ਚੰਡੀਗੜ੍ਹ : ਕਾਂਗਰਸ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਇਸ ਦੇ ਮੁੱਖ ਮੰਤਰੀ ਵੱਲੋਂ ਸਰਕਾਰੀ ਹੈਲੀਕਾਪਟਰ ਦਾ ਇਸਤੇਮਾਲ ਨਾ ਕਰਨ ਦਾ ਵਾਅਦਾ ਕੀਤੇ ਜਾਣ ਨਾਲ ਸਰਕਾਰੀ ਹੈਲੀਕਾਪਟਰ ਦੀ ਗ਼ਲਤ ਵਰਤੋਂ ਦਾ ਮਾਮਲਾ ਇਕ ਵਾਰੀ ਫਿਰ ਸਾਹਮਣੇ ਆ ਗਿਆ ਹੈ। ਸਰਕਾਰੀ ਰਿਕਾਰਡ ਤੋਂ ਖ਼ੁਲਾਸਾ ਹੋਇਆ ਹੈ ਕਿ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਦੇ 10 ਸਾਲਾ ਕਾਰਜਕਾਲ ਦੌਰਾਨ ਮੁੱਖ ਮੰਤਰੀ ਅਤੇ ਇਸ ਦੇ ਸਿਖਰਲੇ ਸਹਾਇਕਾਂ ਨੂੰ ਵਾਸਤੇ ਹੈਲੀਕਾਪਟਰ ਦੀ ਵਰਤੋਂ ਨਾਲ ਸਰਕਾਰੀ ਖ਼ਜ਼ਾਨੇ ਉਤੇ 157 ਕਰੋੜ ਰੁਪਏ ਦਾ ਭਾਰ ਪਿਆ ਹੈ।
ਇਸ ਰਕਮ ਵਿੱਚ ਸਰਕਾਰ ਵੱਲੋਂ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਵਰ੍ਹੇ ਬੈੱਲ-427 ਹਵਾਈ ਜਹਾਜ਼ ਦੀ ਖ਼ਰੀਦ ਵੀ ਸ਼ਾਮਲ ਹੈ। ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਕੋਲ ਉਪਲਬਧ ਰਿਕਾਰਡ ਮੁਤਾਬਕ ਜਨਵਰੀ 2007 ਤੋਂ ਅਗਸਤ 2016 ਦੌਰਾਨ ਸਰਕਾਰ ਨੇ ਨਿੱਜੀ ਕੰਪਨੀਆਂ ਨੂੰ ਵੱਖ-ਵੱਖ ਮੌਕਿਆਂ ਉਤੇ ਹੈਲੀਕਾਪਟਰ ਭਾੜੇ ’ਤੇ ਲੈਣ ਲਈ 112 ਕਰੋੜ ਰੁਪਏ ਅਦਾ ਕੀਤੇ।
ਇਸ ਦੌਰਾਨ 2012 ਵਿੱਚ ਸਰਕਾਰ ਨੇ ਕਰੀਬ 38 ਕਰੋੜ ਰੁਪਏ ’ਚ ਬੈੱਲ-429 ਜਹਾਜ਼ ਖ਼ਰੀਦਿਆ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਖ਼ਾਸਕਰ ਛੋਟੇ ਫ਼ਾਸਲਿਆਂ ਲਈ ਵੀ ਸਰਕਾਰੀ ਹਵਾਈ ਜਹਾਜ਼ ਦਾ ਇਸਤੇਮਾਲ ਕੀਤੇ ਜਾਣ ਦਾ ਮਾਮਲਾ ਕਾਂਗਰਸ ਅਤੇ ‘ਆਪ‘ ਵੱਲੋਂ ਲਗਾਤਾਰ ਉਠਾਇਆ ਜਾਂਦਾ ਰਿਹਾ ਹੈ।
ਸਰਕਾਰੀ ਹੈਲੀਕਾਪਟਰਾਂ ਨੇ ਮਈ 2013 ਤੋਂ ਅਗਸਤ 2016 ਦੌਰਾਨ 2.14 ਕਰੋੜ ਰੁਪਏ ਦਾਂ ਬਾਲਣ ਸਾੜਿਆ ਅਤੇ 5.08 ਕਰੋੜ ਰੁਪਏ ਸਾਂਭ-ਸੰਭਾਲ ਉਤੇ ਖ਼ਰਚੇ ਗਏ। ਇਨ੍ਹਾਂ ਲਈ 2013-14 ਦੌਰਾਨ ਬੀਮਾ ਪ੍ਰੀਮੀਅਮ ਵਜੋਂ 24.15 ਲੱਖ ਰੁਪਏ, 2014-15 ਦੌਰਾਨ 19.96 ਲੱਖ ਅਤੇ 2015-16 ਦੌਰਾਨ 17.46 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ।
(we are thankful to punjabi tribune)