best platform for news and views

ਬਾਦਲ ਦੇ ਜੁੱਤੀ ਮਾਰਨ ਵਾਲੇ ਗੁਰਬਚਨ ਸਿੰਘ ਸਰਬੱਤ ਖਾਲਸਾ ਧਿਰਾਂ ਵਲੋਂ ਲੰਬੀ ਤੋਂ ਚੋਣ ਲੜਨਗੇ

Please Click here for Share This News
ਚਰਨਜੀਤ ਭੁੱਲਰ

ਬਠਿੰਡਾ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਜੁੱਤੀ ਸੁੱਟਣ ਵਾਲੇ ਗੁਰਬਚਨ ਸਿੰਘ ਹਲਕਾ ਲੰਬੀ ਤੋਂ ਸਰਬੱਤ ਖ਼ਾਲਸਾ ਧਿਰਾਂ ਦੇ ਉਮੀਦਵਾਰ ਹੋਣਗੇ। ਗੁਰਬਚਨ ਸਿੰਘ ਨੇ ਚੋਣ ਲੜਨ ’ਤੇ ਸਹਿਮਤੀ ਦੇ ਦਿੱਤੀ ਹੈ। ਪੰਥਕ ਧਿਰਾਂ ਨੇ ਅੱਜ ਲੰਬੀ ਤੋਂ ਚੋਣ ਲੜ ਰਹੇ ‘ਆਪ’ ਉਮੀਦਵਾਰ ਜਰਨੈਲ ਸਿੰਘ ਅਤੇ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ੁਦ ਚੋਣ ਮੈਦਾਨ ’ਚੋਂ ਹਟ ਜਾਣ ਅਤੇ ਗੁਰਬਚਨ ਸਿੰਘ ਦੀ ਹਮਾਇਤ ਕਰਨ।
ਮੁਤਵਾਜ਼ੀ ਜਥੇਦਾਰਾਂ ਅਤੇ ਪੰਥਕ ਆਗੂਆਂ ਨੇ ਬੀਤੀ ਰਾਤ ਬਠਿੰਡਾ ਵਿੱਚ ਮੀਟਿੰਗ ਕਰਕੇ ਗੁਰਬਚਨ ਸਿੰਘ ਦੀ ਸਹਿਮਤੀ ਲੈਣ ਮਗਰੋਂ ਉਸ ਨੂੰ ਲੰਬੀ ਤੋਂ ਉਮੀਦਵਾਰ ਬਣਾਉਣ ਦਾ ਮਨ ਬਣਾ ਲਿਆ ਹੈ।
ਪੰਥਕ ਧਿਰਾਂ ਤੇ ਮੁਤਵਾਜ਼ੀ ਜਥੇਦਾਰਾਂ ਤਰਫੋਂ ਅੱਜ ਭਾਈ ਗੁਰਦੀਪ ਸਿੰਘ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਪਰਮਿੰਦਰ ਸਿੰਘ ਬਾਲਿਆਂ ਵਾਲੀ ਨੇ ਗੁਰਬਚਨ ਸਿੰਘ ਦੇ ਭਰਾ ਨਾਲ ਮੁਲਾਕਾਤ ਕੀਤੀ ਅਤੇ ਗੁਰਬਚਨ ਸਿੰਘ ਨੇ ਉਮੀਦਵਾਰ ਬਣਨ ਦੀ ਹਾਮੀ ਭਰੇ ਜਾਣ ਦੀ ਸੂਚਨਾ ਹੈ। ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਪਰਮਿੰਦਰ ਸਿੰਘ ਬਾਲਿਆਂ ਵਾਲੀ ਨੇ ਅੱਜ ਇੱਥੇ ਸ਼ਾਮ ਨੂੰ ਦੱਸਿਆ ਕਿ ਗੁਰਬਚਨ ਸਿੰਘ ਨੇ ਪੰਥ ਦਾ ਹਰ ਹੁਕਮ ਮੰਨਣ ਦੀ ਗੱਲ ਆਖੀ ਹੈ।
ਇਸ ਮੌਕੇ ਆਗੂਆਂ ਨੇ ਆਖਿਆ ਕਿ ਗੁਰਬਚਨ ਸਿੰਘ ਨੇ ਪੰਜਾਬੀਆਂ ਦੇ ਰੋਸੇ ਦਾ ਪ੍ਰਗਟਾਵਾ ਕੀਤਾ ਹੈ, ਜਿਸ ਕਰਕੇ ਉਸ ਨੂੰ ਲੰਬੀ ਹਲਕੇ ਤੋਂ ਚੋਣ ਲੜਾਉਣ ਦਾ ਵਿਚਾਰ ਹੈ। ਬੀਤੀ ਰਾਤ ਬਠਿੰਡਾ ਵਿੱਚ ਹੋਈ ਮੀਟਿੰਗ ’ਚ ਕਾਫ਼ੀ ਲੰਮੀ ਵਿਚਾਰ ਚਰਚਾ ਹੋਈ ਹੈ। ਇਸ    ਚਰਚਾ ਮਗਰੋਂ ਹੀ ਵਫ਼ਦ ਨੇ ਗੁਰਬਚਨ ਸਿੰਘ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ।

ਭਾਈ ਬਲਬੀਰ ਕਰਨਗੇ ਜਰਨੈਲ ਸਿੰਘ ਦੀ ਹਮਾਇਤ
ਹਲਕਾ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਚੋਣ ਲੜਣ ਦੇ ਇੱਛੁਕ ਭਾਈ ਬਲਬੀਰ ਸਿੰਘ ਅਰਦਾਸੀਆ ਨੇ ਮਨ ਬਦਲ ਲਿਆ ਹੈ ਅਤੇ ਹੁਣ ਹਲਕਾ ਲੰਬੀ ਤੋਂ ਚੋਣ ਲੜ ਰਹੇ ‘ਆਪ’ ਉਮੀਦਵਾਰ ਜਰਨੈਲ ਸਿੰਘ ਨੂੰ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਖ਼ੁਲਾਸਾ ਭਾਈ ਬਲਬੀਰ ਸਿੰਘ ਨੇ ਅੱਜ ਖ਼ੁਦ ਕੀਤਾ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਸੱਤਾ ਦੀ ਲਾਲਸਾ ਨਹੀਂ ਹੈ। ਉਹ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਦੀ ਲੜੀ ਵਜੋਂ ਹੀ ਇਹ ਚੋਣ ਲੜਣਾ ਚਾਹੁੰਦੇ ਸਨ। ਉਨ੍ਹਾਂ ਆਖਿਆ ਕਿ ਉਹ ਜਰਨੈਲ ਸਿੰਘ ਨੂੰ ਸਮਰਥਨ ਦੇਣ ਲਈ ਹਲਕਾ ਲੰਬੀ ਵਿੱਚ ਜਾਣਗੇ ਅਤੇ ਉਨ੍ਹਾਂ ਵਾਸਤੇ ਚੋਣ ਪ੍ਰਚਾਰ ਕਰਨਗੇ।
ਬਾਦਲ ’ਤੇ ਜੁੱਤੀ ਸੁੱਟਣ ਵਾਲੇ ਦਾ ਦੋ ਦਿਨਾ ਪੁਲੀਸ ਰਿਮਾਂਡ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਕੱਲ੍ਹ ਜੁੱਤੀ ਸੁੱਟਣ ਵਾਲੇ ਗੁਰਬਚਨ ਸਿੰਘ ਨੂੰ ਦੋ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅੱਜ ਮਲੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਨੇ ਘਟਨਾ ਦੀ ਪੂਰੀ ਪੜਤਾਲ ਲਈ ਮੁਲਜ਼ਮ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮਲੋਟ ਦੇ ਡੀਐਸਪੀ ਸੁਲੱਖਣ ਸਿੰਘ ਨੇ ਕਿਹਾ ਕਿ ਮੁਲਜ਼ਮ ਗੁਰਬਚਨ ਸਿੰਘ ਨੂੰ 14 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੱਲ੍ਹ ਪਿੰਡ ਰੱਤਾ ਖੇੜਾ (ਛੋਟਾ) ਵਿੱਚ ਤਖ਼ਤ ਕੇਸਗੜ੍ਹ ਸਾਹਿਬ ਦੇ ਭਰਾ ਗੁਰਬਚਨ ਸਿੰਘ ਨੇ ਚੋਣ ਜਲਸੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਜੁੱਤੀ ਸੁੱਟੀ ਦਿੱਤੀ। ਇਸ ਨਾਲ ਸ੍ਰੀ ਬਾਦਲ ਦੀ ਐਨਕ ਨੁਕਸਾਨੀ ਗਈ ਸੀ ਤੇ ਅੱਖ ਸੁੱਜ ਗਈ ਸੀ। ਕਬਰਵਾਲਾ ਪੁਲੀਸ ਨੇ ਗੁਰਬਚਨ ਸਿੰਘ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਾ 352/353/182 ਤਹਿਤ ਕੇਸ ਦਰਜ ਕੀਤਾ ਸੀ।

(we are thankful to punjabi triubne for published this item)

Please Click here for Share This News

Leave a Reply

Your email address will not be published. Required fields are marked *