਬਦਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਬਾਦਲ ਵਿਰੋਧੀ ਵੋਟਾਂ ਨੂੰ ਵੰਡ ਕੇ ਉਸਨੂੰ ਜਿਤਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।

ਇੱਕ ਸਵਾਲ ਦੇ ਜਵਾਬ ਵਿੱਚ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀਆਂ ਚੋਣਾਂ ਵਿੱਚ ਨਵਜੋਤ ਸਿੰਘ ਸਿੱਧੂ ਦਾ ਹੁਣ ਕੋਈ ਆਧਾਰ ਨਹੀਂ ਰਿਹਾ ਕਿਉਂਕਿ ਉਹ ਲੋਕਾਂ ਦੀਆਂ ਨਜਰਾਂ ਵਿੱਚ ਆਪਣੀ ਅਹਿਮੀਅਤ ਖੋ ਚੁੱਕੇ ਹਨ। ਉਨਾਂ ਦੀ ਮੌਜੂਦਗੀ ਦਾ ਆਮ ਆਦਮੀ ਪਾਰਟੀ ਉਤੇ ਕੋਈ ਅਸਰ ਨਹੀਂ ਹੋਣ ਵਾਲਾ। ਉਨਾਂ ਇਹ ਵੀ ਦਾਅਵਾ ਕੀਤਾ ਕਿ ਜਲਾਲਾਬਾਦ ਵਿੱਚ ਭਗਵੰਤ ਮਾਨ ਵੱਲੋਂ ਸੁਖਬੀਰ ਬਾਦਲ ਨੂੰ ਵੱਡੇ ਅੰਤਰ ਨਾਲ ਮਾਤ ਦਿੱਤੀ ਜਾਵੇਗੀ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵੱਲੋਂ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਪਿਛਲੇ 30 ਸਾਲ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਮਾਮਲੇ ਨੂੰ ਆਪਣੇ ਹਿੱਤਾਂ ਕਾਰਨ ਸੁਲਝਾਉਣਾ ਹੀ ਨਹੀਂ ਚਾਹੁੰਦੇ। ਉਨਾਂ ਕਿਹਾ ਕਿ ਕੇਂਦਰ ਵਿੱਚ ਮੋਦੀ ਸਰਕਾਰ, ਹਰਿਆਣਾ ਵਿੱਚ ਭਾਜਪਾ ਅਤੇ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਰਹਿੰਦੇ ਹੋਏ ਮਾਮਲੇ ਨੂੰ ਸੁਲਝਾਇਆ ਜਾ ਸਕਦਾ ਸੀ। ਉਨਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਤਾਂ ਮਾਮਲਾ ਪੰਜ ਮਿੰਟਾਂ ਵਿੱਚ ਹੱਲ ਹੋ ਸਕਦਾ ਸੀ। ਉਨਾਂ ਨਾਲ ਹੀ ਕਿਹਾ ਇੱਕ ਸਮਾਂ ਅਜਿਹਾ ਸੀ ਜਦੋਂ ਕੇਂਦਰ, ਹਰਿਆਣਾ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ, ਪਰ ਉਦੋਂ ਵੀ ਮਾਮਲੇ ਨੂੰ ਹੱਲ ਨਹੀਂ ਕੀਤਾ ਗਿਆ, ਜਿਸ ਤੋਂ ਇਨਾਂ ਪਾਰਟੀਆਂ ਦਾ ਸਵਾਰਥ ਜੱਗ ਜਾਹਿਰ ਹੋਇਆ ਹੈ।

ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਪ ਕਨਵੀਨਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮੁੱਦੇ ਉਤੇ ਸਿਆਸਤ ਨਹੀਂ ਕਰੇਗੀ।  ਉਨਾਂ ਕਿਹਾ ਕਿ ਕਾਨੂੰਨੀ ਅਤੇ ਸਿਆਸੀ ਪੱਧਰ ਉਤੇ ਲੋੜੀਂਦੇ ਕਦਮ ਚੁੱਕੇ ਜਾਣਗੇ ਅਤੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪਾਣੀਆਂ ਦੀ ਵੰਡ ਦੇ ਮਾਮਲੇ ਵਿੱਚ ਫੈਸਲਾ ਪੰਜਾਬ  ਹੱਕ ਵਿੱਚ ਹੋਵੇਗਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਐਸਵਾਈਐਲ ਦੇ ਨਿਰਮਾਣ ਲਈ ਜਿੰਮੇਵਾਰ ਨਹੀਂ ਹੈ। ਉਨਾਂ ਕਿਹਾ ਅਕਾਲੀਆਂ ਨੇ ਨਹਿਰ ਲਈ ਜਮੀਨ ਐਕਵਾਇਰ ਕੀਤੀ ਅਤੇ ਕਾਂਗਰਸੀ ਪ੍ਰਧਾਨ ਮੰਤਰੀ ਨੇ ਨਹਿਰ ਲਈ ਟੱਕ ਲਗਾਇਆ। ਉਨਾਂ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨੇ ਨਹਿਰ ਦਾ ਨਿਰਮਾਣ ਹੋਣ ਦੇਣ ਦੇ ਏਵਜ ਵਜੋਂ ਹਰਿਆਣਾ ਦੇ ਗੁੜਗਾਓ ਵਿੱਚ ਸੁਖਬੀਰ ਬਾਦਲ ਦੇ ਹੋਟਲ ਲਈ ਜਮੀਨ ਹਾਸਿਲ ਕੀਤੀ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਨੂੰ ਸੱਤਾ ਵਿੱਚੋਂ ਬਾਹਰ ਕਰਨਾ ਚਾਹੁੰਦੇ ਹਨ ਅਤੇ ਜੋ ਵੀ ਬਾਦਲ ਵਿਰੋਧੀ ਵੋਟ ਨੂੰ ਵੰਡਣ ਦੀ ਕੋਸ਼ਿਸ਼ ਕਰੇਗਾ ਉਹ ਪੰਜਾਬ ਦਾ ਦੁਸ਼ਮਣ ਹੋਵੇਗਾ।  ਇੱਕ ਸਵਾਲ ਦੇ ਜਵਾਬ ਵਿੱਚ ਕੇਜਰੀਵਾਲ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਧਰਮਵੀਰ ਗਾਂਧੀ ਪੰਜਾਬ ਦੇ ਹਿੱਤਾਂ ਦੇ ਉਲਟ ਕੰਮ ਕਰ ਰਹੇ ਹਨ। ਕੇਜਰੀਵਾਲ ਨੇ ਅਪੀਲ ਕੀਤੀ ਉਹ ਲੋਕਾਂ ਨਾਲ ਖੜਨ, ਨਾ ਕਿ ਵਿਰੋਧੀ ਵਾਲੀਆਂ ਵੋਟਾਂ ਵੰਡਣ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਵੱਲੋਂ ਗੁੰਡਿਆਂ ਅਤੇ ਮਾਫੀਆ ਰਾਹੀਂ ਪੈਦਾ ਕੀਤੇ ਗਏ ਭੈਅ ਵਾਲੇ ਮਾਹੌਲ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਉਨਾਂ ਕਿਹਾ ਕਿ 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨਾਲ ਪੰਜਾਬ ਬਾਦਲ ਪਰਿਵਾਰ ਦੇ ਚੁੰਗਲ ਵਿੱਚੋਂ ਆਜਾਦ ਹੋ ਜਾਵੇਗਾ।

Please Click here for Share This News

Leave a Reply

Your email address will not be published. Required fields are marked *