ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾ ਦਾ ਅਖਾੜਾ ਪੂਰੀ ਤਰਾਂ ਭਖ ਚੁੱਕਾ ਹੈ ਅਤੇ ਵੋਟਾਂ ਵਿਚ ਗਿਣਤੀ ਦੇ ਦਿਨ ਹੀ ਬਾਕੀ ਰਹਿ ਗਏ ਹਨ। ਇਸ ਵੇਲੇ ਅਕਾਲੀ ਦਲ ਬਾਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤਿੰਨੇ ਪਾਰਟੀਆਂ ਮੁੱਖ ਤੌਰ ‘ਤੇ ਮੈਦਾਨ ਵਿਚ ਹਨ। ਜਿਥੇ ਸੱਤਾਧਾਰੀ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਵਲੋਂ ਚੋਣ ਪ੍ਰਚਾਰ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ, ਉਥੇ ਕਾਂਗਰਸ ਪਾਰਟੀ ਚੋਣ ਪ੍ਰਚਾਰ ਦੀ ਥਾਂ ਬਗਾਵਤੀ ਸਰਗਰਮੀਆਂ ਵਿਚ ਜ਼ਿਆਦਾ ਰੁੱਝੀ ਹੋਈ ਨਜ਼ਰ ਆ ਰਹੀ ਹੈ।
ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵਲੋਂ ਅਪਣਾਏ ਜਾ ਰਹੇ ਰਵਈਏ ਤੋਂ ਬੇਹੱਦ ਹੈਰਾਨੀ ਹੋ ਰਹੀ ਹੈ ਕਿ ਉਸ ਵਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ? ਆਮ ਤੌਰ ‘ਤੇ ਪਾਰਟੀ ਹਾਈ ਕਮਾਂਡ ‘ਤੇ ਦੋਸ਼ ਲੱਗਦੇ ਰਹੇ ਹਨ ਕਿ ਉਸ ਨੇ ਆਪਣਿਆਂ ਨੂੰ ਖੁਸ਼ ਕਰਨ ਵਾਲੀਆਂ ਨੀਤੀਆਂ ਨਾਲ ਪੰਜਾਬ ਵਿਚੋਂ ਨੁਕਸਾਨ ਉਠਾਇਆ ਹੈ। ਇਥੋਂ ਤੱਕ ਪਿਛਲੇ ਸਮੇਂ ਵਿਚ ਕੇਂਦਰ ਵਿਚ ਕਾਂਗਰਸ ਸਰਕਾਰ ਮੌਕੇ ਤਾਂ ਇਹ ਵੀ ਦੋਸ਼ ਲੱਗਦੇ ਰਹੇ ਹਨ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੰਦਰਖਾਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਿੱਤਾਂ ਨੂੰ ਪਹਿਲ ਦਿੰਦੇ ਹਨ।
ਇਸ ਵੇਲੇ ਜਦੋਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਪੰਜਾਬ ਵਿਚ ਸਰਕਾਰ ਬਣਾਉਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਹਨ, ੳੁਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਮੁੱਖ ਆਗੂ ਬਗਾਵਤ ਕਰ ਰਹੇ ਹਨ। ਪਹਿਲਾਂ ਕਾਂਗਰਸ ਹਾਈ ਕਮਾਂਡ ਨੇ ਆਪਣੀ ਪੁਰਾਣੀ ਰਵਾਇਤ ਅਨੁਸਾਰ ਅਜੇ ਤੱਕ ਪੰਜਾਬ ਦੇ ਸਾਰੇ ਹਲਕਿਆਂ ਦੀਆਂ ਟਿਕਟਾਂ ਦਾ ਹੀ ਐਲਾਨ ਨਹੀਂ ਕੀਤਾ। ਸੁਭਾਵਿਕ ਹੈ ਕਿ ਜਿਹੜੇ ਉਮੀਦਵਾਰ ਅਜੇ ਹੁਣ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨਗੇ, ਉਹ ਆਪਣੇ ਵਿਰੋਧੀਆਂ ਦਾ ਮੁਕਾਬਲਾ ਕਿਵੇਂ ਕਰ ਲੈਣਗੇ, ਜਿਨ੍ਹਾਂ ਨੂੰ ਚੋਣ ਪ੍ਰਚਾਰ ਸ਼ੁਰੂ ਕੀਤੇ ਨੂੰ ਇਕ ਮਹੀਨਾ ਹੋ ਚੱਲਿਆ ਹੈ। ਦੂਜਾ ਕਾਂਗਰਸ ਹਾਈ ਕਮਾਂਡ ਵਲੋਂ ਇਸ ਵਾਰ ਪਤਾ ਨਹੀਂ ਕਿਸ ਨੀਤੀ ਅਧੀਨ ਜਿੱਤਣਯੋਗ ਉਮੀਦਵਾਰਾਂ ਦੀਆਂ ਜਾਂ ਤਾਂ ਟਿਕਟਾਂ ਹੀ ਕੱਟ ਦਿੱਤੀਆਂ ਗਈਆਂ ਅਤੇ ਜਾਂ ਫਿਰ ਉਨ੍ਹਾਂ ਦੇ ਹਲਕੇ ਤਬਦੀਲ ਕਰ ਦਿੱਤੇ ਗਏ। ਇਨ੍ਹਾਂ ਨੀਤੀਆਂ ਕਾਰਨ ਕਾਂਗਰਸ ਪਾਰਟੀ ਦੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਵੀ ਆਜਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਪੁੱਤਰੀ ਹਰਕੰਵਲ ਕੌਰ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਚੁੱਕੀ ਹੈ। ਜਲੰਧਰ ਤੋਂ ਸੀਨੀਅਰ ਕਾਂਗਰਸੀ ਅਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਦਾ ਪਰਿਵਾਰ ਵੀ ਬਗਾਵਤ ਦੇ ਰਾਹ ਪੈ ਚੁੱਕਾ ਹੈ। ਇਸੇ ਤਰਾਂ ਜਗਰਾਓ ਤੋਂ ਪਾਰਟੀ ਉਮੀਦਵਾਰ ਦਾ ਬੇਹੱਦ ਵਿਰੋੱਧ ਹੋ ਰਿਹਾ ਹੈ ਅਤੇ ਕੋਟਕਪੂਰਾ ਹਲਕੇ ਤੋਂ ਵੀ ਪਾਰਟੀ ਨੂੰ ਸਮੂਹਿਕ ਅਸਤੀਫਿਆਂ ਦਾ ਸਾਹਮਣਾ ਕਰਨਾ ਪਿਆ ਹੈ।
ਪਿਛਲੀਆਂ ਵਿਧਾਨ ਸਭਾ ਚੋਣਾ ਦੌਰਾਨ ਵੀ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਮਝ ਲਿਆ ਸੀ ਕਿ ਉਨ੍ਹਾਂ ਲਈ ਮੁੱਖ ਮੰਤਰੀ ਦੀ ਕੁਰਸੀ ਸ਼ਿੰਗਾਰੀ ਜਾ ਚੁੱਕੀ ਹੈ, ਇਸ ਲਈ ਹੁਣ ਉਨ੍ਹਾਂ ਨੇ ਤਾਂ ਜਸ਼ਨ ਹੀ ਮਨਾਉਣੇ ਹਨ। ਇਸ ਲਈ ਉਸ ਵੇਲੇ ਉਨ੍ਹਾਂ ਨੇ ਆਪਣੇ ਓ.ਐਸ.ਡੀ. ਤੱਕ ਨਿਯੁਕਤ ਕਰ ਦਿੱਤੇ ਸਨ ਅਤੇ ਪਾਰਟੀ ਵਿਚ ਆਪਣੇ ਨਾਪਸੰਦੀਦਾ ਉਮੀਦਵਾਰਾਂ ਨੂੰ ਹਰਾਉਣ ਲਈ ਜੋਰ ਲਗਾ ਦਿੱਤਾ, ਤਾਂ ਜੋ ਉਹ ਜਿੱਤ ਕੇ ਵਿਧਾਨ ਸਭਾ ਵਿਚ ਰੌਲਾ ਨਾ ਪਾਉਣ। ਇਸ ਦਾ ਨਤੀਜਾ ਜੋ ਆਇਆ ਸਭ ਦੇ ਸਾਹਮਣੇ ਹੈ। ਇਸ ਵਾਰ ਭਾਵੇਂ ਉਨ੍ਹਾਂ ਦੀ ਸੋਚ ਪਿਛਲੀਆਂ ਚੋਣਾ ਵਾਲੀ ਤਾਂ ਨਾਹੀਂ, ਪਰ ਫਿਰ ਵੀ ਚੋਣਾ ਜਿੱਤਣ ਵਾਲੀ ਵੀ ਨਹੀਂ ਕਹੀ ਜਾ ਸਕਦੀ। ਇਸ ਵਾਰ ਵੀ ਉਨ੍ਹਾਂ ਨੇ ਆਪਣੇ ਓ.ਐਸ.ਡੀ. ਤੱਕ ਤਾਂ ਨਿਯੁਕਤ ਕਰ ਵੀ ਦਿੱਤੇ ਹਨ, ਜਦਕਿ ਸਰਕਾਰ ਬਨਣ ਦੀ ਅਜੇ ਤੱਕ ਸੰਭਾਵਨਾ ਨਹੀਂ ਲੱਗ ਰਹੀ। ਇਥੋਂ ਤੱਕ ਕਿ ਜਿਵੇਂ ਫਰੀਦਕੋਟ ਦੇ ਪੁਰਾਣੇ ਟਕਸਾਲੀ ਕਾਂਗਰਸੀ ਆਗੂ ਸੁਰਿੰਦਰ ਗੁਪਤਾ ਨੂੰ ਬਿੱਲਕੁੱਲ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਇਕ ਨਵੇਂ ਸ਼ਰਾਬ ਦੇ ਵਪਾਰੀ ਨੂੰ ਓ.ਐਸ.ਡੀ. ਲਗਾ ਦਿੱਤਾ ਗਿਆ। ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਤਸਕਰੀ ਮਾਮਲੇ ਵਿਚ ਬਿਕਰਮਜੀਤ ਸਿੰਘ ਮਜੀਠੀਆ ਦਾ ਅੰਦਰਖਾਤੇ ਪੱਖ ਪੂਰ ਕੇ ਪੰਜਾਬ ਦੇ ਲੋਕਾਂ ਨੂੰ ਇਹ ਪ੍ਰਭਾਵ ਦੇ ਦਿੱਤਾ ਕਿ ਉਹ ਬਾਦਲ ਨਾਲ ਰਲੇ ਹੋਏ ਹਨ ਅਤੇ ਨਸ਼ੇ ਦੇ ਵਪਾਰੀਆਂ ਨਾਲ ਉਨ੍ਹਾਂ ਦੀ ਮਿਲੀਭੁਗਤ ਹੈ। ਹੁਣ ਫਿਰ ਕੈਪਟਨ ਨਸ਼ੇ ਦੇ ਵਪਾਰੀਆਂ ਨੂੰ ਹਵਾ ਦੇ ਕੇ ਲੋਕਾਂ ਵਿਚ ਆਪਣਾ ਅਕਸ ਖਰਾਬ ਹੀ ਕਰ ਰਹੇ ਹਨ। ਇਸ ਦਾ ਲਾਹਾ ਆਮ ਆਦਮੀ ਅਜੇ ਤੱਕ ਲੈ ਰਹੀ ਹੈ ਅਤੇ ਅਜੇ ਵੀ ਪ੍ਰਚਾਰ ਕਰ ਰਹੀ ਹੈ ਕਿ ਬਾਦਲ ਅਤੇ ਕੈਪਟਨ ਰਲੇ ਹੋਏ ਹਨ। ਇਸ ਤੋਂ ਬਾਅਦ ਆਪਣੇ ਨਜਦੀਕੀਆਂ ਨੂੰ ਟਿਕਟਾਂ ਦਿਵਾ ਕੇ ਪੁਰਾਣੇ ਅਤੇ ਮਜਬੂਤ ਅਾਧਾਰ ਵਾਲੇ ਆਗੂਆਂ ਨੂੰ ਠਿੱਬੀ ਲਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ, ਚੋਣਾ ਸਿਰ ‘ਤੇ ਹੋਣ ਦੇ ਬਾਵਜੂਦ ਕਿੰਨੇ ਦਿਨ ਹੀ ਦਿੱਲੀ ਡੇਰਾ ਲਾਈ ਬੈਠੇ ਰਹੇ। ਪਾਰਟੀ ਸੂਤਰਾਂ ਅਨੁਸਾਰ ਪਿਛਲੀਆਂ ਵਿਧਾਨ ਸਭਾ ਚੋਣਾ ਵਿਚ ਹਾਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਹਾਈ ਕਮਾਂਡ ਕੋਲ ਇਹ ਦਲੀਲ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀ ਮਰਜੀ ਅਨੁਸਾਰ ਟਿਕਟਾਂ ਦੀ ਵੰਡ ਕੀਤੀ ਗੲੀ ਹੁੰਦੀ ਤਾਂ ਹਾਰ ਨਹੀਂ ਹੋਣੀ ਸੀ, ਜੋ ਕਿ ਨਿਰਆਧਾਰ ਗੱਲ ਹੈ, ਕਿਉਂਕਿ ਕਾਂਗਰਸ ਪਾਰਟੀ ਵਿਚ ਕਿਸੇ ਇਕ ਵਿਅਕਤੀ ਦੀ ਮਰਜੀ ਅਨੁਸਾਰ ਟਿਕਟਾਂ ਦੇਣਾ ਕਦੇ ਵੀ ਸੰਭਵ ਨਹੀਂ। ਇਸ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਚੋਣਾ ਜਿੱਤਣ ਦੀ ਥਾਂ ਆਪਣਿਆਂ ਨੂੰ ਟਿਕਟਾਂ ਦਿਵਾਉਣ ਵਿਚ ਹੀ ਰੁੱਝੇ ਹੋਏ ਹਨ, ਜਿਸਦੇ ਸਿੱਟੇ ਵਜੋਂ ਪੰਜਾਬ ਭਰ ਵਿਚ ਕਾਂਗਰਸ ਪਾਰਟੀ ਵਿਚ ਬਗਾਵਤ ਹੋਣ ਲੱਗ ਪਈ ਹੈ।
ਕਾਂਗਰਸ ਹਾਈ ਕਮਾਂਡ ਦੀ ਗੱਲ ਕਰੀਏ ਤਾਂ ਹਾਈਕਮਾਂਡ ਵੀ ਚੋਣਾ ਜਿੱਤਣ ਵਿਚ ਬਹੁਤੀ ਦਿਲਚਸਪੀ ਨਹੀਂ ਲੈ ਰਹੀ ਜਾਪ ਰਹੀ। ਪੰਜਾਬ ਦੇ ਬਹੁਤ ਸਾਰੇ ਅਜਿਹੇ ਹਲਕੇ ਹਨ ਜਿਥੋਂ ਨੇ ਪਾਰਟੀ ਨੇ ਉਮੀਦਵਾਰ ਬਦਲ ਕੇ ਇਹ ਪ੍ਰਭਾਵ ਦਿੱਤਾ ਹੈ ਕਿ ਉਹ ਜਾਣ ਬੁੱਝ ਕੇ ਉਮੀਦਵਾਰ ਹਰਾਉਣਾ ਚਾਹੁੰਦੀ ਹੈ। ਉਦਾਹਰਣ ਦੇ ਤੌਰ ‘ਤੇ ਪੰਜਾਬੀ ਗਾਇਕ ਮੁਹੰਮਦ ਸਦੀਕ ਪਿਛਲੀਆਂ ਚੋਣਾ ਵਿਚ ਭਦੌੜ ਹਲਕੇ ਤੋਂ ਚੋਣ ਲੜੀ ਸੀ ਅਤੇ ਜਿੱਤ ਹਾਸਲ ਕੀਤੀ ਸੀ। ਇਸੇ ਤਰਾਂ ਹਲਕਾ ਜੈਤੋ ਤੋਂ ਜੋਗਿੰਦਰ ਸਿੰਘ ਪੰਜਗਰਾਈਂ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਬਾਦਲ ਨੂੰ ਹਰਾ ਕੇ ਚੋਣ ਜਿੱਤੀ ਸੀ। ਇਸ ਵਾਰ ਪਾਰਟੀ ਹਾਈ ਕਮਾਂਡ ਨੇ ਦੋਵਾਂ ਆਗੂਆਂ ਦੀਆਂ ਟਿਕਟਾਂ ਬਦਲ ਕੇ ਮੁਹੰਮਦ ਸਦੀਕ ਨੂੰ ਜੈਤੋ ਹਲਕੇ ਵਿਚੋਂ ਅਤੇ ਜੋਗਿੰਦਰ ਸਿੰਘ ਪੰਜਗਰਾਈਂ ਨੂੰ ਭਦੌੜ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ। ਹੈਰਾਨੀਜਨਕ ਤੱਥ ਇਹ ਵੀ ਹਨ ਕਿ ਦੋਵੇਂ ਆਗੂ ਆਪਣੇ ਹਲਕਿਆਂ ਵਿਚੋਂ ਹੀ ਚੋਣ ਲੜਨਾ ਚਾਹੁੰਦੇ ਸਨ, ਪਰ ਉਨ੍ਹਾਂ ਦੀ ਇੱਛਾ ਦੇ ਉਲਟ ਟਿਕਟਾਂ ਦਿੱਤੀਆਂ ਗਈਆਂ। ਇਸ ਦੇ ਸਿੱਟੇ ਵਜੋਂ ਅੱਜ ਦੇ ਹਾਲਾਤਾਂ ਅਨੁਸਾਰ ਦੋਵੇਂ ਹਲਕੇ ਕਾਂਗਰਸ ਹੱਥੋਂ ਨਿਕਲਣ ਦੀ ਹੀ ਸੰਭਾਵਨਾ ਹੈ।
ਇਸੇ ਤਰਾਂ ਪਹਿਲਾਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੀ ਨਿਯੁਕਤੀ ਦੇ ਮਾਮਲੇ ਵਿਚ ਕਾਂਗਰਸ ਹਾਈ ਕਮਾਂਡ ਨੇ ਪਾਰਟੀ ਦੇ ਬੇਹੱਦ ਸੂਝਵਾਨ ਅਤੇ ਲੋਕ ਮਸਲਿਆਂ ਨੂੰ ਬਹੁਤ ਹੀ ਸੰਜੀਦਾ ਢੰਗ ਨਾਲ ਉਭਾਰਨ ਵਾਲੇ ਆਗੂ ਸੁਨੀਲ ਜਾਖੜ ਨੂੰ ਹਟਾ ਕੇ ਇਕ ਬਿੱਲਕੁੱਲ ਨਵੇਂ ਚਿਹਰੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਬਣਾ ਦਿੱਤਾ। ਇਸ ਕਾਰਨ ਵਿਧਾਨ ਸਭਾ ਵਿਚ ਸ੍ਰੀ ਚੰਨੀ ਦੇ ਭਾਸ਼ਨਾਂ ਨੇ ਕਾਂਗਰਸ ਦੀ ਜੋ ਮਿੱਟੀ ਪਲੀਤ ਕੀਤੀ, ਉਹ ਸਭ ਦੇ ਸਾਹਮਣੇ ਹੈ। ਇਸਦੇ ਬਾਵਜੂਦ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਬਨਣ ਪਿਛੋਂ ਸ਼੍ਰੀ ਚੰਨੀ ਦਾ ਆਧਾਰ ਵਧਣਾ ਸੁਭਾਵਿਕ ਸੀ ਅਤੇ ਉਹ ਸੂਬੇ ਦੇ ਸੀਨੀਅਰ ਆਗੂਆਂ ਵਿਚ ਸ਼ਾਮਲ ਹੋ ਗਏ। ਪਰ ਹੁਣ ਜਦ ਚੋਣਾ ਲਈ ਉਮੀਦਵਾਰਾਂ ਦਾ ਫੈਸਲਾ ਕਰਨਾ ਸੀ ਤਾਂ ਸ਼੍ਰੀ ਚੰਨੀ ਨੂੰ ਮੱਖਣ ਵਿਚੋਂ ਵਾਲ ਵਾਂਗ ਕੱਢ ਦੇਣ ਨਾਲ ਉਨ੍ਹਾਂ ਦੀ ਬਗਾਵਤ ਜਾਇਜ਼ ਲੱਗ ਰਹੀ ਹੈ।
ਉਧਰ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰਹੇ ਪ੍ਰਤਾਪ ਸਿੰਘ ਬਾਜਵਾ ਦੇ ਕੰਮ ਨੂੰ ਪੰਜਾਬ ਵਿਚ ਕਾਫੀ ਸਲਾਹਿਆ ਗਿਆ ਅਤੇ ਉਨ੍ਹਾਂ ਨੇ ਪੰਜਾਬ ਵਿਚੋਂ ਨਸ਼ੇ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਨੂੰ ਵੀ ਪੰਜਾਬ ਦੇ ਲੋਕਾਂ ਨੇ ਬਹੁਤ ਸਲਾਹਿਆ। ਪ੍ਰਦੇਸ਼ ਪ੍ਰਧਾਨ ਹੁੰਦਿਆਂ ਉਨ੍ਹਾਂ ਦਾ ਸੂਬੇ ਵਿਚ ਕਾਫੀ ਆਧਾਰ ਬਣਿਆ ਅਤੇ ਬਹੁਤ ਸਾਰੇ ਵਰਕਰ ਤੇ ਆਗੂ ਸ੍ਰੀ ਬਾਜਵਾ ਨਾਲ ਜੁੜ ਗਏ ਹਨ। ਹਾਈ ਕਮਾਂਡ ਵਲੋਂ ਟਿਕਟਾਂ ਦੀ ਵੰਡ ਵੇਲੇ ਸ੍ਰੀ ਬਾਜਵਾ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ।
ਕੈਪਟਨ ਅਮਰਿੰਦਰਿ ਸਿੰਘ ਦੀ ਬਖਲਾਹਟ ਕਹੀ ਜਾਵੇ ਜਾਂ ਵਿਰੋਧੀਆਂ ਨਾਲ ਮਿਲੀਭੁਗਤ ਕਿ ਉਨ੍ਹਾਂ ਵਲੋਂ ਲੰਬੀ ਹਲਕੇ ਤੋਂ ਚੋਣ ਲੜਨ ਦੀ ਬਿਆਨਬਾਜੀ ਨੇ ਤਾਂ ਇਕ ਤਰਾਂ ਪਰਟੀ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ। ਪਹਿਲਾਂ ਤਾਂ ਸ੍ਰੀ ਪ੍ਰਤਾਪ ਸਿੰਘ ਬਾਜਵਾ ਦੇ ਧੜੇ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੀ ਹਲਕੇ ਵਿਚ ਫਸਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ ਅਤੇ ਕੈਪਟਨ ਵਲੋਂ ਇਨ੍ਹਾਂ ਕੋਸ਼ਿਸ਼ਾਂ ਨੂੰ ਅਸਫਲ ਕਰਨ ਲਈ ਜੋਰ ਲਾਇਆ ਜਾ ਰਿਹਾ ਸੀ। ਪਰ ਹੁਣ ਖੁਦ ਲੰਬੀ ਹਲਕੇ ਤੋਂ ਚੋਣ ਲੜਨ ਦੀ ਇੱਛਾ ਜਾਹਿਰ ਕਰਨ ਨਾਲ ਤਾਂ ਉਹ ਬਿੱਲਕੁੱਲ ਕਸੂਤੇ ਫਸ ਗਏ ਹਨ। ਪੰਜਾਬ ਦੀ ਜਨਤਾ ਵੀ ਹੁਣ ਪਹਿਲਾਂ ਵਾਲੀ ਨਹੀਂ ਰਹੀ, ਹਰ ਗੱਲ ਸਮਝਦੀ ਹੈ ਅਤੇ ਵਿਰੋਧੀ ਵੀ ਹੁਣ ਪਹਿਲਾਂ ਵਾਲੇ ਨਹੀਂ ਰਹੇ। ਹੁਣ ਜਿਥੇ ਵਿਰੋਧੀਆਂ ਵਲੋਂ ਕੈਪਟਨ ਨੂੰ ਕਹੇ ਉੱਤੇ ਫੁੱਲ ਚੜ੍ਹਾਉਣ ਲਈ ਲਲਕਾਰਿਆ ਜਾ ਰਿਹਾ ਹੈ, ਉਥੇ ਲੋਕ ਵੀ ਕਹੀ ਗੱਲ ਪੁਗਾਉਣ ਦੀਆਂ ਚੇਤਾਵਨੀਆਂ ਦੇਣ ਲੱਗ ਪਏ ਹਨ। ਇਸ ਤਰਾਂ ਹੁਣ ਹਾਲਾਤ ਇਹ ਹਨ ਕਿ ਲੰਬੀ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਚੋਣ ਜਿੱਤਣਾ ਤਾਂ ਬਹੁਤ ਦੂਰ ਦੀ ਗੱਲ ਹੈ, ਸਗੋਂ ਇਥੋਂ ਚੋਣ ਲੜਨਾ ਸਿਆਸਤ ਵਿਚੋਂ ਬਾਹਰ ਹੋਣ ਬਰਾਬਰ ਹੋਵੇਗਾ। ਕੈਪਟਨ ਦੇ ਇਸ ਬਿਆਨ ਜਿਥੇ ਉਨ੍ਹਾਂ ਦੇ ਸਿਆਸੀ ਭਵਿੱਖ ‘ਤੇ ਸੁਆਲ ਖੜ੍ਹੇ ਹੋ ਗੲੇ ਹਨ, ੳੁਥੇ ਉਨ੍ਹਾਂ ‘ਤੇ ਬਾਦਲ ਨਾਲ ਮਿਲੇ ਹੋਣ ਦੇ ਲੱਗ ਰਹੇ ਦੋਸ਼ਾਂ ਨੂੰ ਵੀ ਹਵਾ ਮਿਲੀ ਹੈ। ਕਿਉਂਕਿ ਜੇਕਰ ਉਹ ਲੰਬੀ ਤੋਂ ਚੋਣ ਲੜਦੇ ਹਨ ਤਾਂ ਉਨ੍ਹਾਂ ਦੀ ਆਪਣਾ ਭਵਿੱਖ ਹੀ ਧੁੰਦਲਾ ਨਹੀਂ ਹੋਵੇਗਾ, ਸਗੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਆਸਾਨ ਹੋ ਜਾਵੇਗੀ।
ਇਨ੍ਹਾਂ ਹਾਲਾਤਾਂ ਵਿਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਇਹ ਤਾਂ ਸਪਸ਼ਟ ਹੈ ਕਿ ਉਹ ਪੰਜਾਬ ਵਿਚ ਸਰਕਾਰ ਬਣਾਉਣ ਲਈ ਕੰਮ ਨਹੀਂ ਕਰ ਰਹੀ ਸਗੋਂ ਵਿਰੋਧੀਆਂ ਦੀ ਮੱਦਦ ਕਰ ਰਹੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਹਾਈ ਕਮਾਂਡ ਦਾ ਇਹ ਰਵਈਆ ਅੰਦਰਖਾਤੇ ਬਾਦਲ ਦੀ ਮੱਦਦ ਕਰ ਰਿਹਾ ਹੈ ਜਾਂ ਆਮ ਆਦਮੀ ਪਾਰਟੀ ਦੀ? ਇਥੇ ਆਮ ਜਨਤਾ ਦੇ ਇਹ ਦੋਸ਼ ਵੀ ਸੱਚ ਸਾਬਤ ਹੁੰਦੇ ਜਾਪ ਰਹੇ ਹਨ ਕਿ ਕਾਂਗਰਸ ਅਤੇ ਅਕਾਲੀ ਦਲ ਦਾ ਕਥਿਤ ਸਮਝੌਤਾ ਇਸ ਗੱਲ ‘ਤੇ ਹੈ ਕਿ ਆਮ ਆਦਮੀ ਪਾਰਟੀ ਨੂੰ ਨਹੀਂ ਜਿੱਤਣ ਦੇਣਾ, ਦੋਵਾਂ ਵਿਚੋਂ ਭਾਵੇਂ ਕਿਸੇ ਦੀ ਵੀ ਸਰਕਾਰ ਬਣ ਜਾਵੇ। ਸਚਾਈ ਕੀ ਹੈ? ਇਹ ਤਾਂ ਜਾਂ ਕਾਂਗਰਸ ਹਾਈ ਕਮਾਂਡ ਜਾਣਦੀ ਹੈ ਜਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ।
Nirmal Sadhanwalia
Mob : +91-9876071600
E-Mail : sadhanwalia@gmail.com