
ਚੰਡੀਗੜ੍ਹ : ਪੰਜਾਬ ਦੇ ਆਈਏਐਸ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਤਾਇਨਾਤੀਆਂ ਦੌਰਾਨ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਨਿਭਾਉਣ ਦਾ ਚੋਣ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਅਜਿਹੇ ਹੀ ਦੋ ਆਈਏਐਸ ਅਧਿਕਾਰੀਆਂ ਨੂੰ ਤੁਰੰਤ ਤਬਦੀਲ ਕਰਨ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਅਧਿਕਾਰੀਆਂ ਵਿੱਚ ਡਾ. ਐਸ. ਕਰੁਣਾ ਰਾਜੂ ਅਤੇ ਅਸ਼ਵਨੀ ਕੁਮਾਰ ਸ਼ਰਮਾ ਦੇ ਨਾਂ ਸ਼ਾਮਲ ਹਨ। ਸਟੇਟ ਟਰਾਂਸਪੋਰਟ ਕਮਿਸ਼ਨਰ (ਐਸਟੀਸੀ) ਅਸ਼ਵਨੀ ਕੁਮਾਰ ਸ਼ਰਮਾ ਦੀ ਥਾਂ ਰਜਤ ਅਗਰਵਾਲ ਅਤੇ ਰੋਪੜ ਦੇ ਕਮਿਸ਼ਨਰ ਡਾ. ਕਰੁਣਾ ਐਸ. ਰਾਜੂ ਨੂੰ ਤਬਦੀਲ ਕਰ ਕੇ ਵਿਵੇਕ ਪ੍ਰਤਾਪ ਸਿੰਘ ਨੂੰ ਲਾਉਣ ਦੇ ਹੁਕਮ ਦਿੱਤੇ ਗਏ ਹਨ। ਸ੍ਰੀ ਸ਼ਰਮਾ ਉਪ ਮੁੱਖ ਮੰਤਰੀ ਨਾਲ ਵਿਸ਼ੇਸ਼ ਸਕੱਤਰ ਅਤੇ ਡਾ. ਰਾਜੂ ਮੁੱਖ ਮੰਤਰੀ ਨਾਲ ਵਿਸ਼ੇਸ਼ ਸਕੱਤਰ ਵਜੋਂ ਵੀ ਸੇਵਾ ਨਿਭਾਅ ਰਹੇ ਹਨ। ਮੁੱਖ ਚੋਣ ਅਧਿਕਾਰੀ ਵੀ. ਕੇ. ਸਿੰਘ ਨੇ ਤਬਾਦਲਿਆਂ ਦੀ ਹੁਕਮਾਂ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਚੋਣ ਕਮਿਸ਼ਨ ਨੇ ਰਾਜ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਅਤੇ ਹੋਰ ਕਈ ਸੀਨੀਅਰ ਅਧਿਕਾਰੀਆਂ ਦੀਆਂ ਗਤੀਵਿਧੀਆਂ ’ਤੇ ਵੀ ਨੇੜਿਓਂ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਮੁੱਖ ਸਕੱਤਰ ਖ਼ਿਲਾਫ਼ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਹੈ। ਉਨ੍ਹਾਂ ਖ਼ਿਲਾਫ਼ ਗੰਭੀਰ ਦੋਸ਼ਾਂ ਵਾਲੀ ਇੱਕ ਹੋਰ ਬੇਨਾਮੀ ਸ਼ਿਕਾਇਤ ਵੀ ਕਮਿਸ਼ਨ ਨੂੰ ਮਿਲੀ ਹੈ ਜਿਸਦੀ ਜਾਂਚ ਜਾਰੀ ਹੈ।
ਚੋਣ ਕਮਿਸ਼ਨ ਨੇ ਸਰਕਾਰ ਨੂੰ ਇੱਕ ਹੋਰ ਝਟਕਾ ਦਿੰਦਿਆਂ ਪੰਜਾਬ ਆਰਮਡ ਪੁਲੀਸ (ਪੀਏਪੀ) ਜਲੰਧਰ ਨਾਲ ਸਬੰਧਤ ਇੰਸਪੈਕਟਰ ਰੈਂਕ ਦੇ ਪੁਲੀਸ ਅਫ਼ਸਰਾਂ ਨੂੰ ਐਸ.ਐਚ.ਓ. ਦੀ ਡਿਊਟੀ ਤੋਂ ਤੁਰੰਤ ਫਾਰਗ ਕਰ ਕੇ ਜ਼ਿਲ੍ਹਾ ਇੰਸਪੈਕਟਰਾਂ ਨੂੰ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਚੋਣ ਅਧਿਕਾਰੀਆਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਨਾਲ ਤਾਇਨਾਤ ਅਧਿਕਾਰੀ ਦੇ ਕਮਿਸ਼ਨ ਡਿਵੀਜ਼ਨ ਵਜੋਂ ਨਿਯੁਕਤੀ ਦਾ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਇਸੇ ਤਰ੍ਹਾਂ ਉਪ ਮੁੱਖ ਮੰਤਰੀ ਨਾਲ ਤਾਇਨਾਤ ਅਧਿਕਾਰੀ ਵੱਲੋਂ ਟਰਾਂਸਪੋਰਟ ਵਿਭਾਗ ਦੀ ਵੱਡੀ ਜ਼ਿੰਮੇਵਾਰੀ ਸੰਭਾਲੀ ਜਾ ਰਹੀ ਸੀ। ਇਹ ਦੋਵੇਂ ਅਹੁਦੇ ਚੋਣਾਂ ਦੌਰਾਨ ਅਹਿਮ ਹੁੰਦੇ ਹਨ। ਚੋਣ ਕਮਿਸ਼ਨ ਵਿਚਲੇ ਸੂਤਰਾਂ ਦਾ ਦੱਸਣਾ ਹੈ ਕਿ ਕਮਿਸ਼ਨ ਨੂੰ ਇੱਕ ਸੀਨੀਅਰ ਅਧਿਕਾਰੀ ਵੱਲੋਂ ਜੂਨੀਅਰ ਆਈਏਐਸ ਅਫ਼ਸਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਪੂਰਨ ਦੀ ਰਿਪੋਰਟ ਖੁਫ਼ੀਆ ਏਜੰਸੀਆਂ ਤੋਂ ਵੀ ਮਿਲੀ ਹੈ। ਕਮਿਸ਼ਨ ਦੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਇੱਕ ਸੀਨੀਅਰ ਅਧਿਕਾਰੀ ਵੱਲੋਂ ਸ਼ਹਿਰੀ ਮਿਸ਼ਨ ਤਹਿਤ ਸਰਕਾਰੀ ਪੈਸਾ ਜਾਰੀ ਕੀਤਾ ਗਿਆ ਹੈ। ਇਨ੍ਹਾਂ ਮਾਮਲਿਆਂ ’ਤੇ ਕਮਿਸ਼ਨ ਵੱਲੋਂ ਗੁਪਤ ਤੌਰ ’ਤੇ ਤੱਥ ਇਕੱਤਰ ਕੀਤੇ ਜਾ ਰਹੇ ਹਨ। ਇਸ ਅਧਿਕਾਰੀ ਵਿਰੁੱਧ ਤੱਥਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕਮਿਸ਼ਨ ਵੱਲੋਂ ਸਰਕਾਰ ਨੂੰ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਦਾ ਵੱਡਾ ਝਟਕਾ ਵੀ ਦਿੱਤੇ ਜਾਣ ਦੇ ਆਸਾਰ ਹਨ। ਚੋਣ ਕਮਿਸ਼ਨ ਨੇ ਲੰਬੀ ਦੇ ਅਕਾਲੀ ਆਗੂ ਤੇ ਬਾਦਲਾਂ ਦੇ ਖਾਸਮਖਾਸ ਦਿਆਲ ਸਿੰਘ ਕੋਲਿਆਂਵਾਲੀ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ।
(we are thankful to punjabi tribune for publish this item)