best platform for news and views

ਬਾਦਲ ਨੇ ਪੰਜਾਬ ‘ਚ ਅੱਤਵਾਦ ਨੂੰ ਉਤਸ਼ਾਹਿਤ ਕੀਤਾ : ਕੈਪਟਨ

Please Click here for Share This News

ਬਠਿੰਡਾ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅੰਦਰ ਉਗਰਵਾਦ ‘ਤੇ ਸੀ.ਆਈ.ਏ ਦੀ ਤਾਜ਼ਾ ਰਿਪੋਰਟ ਦਾ ਖੁਲਾਸਾ ਕਰਦਿਆਂ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪਰ ਸੂਬੇ ‘ਚ ਅੱਤਵਾਦ ਫੈਲ੍ਹਾਉਣ ਦਾ ਦੋਸ਼ ਲਗਾਇਆ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਗੁਨਾਹਾਂ ਲਈ ਜਵਾਬਦੇਹ ਬਣਾਉਣ ਦਾ ਵਾਅਦਾ ਕੀਤਾ ਹੈ।
ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ, ਜਿਥੋਂ ਕਾਂਗਰਸ ਨੇ ਹਰਵਿੰਦਰ ਸਿੰਘ ਲਾਡੀ ਨੂੰ ਉਮੀਦਵਾਰ ਬਣਾਇਆ ਹੈ, ‘ਚ ਪਬਲਿਕ ਮੀਟਿੰਗ ਦੌਰਾਨ ਬਾਦਲ ‘ਤੇ ਇਕ ਵੱਡਾ ਹਮਲਾ ਬੋਲਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ‘ਚ ਕਾਲੇ ਦਿਨਾਂ ਦੌਰਾਨ ਅੱਤਵਾਦੀਆਂ ਹੱਥੋਂ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਮਰਵਾਉਣ ਲਈ ਅਕਾਲੀ ਆਗੂ ਜ਼ਿੰਮੇਵਾਰ ਹਨ।
ਇਸ ਲੜੀ ਹੇਠ ਮੀਡੀਆ ਦੇ ਇਕ ਵਰਗ ਸੀ.ਆਈ.ਏ ਰਿਪੋਰਟ ਨੂੰ ਲੈ ਕੇ ਕੀਤੇ ਗਏ ਵਰਨਣ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਬਾਦਲ ਨੇ ਹਮੇਸ਼ਾ ਤੋਂ ਆਪਣੀ ਪਾਰਟੀ ਅਕਾਲੀ ਦਲ ਅੰਦਰ ਮਤਭੇਦਾਂ ਦੀ ਅਗਵਾਈ ਕਰਦਿਆਂ ਅਤੇ ਸੂਬਾ ਸਰਕਾਰ ਖਿਲਾਫ ਸਿੱਖ ਉਗਰਵਾਦੀਆਂ ਦਾ ਪੱਖ ਲੈ ਕੇ, ਆਪਣੇ ਵਿਅਕਤੀਗਤ ਫਾਇਦਿਆਂ ਨੂੰ ਵਾਧਾ ਦਿੰਦੇ ਰਹੇ ਸਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਹ ਵੀ ਜ਼ਿਕਰ ਕੀਤਾ ਕਿ ਬਾਦਲ ਸ੍ਰੀ ਹਰਿਮੰਦਰ ਸਾਹਿਬ ਉਪਰ ਹਮਲੇ ਤੋਂ ਇਕ ਦਿਨ ਪਹਿਲਾਂ ਗੱਲਬਾਤ ਲਈ ਪਹੁੰਚਣ ‘ਚ ਅਸਫਲ ਰਹੇ ਸਨ, ਜਿਨ੍ਹਾਂ ਨੂੰ ਫੌਜ਼ ਦੇ ਆਪ੍ਰੇਸ਼ਨ ਦੀ ਜਾਣਕਾਰੀ ਸੀ ਅਤੇ ਸਪੱਸ਼ਟ ਤੌਰ ‘ਤੇ ਉਨ੍ਹਾਂ ਨੇ ਹਾਲਾਤਾਂ ਦਾ ਸਾਹਮਣਾ ਕਰਨ ਦੀ ਬਜਾਏ, ਉਨ੍ਹਾਂ ਤੋਂ ਭੱਜਣ ਦਾ ਫੈਸਲਾ ਕੀਤਾ ਸੀ। ਇਸ ਤੋਂ ਪਹਿਲਾਂ, ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਸਹੁੰ ਚੁੱਕੀ ਸੀ ਕਿ ਉਹ ਕਿਸੇ ਵੀ ਕੀਮਤ ‘ਤੇ ਫੌਜ਼ ਨੂੰ ਰੋਕਣਗੇ, ਭਾਵੇਂ ਇਸ ਲਈ ਉਨ੍ਹਾਂ ਨੂੰ ਆਪਣੇ ਪ੍ਰਾਂਣਾਂ ਦੀ ਬਲੀ ਵੀ ਕਿਉਂ ਨਾ ਦੇਣੀ ਪਵੇ। ਲੇਕਿਨ ਜਦੋਂ ਸੰਕਟ ਦੀ ਘੜੀ ਆਈ, ਉਹ ਭੱਜ ਖੜ੍ਹੇ ਹੋਏ।
ਕੈਪਟਨ ਅਮਰਿੰਦਰ ਨੇ ਸੱਤਾ ‘ਚ ਆਉਣ ਤੋਂ ਬਾਅਦ ਸੂਬੇ ‘ਚ ਹਾਲੇ ਹੀ ਦੀਆਂ ਸਾਰੀਆਂ ਧਾਰਮਿਕ ਬੇਅਦਬੀਆਂ ਦੇ ਮਾਮਲਿਆਂ ਦੀ ਜਾਂਚ ਕਰਵਾਉਣ ਸਬੰਧੀ ਆਪਣਾ ਵਾਅਦਾ ਦੁਹਰਾਇਆ, ਜਿਸ ਲਈ ਕਿਸੇ ਸੁਤੰਤਰ ਏਜੰਸੀ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਨੇ ਦੁਹਰਾਇਆ ਕਿ ਇਨ੍ਹਾਂ ‘ਚੋਂ ਕਿਸੇ ਵੀ ਕੇਸ ‘ਚ ਦੋਸ਼ੀ ਪਾਏ ਜਾਣ ‘ਤੇ ਉਹ ਬਾਦਲ ਨੂੰ ਜੇਲ੍ਹ ‘ਚ ਪਾ ਦੇਣਗੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਨੇ ਆਪਣੇ ਸਿਆਸੀ ਤੇ ਚੋਣ ਸਬੰਧੀ ਹਿੱਤਾਂ ਦੇ ਫਾਇਦੇ ਵਾਸਤੇ ਇਸ ਤੋਂ ਪਹਿਲਾਂ ਵੀ ਸੰਪ੍ਰਦਾਇਕ ਚਾਲ ਚੱਲੀ ਸੀ। ਜਦਕਿ ਤਾਜ਼ਾ ਘਟਨਾਵਾਂ ਅਕਾਲੀਆਂ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੰਪ੍ਰਦਾਇਕ ਅਧਾਰ ‘ਤੇ ਲੋਕਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਪ੍ਰਤੀਤ ਹੁੰਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਬਾਦਲ ਤੇ ਆਮ ਆਦਮੀ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਦੋਨਾਂ ਨੂੰ ਘਟੀਆ ਵਿਅਕਤੀ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਕੈਪਟਨ ਅਮਰਿੰਦਰ ਪੰਜਾਬ ਚੋਣ ‘ਚ ਬਾਹਰੀ ਵਿਅਕਤੀਆਂ ਦਾ ਇਸਤੇਮਾਲ ਕਰਨ ਨੂੰ ਲੈ ਕੇ ਆਪ ਉਪਰ ਖੂਬ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬੀਆਂ ਨੂੰ ਚੋਣ ਪ੍ਰੀਕ੍ਰਿਆ ਤੋਂ ਵੱਖ ਕਰਨ ਲਈ ਜਾਣਬੁਝ ਕੇ ਦੂਰ ਰੱਖਿਆ ਜਾ ਰਿਹਾ ਹੈ, ਜਿਸਦਾ ਕਾਰਨ ਆਪ ਆਗੂ ਦਾ ਪੰਜਾਬੀਆਂ ‘ਤੇ ਭਰੋਸਾ ਨਾ ਹੋਣਾ ਤੇ ਉਨ੍ਹਾਂ ਦੀ ਭਲਾਈ ਵਾਸਤੇ ਉਨ੍ਹਾਂ ਅੰਦਰ ਕੋਈ ਇੱਛਾ ਸ਼ਕਤੀ ਨਾ ਹੋਣਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੋਕਾਂ ਨੂੰ ਦਿੱਲੀ ‘ਚ ਰਹਿਣ ਵਾਲੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਇਸ ਗੱਲ ਦੀ ਪੁਸ਼ਟੀ ਕਰਨ ਦੀ ਅਪੀਲ ਕੀਤੀ ਹੈ ਕਿ ਕੇਜਰੀਵਾਲ ਸਰਕਾਰ ਨੇ ਰਾਸ਼ਟਰੀ ਰਾਜਧਾਨੀ ‘ਚ ਕਿਸ ਤਰ੍ਹਾਂ ਅਵਿਵਸਥਾ ਕਾਇਮ ਕਰ ਰੱਖੀ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਕੇਜਰੀਵਾਲ ਪੰਜਾਬ ਲਈ ਨਹੀਂ ਹਨ ਤੇ ਨਾ ਹੀ ਉਹ ਕਦੇ ਇਸ ਸੂਬੇ ਦੇ ਬਣਨਗੇ।
ਕੈਪਟਨ ਅਮਰਿੰਦਰ ਨੇ ਬੀਤੇ ਦੱਸ ਸਾਲਾਂ ਦੌਰਾਨ ਪੰਜਾਬ ਨੂੰ ਸਾਰਿਆਂ ਮੋਰਚਿਆਂ ‘ਤੇ ਗੰਭੀਰ ਸੰਕਟ ‘ਚ ਧਕੇਲਣ ਲਈ ਬਾਦਲਾਂ ‘ਤੇ ਵਰ੍ਹਦਿਆਂ ਕਿਹਾ ਕਿ ਸੂਬੇ ਅੰਦਰ ਕਿਸਾਨਾਂ ਵੱਲੋਂ ਲਗਾਤਾਰ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ, ਜਦਕਿ ਬਾਦਲਾਂ ਨੂੰ ਸਿਰਫ ਆਪਣੇ ਵਿਅਕਤੀਗਤ ਹਿੱਤਾਂ ਨੁੰ ਵਾਧਾ ਦੇਣ ਦੀ ਚਿੰਤਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ 2015 ‘ਚ 449 ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ ਸਨ ਤੇ ਇਸੇ ਤਰ੍ਹਾਂ, ਬੀਤੇ ਸਾਲ ਸੂਬਾ ਸਰਕਾਰ ਦੀ ਲਾਪਰਵਾਹੀ ਨੇ 50 ਤੋਂ ਵੱਧ ਕਿਸਾਨਾਂ ਨੂੰ ਵੀ ਇਹ ਦਰਦਨਾਕ ਕਦਮ ਚੁੱਕਣ ਲਈ ਮਜ਼ਬੂਰ ਕਰ ਦਿੱਤਾ ਸੀ। ਜਿਸ ‘ਤੇ, ਉਨ੍ਹਾਂ ਨੇ ਵਾਅਦਾ ਕੀਤਾ ਕਿ ਸੱਤਾ ‘ਚ ਆਉਣ ਤੋਂ ਤੁਰੰਤ ਬਾਅਦ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਲਈ ਕਦਮ ਚੁੱਕਣਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਮੈਨਿਫੈਸਟੋ ‘ਚ ਕਿਸਾਨਾਂ ਦੀ ਭਲਾਈ ਵਾਸਤੇ ਕਈ ਉਪਾਆਂ ਦਾ ਜ਼ਿਕਰ ਕੀਤਾ ਹੈ ਅਤੇ ਪਾਰਟੀ ਖੇਤੀਬਾੜੀ ਖੇਤਰ ਨੂੰ ਮੁੜ ਖੜ੍ਹਾ ਕਰਨ ਤੇ ਕਿਸਾਨ ਸਮੁਦਾਅ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਹਰ ਮੁਮਕਿਨ ਕਦਮ ਚੁੱਕੇਗੀ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਤੇ ਉਨ੍ਹਾਂ ਦਾ ਘਰਾਣਾ, ਪਹਿਲਾਂ ਪਰਿਵਾਰ ਦੀ ਨੀਤੀ ‘ਤੇ ਕੰਮ ਕਰਦਾ ਹੈ ਅਤੇ ਇਸ ਦਿਸ਼ਾ ‘ਚ ਕੰਮ ਕਰਦਿਆਂ ਇਨ੍ਹਾਂ ਨੇ ਸੂਬੇ ਦੇ ਸਾਰੇ ਮਹੱਤਵਪੂਰੁਨ ਬਿਜਨੇਸਾਂ ‘ਤੇ ਕਬਜ਼ਾ ਜਮ੍ਹਾ ਲਿਆ ਹੈ ਅਤੇ ਉਦਯੋਗਾਂ ਨੂੰ ਗੁਆਂਢੀ ਸੂਬਿਆਂ ‘ਚ ਪਲਾਇਣ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਸੱਤਾ ‘ਚ ਆਉਣ ਤੋਂ ਬਾਅਦ ਬਾਦਲ ਵੱਲੋਂ ਚਲਾਏ ਜਾਂਦੇ ਸਾਰੇ ਮਾਫੀਆਵਾਂ ਦਾ ਅੰਤ ਕਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਾਂਗਰਸ ਦੇ ਸੱਤਾ ‘ਚ ਆਉਣ ਦੇ ਚਾਰ ਹਫਤਿਆਂ ਅੰਦਰ ਸੂਬੇ ‘ਚ ਵੱਡੇ ਪੱਧਰ ‘ਤੇ ਨਸ਼ਿਆਂ ਦੇ ਪ੍ਰਸਾਰ ਦਾ ਅੰਤ ਕਰਨ ਦਾ ਵਾਅਦਾ ਦੁਹਰਾਉਂਦਿਆਂ ਕਿਹਾ ਕਿ ਪਾਰਟੀ ਦੀ ਪ੍ਰਤੀ ਪਰਿਵਾਰ ਇਕ ਨੌਕਰੀ ਦੇਣ ਦੀ ਸਕੀਮ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਦਿਸ਼ਾ ‘ਚ ਮੀਲ੍ਹ ਦਾ ਪੱਥਰ ਸਾਬਤ ਹੋਵੇਗੀ, ਕਿਉਂਕਿ ਬੇਰੁਜ਼ਗਾਰੀ ਉਨ੍ਹਾਂ ਦੇ ਨਸ਼ਿਆਂ ਵੱਲ ਝੁਕਾਅ ਦਾ ਇਕ ਮੁੱਖ ਕਾਰਨ ਬਣੀ ਹੈ।

Please Click here for Share This News

Leave a Reply

Your email address will not be published. Required fields are marked *