best platform for news and views

ਬਾਦਲਾਂ ਵੱਲੋਂ ਬੇਕਸੂਰ ਲੋਕਾਂ ਖਿਲਾਫ ਦਰਜ਼ ਸਾਰਿਆਂ ਝੂਠੇ ਕੇਸਾਂ ਨੂੰ ਮੁੜ ਖੋਲ੍ਹਾਂਗੇ: ਕੈਪਟਨ ਅਮਰਿੰਦਰ

Please Click here for Share This News

ਤਲਵੰਡੀ ਸਾਬੋ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਬਾਦਲ ਸਰਕਾਰ ਵੱਲੋਂ ਉਸਦੇ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਦਰਜ ਕੀਤੇ ਗਏ ਸਾਰੇ ਝੂਠੇ ਕੇਸਾਂ ਨੂੰ ਮੁੜ ਖੋਲ੍ਹਣ ਦਾ ਵਾਅਦਾ ਕਰਨ ਦੇ ਨਾਲ-ਨਾਲ ਇਹ ਵੀ ਐਲਾਨ ਕੀਤਾ ਕਿ ਉਹ ਬਾਦਲਾਂ ਨੂੰ ਪੰਜਾਬ ਨੂੰ ਲੁੱਟਣ ਬਦਲੇ ਸਬਕ ਸਿਖਾਉਣਗੇ।
ਇਸ ਮੌਕੇ ਕੈਪਟਨ ਅਮਰਿੰਦਰ ਨੇ ਕਈ ਘੰਟਿਆਂ ਤੋਂ ਉਤਸਾਹ ਨਾਲ ਉਨ੍ਹਾਂ ਦਾ ਰੈਲੀ ਦੇ ਮੈਦਾਨ ‘ਚ ਇੰਤਜ਼ਾਰ ਕਰ ਰਹੀ ਭਾਰੀ ਭੀੜ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸਾਫ ਤੌਰ ‘ਤੇ ਉਸ ਨਿਰਾਸ਼ਾ ਦਾ ਲੱਛਣ ਹੈ, ਜਿਸ ਤੋਂ ਪੀੜਤ ਲੋਕ ਸੂਬੇ ਅੰਦਰ ਬਦਲਾਅ ਚਾਹੁੰਦੇ ਹਨ।
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਲੋਕਾਂ ਦੀ ਅਸਮਾਨ ‘ਚ ਗੂੰਜ ਰਹੀ ਵਾਹ ਵਾਹ ਵਿਚਾਲੇ ਐਲਾਨ ਕੀਤਾ ਕਿ ਬੇਕਸੂਰ ਲੋਕਾਂ ਖਿਲਾਫ ਕਈ ਝੂਠੇ ਕੇਸ ਦਰਜ ਕਰਵਾਉਣ ਲਈ ਜ਼ਿੰਮੇਵਾਰ ਬਾਦਲਾਂ, ਤੇ ਲੋਕਲ ਵਿਧਾਇਕ ਜੀਤ ਮੋਹਿੰਦਰ ਸਿੰਘ ਸਿੱਧੂ ਵਰਗੇ ਉਨ੍ਹਾਂ ਦੇ ਸਾਥੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਬਾਦਲਾਂ ਵੱਲੋਂ ਦਰਜ਼ ਕੀਤੇ ਗਏ ਇਕੱਲੇ 5 ਲੱਖ ਝੂਠੇ ਕੇਸਾਂ ‘ਚੋਂ ਹਰੇਕ ਨੂੰ ਮੁੜ ਖੋਲ੍ਹੇਗੀ ਤੇ ਉਹ ਇਹ ਵੀ ਪੁਖਤਾ ਕਰਨਗੇ ਕਿ ਵਿਅਕਤੀਗਤ ਫਾਇਦਿਆਂ ਖਾਤਿਰ ਕਾਂਗਰਸ ਛੱਡਣ ਵਾਲੇ ਲੋਕਲ ਵਿਧਾਇਕ ਨੂੰ ਉਸਦੇ ਗੁਨਾਹਾਂ ਦੀ ਸਜ਼ਾ ਮਿਲੇ।
ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਵਿਧਾਨ ਸਭਾ ਖੇਤਰ ਤੋਂ ਕਾਂਗਰਸ ਉਮੀਦਵਾਰ ਖੁਸ਼ਬਾਜ ਸਿੰਘ ਜਟਾਨਾ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਬਾਦਲਾਂ ਵੱਲੋਂ ਬੀਤੇ ਇਕ ਦਹਾਕੇ ਦੌਰਾਨ ਕੀਤੇ ਗਏ ਸਾਰੇ ਗਲਤ ਕੰਮਾਂ ਨੂੰ ਸਹੀ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਗਲੀ ਕਾਂਗਰਸ ਸਰਕਾਰ ਸੂਬੇ ਨੂੰ ਬਾਦਲਾਂ ਵੱਲੋਂ ਚਲਾਏ ਜਾਂਦੇ ਸਾਰੇ ਮਾਫੀਆਵਾਂ ਤੋਂ ਮੁਕਤ ਕਰਵਾਏਗੀ।
ਇਸੇ ਤਰ੍ਹਾਂ, 5 ਲੱਖ ਰੁਪਏ ਪ੍ਰਤੀ ਰਾਤ ਦਾ ਕਿਰਾਇਆ ਲੈਣ ਵਾਲੇ ਸੁਖਬੀਰ ਸਿੰਘ ਬਾਦਲ ਦੇ ਸੁਖਵਿਲਾਸ ਨੂੰ ਬਾਦਲਾਂ ਦੀ ਲੁੱਟ ਦੀ ਇਕ ਉਦਾਹਰਨ ਕਰਾਰ ਦਿੰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ ਦਾ ਪੂਰਾ ਧਿਆਨ ਆਪਣੇ ਪਰਿਵਾਰਿਕ ਹਿੱਤਾਂ ਨੂੰ ਅੱਗੇ ਵਧਾਉਣ ‘ਚ ਹੈ ਅਤੇ ਇਨ੍ਹਾਂ ਨੂੰ ਪੰਜਾਬ ਦੀ ਭਲਾਈ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਸੂਬੇ ਦੀ ਇਹ ਹਾਲਤ ਬਣਾਉਣ ਲਈ ਜ਼ਿੰਮੇਵਾਰ ਅਕਾਲੀਆਂ ਨੂੰ ਸਜ਼ਾ ਦੇਣਗੇ। ਉਹ ਪੁਖਤਾ ਕਰਨਗੇ ਕਿ ਬਾਦਲਾਂ ਸਮੇਤ ਉਨ੍ਹਾਂ ‘ਚੋਂ ਹਰੇਕ ਨੂੰ ਨਸ਼ਿਆਂ ਨਾਲ ਪੰਜਾਬ ਦੇ ਨੌਜ਼ਵਾਨਾਂ ਨੂੰ ਤਬਾਹ ਕਰਨ ਅਤੇ ਸੂਬੇ ਦੇ ਵਿੱਤੀ ਤੇ ਹੋਰ ਸੰਸਾਧਨਾਂ ਦਾ ਮਾਫੀਆਵਾਂ ਰਾਹੀਂ ਸ਼ੋਸ਼ਣ ਕਰਨ ਨੂੰ ਲੈ ਕੇ ਸਜ਼ਾ ਮਿਲੇ, ਜਿਨ੍ਹਾਂ ‘ਚ ਰੇਤ, ਜ਼ਮੀਨ, ਕੇਬਲ ਟੀ.ਵੀ ਆਦਿ ਮਾਫੀਆ ਸ਼ਾਮਿਲ ਹਨ।
ਉਥੇ ਹੀ, ਇਕ ਘਟੀਆ ਵਿਅਕਤੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਪ੍ਰਤੀ ਲੋਕਾਂ ਨੂੰ ਚੇਤਾਵਨੀ ਦਿੰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਆਗੂ ਕਿਸੇ ਵੀ ਤਰੀਕੇ ਨਾਲ ਪੰਜਾਬ ਦੀ ਸੱਤਾ ਹਥਿਆਉਣਾ ਚਾਹੁੰਦੇ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਆਪ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਚਿੰਤਾ ਤੇ ਉਨ੍ਹਾਂ ਉਪਰ ਭਰੋਸਾ ਨਹੀਂ ਹੈ। ਇਥੋਂ ਤੱਕ ਕਿ ਇਹ ਸਿਆਸੀ ਤੇ ਚੋਣ ਏਜੰਡੇ ਨੂੰ ਅੱਗੇ ਵਧਾਉਣ ਖਾਤਿਰ ਦੂਜੇ ਰਾਜਾਂ ਤੋਂ ਸਮਰਥਕਾਂ ਨੂੰ ਲਿਆ ਰਹੇ ਹਨ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਪੰਜਾਬੀਆਂ ਦਾ ਹੈ ਅਤੇ ਬਾਹਰੀਆਂ ਦੀ ਇਥੇ ਕੋਈ ਜਗ੍ਹਾ ਨਹੀਂ ਹੈ, ਜਿਹੜੇ ਇਥੇ ਸਿਰਫ ਸੂਬੇ ਤੇ ਇਸਦੇ ਲੋਕਾਂ ਨੂੰ ਲੁੱਟਣ ਲਈ ਆਏ ਹਨ।
ਜਟਾਨਾ ਨੇ ਆਪਣੇ ਸੰਬੋਧਨ ‘ਚ ਕੈਪਟਨ ਅਮਰਿੰਦਰ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਕ ਹਰਿਆਣਵੀ ਅਰਵਿੰਦ ਕੇਜਰੀਵਾਲ ਨੂੰ ਵੋਟ ਦੇਣ ਦਾ ਮਤਲਬ ਸੂਬੇ ਲਈ ਬਹੁਤ ਜ਼ਰੂਰੀ ਪਾਣੀ ਨੂੰ ਹਰਿਆਣਾ ਨੂੰ ਦੇਣਾ ਹੋਵੇਗਾ।
ਇਸ ਮੌਕੇ ਕਈ ਅਕਾਲੀ ਸਰਪੰਚਾਂ ਤੇ ਸਾਬਕਾ ਸਰਪੰਚਾਂ, ਯੂਥ ਅਕਾਲੀ ਦਲ ਦੇ ਵਰਕਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਕਾਂਗਰਸ ‘ਚ ਸ਼ਾਮਿਲ ਹੋਏ।

Please Click here for Share This News

Leave a Reply

Your email address will not be published. Required fields are marked *