best platform for news and views

ਬਾਦਲਾਂ ਲਈ ‘ਸੰਜੀਵਨੀ ਬੂਟੀ’ ਬਣਨਾ ਚਾਹੁੰਦੇ ਹਨ ਕੈਪਟਨ ਅਮਰਿੰਦਰ- ਹਰਪਾਲ ਸਿੰਘ ਚੀਮਾ

Please Click here for Share This News

ਚੰਡੀਗੜ੍ਹ, 10 ਮਈ 2019
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲ ਪਰਿਵਾਰ ‘ਤੇ ਲਗਾਤਾਰ ਦਿਖਾਈ ਜਾ ਰਹੀ ‘ਮਿਹਰਬਾਨੀ’ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਸਿਆਸੀ ਪਾਰਟੀ ਵਜੋਂ ਲੋਕਾਂ ਦੇ ਮਨਾਂ ‘ਚ ਉਤਰ ਚੁੱਕੇ ਬਾਦਲ ਪਰਿਵਾਰ ਅਤੇ ਪਾਰਟੀ ਲਈ ਕੈਪਟਨ ਅਮਰਿੰਦਰ ਸਿੰਘ ‘ਸੰਜੀਵਨੀ ਬੂਟੀ’ ਬਣਨ ਦੀਆਂ ਨਾਪਾਕ ਕੋਸ਼ਿਸ਼ਾਂ ‘ਚ ਹਨ, ਪਰੰਤੂ ਸਿਆਸੀ ਤੌਰ ‘ਤੇ ਸੁਚੇਤ ਪੰਜਾਬ ਦੀ ਜਨਤਾ ਬਾਦਲ-ਕੈਪਟਨ ਦੀ ਨੂਰਾ ਕੁਸ਼ਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਅਤੇ ਇਨ੍ਹਾਂ ਚੋਣਾਂ ‘ਚ ਦੋਵਾਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੀ ਹੈ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 10 ਸਾਲਾਂ ਦੇ ਮਾਫ਼ੀਆ ਰਾਜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਮੇਤ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਕਰਾਉਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਾਦਲ ਪਰਿਵਾਰ ਅਤੇ ਇਨ੍ਹਾਂ ਦੀ ਪਾਰਟੀ ਨੂੰ ਲੋਕਾਂ ਨੇ ਨੁੱਕਰੇ ਲਗਾ ਦਿੱਤਾ ਹੈ, ਪਰੰਤੂ ਕੈਪਟਨ ਅਮਰਿੰਦਰ ਸਿੰਘ ਕਦਮ ਦਰ ਕਦਮ ‘ਤੇ ਬਾਦਲਾਂ ਨੂੰ ਸਿਆਸੀ, ਸਮਾਜਿਕ ਅਤੇ ਧਾਰਮਿਕ ਤੌਰ ‘ਤੇ ਮੁੜ ਉਭਾਰਨ ਲਈ ਸਾਰੇ ਹੱਥਕੰਡੇ ਵਰਤ ਰਹੇ ਹਨ।
ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਅਤੇ ਪੰਜਾਬੀਆਂ ਦੇ ਸੱਚੇ ਹਿਤੈਸ਼ੀ ਹੁੰਦੇ ਤਾਂ ਬਾਦਲ-ਮਜੀਠੀਆ ਅੱਜ ਅੰਦਰ ਹੁੰਦੇ। ਜੇਕਰ ਕੈਪਟਨ ਨੇ ਬਾਦਲਾਂ ਨੂੰ ਬਣਦੀ ਸਿਆਸੀ ਸਜਾ ਦੇਣ ਦਾ ਇਰਾਦਾ ਬਣਾਇਆ ਹੁੰਦਾ ਤਾਂ ਉਹ ਨਵਜੋਤ ਸਿੰਘ ਸਿੱਧੂ ਨੂੰ ਇਸ ਮੌਕੇ ‘ਤੜੀਪਾਰ’ ਨਾ ਕਰਦੇ। ਚੀਮਾ ਨੇ ਕਿਹਾ ਕਿ ਕੈਪਟਨ ਖੁੱਲਮ-ਖੁੱਲੀ ਮਿਲੀਭੁਗਤ ਰਾਹੀਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅਤੇ ਫ਼ਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਨੂੰ ਜਿਤਾਉਣ ਦੀ ਰਣਨੀਤੀ ‘ਤੇ ਹਨ ਅਤੇ ਚੋਣਾਂ ਪਿੱਛੋਂ ਬਿਕਰਮ ਸਿੰਘ ਮਜੀਠੀਆ ਨੂੰ ਵਿਰੋਧੀ ਧਿਰ ਦੀ ਕੁਰਸੀ ‘ਤੇ ਬਿਠਾਉਣਾ ਚਾਹੁੰਦੇ ਹਨ। ਪਹਿਲਾਂ ਆਪਣੇ ਏਜੰਟਾਂ ਰਾਹੀਂ ‘ਆਪ’ ਨੂੰ ਦੋ ਫਾੜ ਕਰਨ ਅਤੇ ਬਾਅਦ ‘ਚ ‘ਆਪ’ ਵਿਧਾਇਕਾਂ ਦੀ ਖਰੀਦੋ-ਫਰੋਖਤ ਕਰਕੇ ਕਾਂਗਰਸ ‘ਚ ਸ਼ਮੂਲੀਅਤ ਕਰਾਉਣਾ ਇਸੇ ਕੜੀ ਦਾ ਹਿੱਸਾ ਹੈ ਤਾਂ ਕਿ ਵਿਰੋਧੀ ਧਿਰ ਵਜੋਂ ਸਖ਼ਤ ਚੁਣੌਤੀ ਦੇ ਰਹੀ ਆਮ ਆਦਮੀ ਪਾਰਟੀ ਦੀ ਥਾਂ ਬਾਦਲ-ਮਜੀਠੀਆ ਐਂਡ ਕੰਪਨੀ ਨਾਲ ਫਰੈਂਡਲੀ ਮੈਚ ਖੇਡਦੇ ਰਹਿਣ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣ ਮੈਦਾਨ ‘ਚ ਉੱਤਰੇ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਆਮ ਆਦਮੀ ਪਾਰਟੀ ਦੀ ਜ਼ਮੀਨੀ ਤਾਕਤ ਦਾ ਅੰਦਾਜ਼ਾ ਹੋਇਆ ਹੈ ਅਤੇ ਕੈਪਟਨ, ਬਾਦਲਾਂ ਅਤੇ ਮੋਦੀ-ਅਮਿਤ ਸ਼ਾਹ ਨਾਲ ਮਿਲਕੇ ‘ਆਪ’ ਦਾ ਵਜੂਦ ਖ਼ਤਮ ਕਰਨ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ‘ਆਪ’ ਲੀਡਰਾਂ ਦੀ ਨਹੀਂ ਸਗੋਂ ਆਮ ਲੋਕਾਂ ਦੀ ਪਾਰਟੀ ਹੈ, ਇਸ ਲਈ ਉਹ (‘ਆਪ’ ਆਗੂ) ਵਿਰੋਧੀ ਧਿਰ ਦੀ ਕੁਰਸੀ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਲਈ ਲੜਾਈ ਜਾਰੀ ਰੱਖਣਗੇ।

Please Click here for Share This News

Leave a Reply

Your email address will not be published. Required fields are marked *