best platform for news and views

ਬਾਦਲਾਂ ਨੇ ਆਪਣੇ ਸਵਾਰਥ ਲਈ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਮਿੱਟੀ ‘ਚ ਮਿਲਾਇਆ-ਆਪ

Please Click here for Share This News

ਚੰਡੀਗੜ੍ਹ,  27 ਨਵੰਬਰ 2019
”ਲੰਬੇ ਸੰਘਰਸ਼ ਅਤੇ ਵੱਡੀਆਂ ਕੁਰਬਾਨੀਆਂ ਨਾਲ ਹੋਂਦ ‘ਚ ਆਈ ਸਿੱਖਾਂ ਦੀ ਸਿਰਮੌਰ ਲੋਕਤੰਤਰਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਬਾਦਲ ਪਰਿਵਾਰ ਨੇ ਆਪਣੇ ਸਵਾਰਥ ਲਈ ਮਿੱਟੀ ‘ਚ ਮਿਲਾਉਣ ਦੀ ਕੋਈ ਕਸਰ ਨਹੀਂ ਛੱਡੀ। ਐਸਜੀਪੀਸੀ ਦੇ ਜਨਰਲ ਇਜਲਾਸ ਦੀ ਆੜ ਥੱਲੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਜਿਸ ‘ਲਿਫ਼ਾਫ਼ਾ ਕਲਚਰ’ ਰਾਹੀਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਵਾਰ ਫਿਰ ਪ੍ਰਧਾਨ ਅਤੇ ਆਪਣੇ ਖੁਸ਼ਾਮਦੀਦਾਂ ਨੂੰ ਦੂਸਰੀਆਂ ਅਹੁਦੇਦਾਰੀਆਂ ਵੰਡੀਆਂ ਹਨ, ਇਹ ਨਾ ਕੇਵਲ ਸਮੁੱਚੇ ਸਿੱਖ ਪੰਥ ਨਾਲ ਸਗੋਂ ਲੋਕਤੰਤਰਿਕ ਵਿਵਸਥਾ ਨਾਲ ਖਿਲਵਾੜ ਹੈ।”
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਇਹ ਸਖ਼ਤ ਟਿੱਪਣੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਡੋਰੀ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੋਰ ਕਮੇਟੀ ਮੈਂਬਰ ਗੁਰਦਿੱਤ ਸਿੰਘ ਸੇਖੋਂ ਅਤੇ ਹਰਚੰਦ ਸਿੰਘ ਬਰਸਟ ਨੇ ਕੀਤੀ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਦਲਾਂ ਦੇ ਟੱਬਰ ਨੇ ਆਪਣੇ ਸਿਆਸੀ ਅਤੇ ਨਿੱਜੀ ਮੁਫਾਦਾਂ ਲਈ ਹਥਿਆਰ ਵਾਂਗ ਵਰਤਿਆ ਹੈ। ਇਸ ਸਵਾਰਥੀ ਨੀਤੀ ਤਹਿਤ ਬਾਦਲ ਪਰਿਵਾਰ ਆਪਣੀ ਜੇਬ ‘ਚੋਂ ਪਰਚੀ ਰਾਹੀਂ ਹਮੇਸ਼ਾ ਕਮਜ਼ੋਰ ਨਿਰਭਰ, ਪਰਜੀਵੀ ਅਤੇ ਨਿਰਾਧਾਰ ਸਖਸ਼ ਨੂੰ ਐਸਜੀਪੀਸੀ ਦੀ ਕਮਾਨ ਸੌਂਪਦੇ ਆਏ ਹਨ। ਪਹਿਲਾਂ ਅਵਤਾਰ ਸਿੰਘ ਮੱਕੜ ਅਤੇ ਹੁਣ ਗੋਬਿੰਦ ਸਿੰਘ ਲੌਂਗੋਵਾਲ ਇਸ ਦੀ ਸਟੀਕ ਮਿਸਾਲ ਹਨ।
ਪ੍ਰੋ. ਬਲਜਿੰਦਰ ਕੌਰ ਅਤੇ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬਤੌਰ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਖ਼ੁਸ਼ਾਮਦੀ ਕਰਦਿਆਂ ਬਾਦਲ ਪਰਿਵਾਰ ਲਈ ਵੱਖਰੀ ਸਟੇਜ ਲਗਵਾ ਕੇ ਗੁਰੂ ਦੀ ਗੋਲਕ ਦੇ ਕਰੋੜਾਂ ਰੁਪਏ ਪਾਣੀ ਵਾਂਗ ਵਹਾਏ, ਉਸ ਬਦਲੇ ਬਾਦਲ ਪਰਿਵਾਰ ਨੇ ਲੌਂਗੋਵਾਲ ਨੂੰ ਪ੍ਰਧਾਨ ਦੇ ਅਹੁਦੇ ਦਾ ਤੋਹਫ਼ਾ ਦਿੱਤਾ ਹੈ।
ਹਰਚੰਦ ਸਿੰਘ ਬਰਸਟ ਅਤੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਭਾਰਤੀ ਲੋਕਤੰਤਰ ਪ੍ਰਣਾਲੀ ‘ਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਚਾ ਰੁਤਬਾ ਹੈ, ਕਿਉਂਕਿ ਇਹ ਸੰਸਥਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਲੋਕਤੰਤਰਿਕ ਪ੍ਰਣਾਲੀ ਤਹਿਤ ਸੰਨ 1925 ‘ਚ ਹੋਂਦ ‘ਚ ਆਈ ਸੀ, ਪਰੰਤੂ ਬਾਦਲ ਪਰਿਵਾਰ ਨੇ ਆਪਣੀ ਹਉਮੈ ਅਤੇ ਸਵਾਰਥ ਲਈ ਐਸਜੀਪੀਸੀ ਅਤੇ ਆਪਣੀ ਪਾਰਟੀ ਸ੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਜਮਹੂਰੀਅਤ ਵੀ ਛਿੱਕੇ ‘ਤੇ ਟੰਗ ਦਿੱਤੀ। ਬਹੁਮਤ ‘ਚ ਹੋਣ ਦੇ ਬਾਵਜੂਦ ਆਪਣੀ ਪਾਰਟੀ ਦੇ ਐਸਜੀਪੀਸੀ ਮੈਂਬਰਾਂ ਨੂੰ ਪ੍ਰਧਾਨ ਤੇ ਅਹੁਦੇਦਾਰ ਦੀ ਚੋਣ ਲਈ ਹਿੱਸੇਦਾਰ ਬਣਾਉਣਾ ਤਾਂ ਦੂਰ ਪੁੱਛਿਆ ਤੱਕ ਨਹੀਂ ਜਾਂਦਾ।
ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਸਮੇਤ ‘ਆਪ’ ਆਗੂਆਂ ਨੇ ਕਿਹਾ ਕਿ ਬੇਸ਼ੱਕ ਆਮ ਆਦਮੀ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ, ਪਰੰਤੂ ਪੰਥ ਦੀ ਸਿਰਮੌਰ ਸੰਸਥਾ ਨੂੰ ਬਾਦਲ ਪਰਿਵਾਰ ਦੇ ਕਬਜ਼ੇ ‘ਚ ਮੁਕਤ ਕਰਾਉਣ ਦੀ ਜ਼ੋਰਦਾਰ ਵਕਾਲਤ ਕਰਦੀ ਹੈ।
‘ਆਪ’ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਲਾਂ ਤੋਂ ਲੰਬਿਤ ਪਈਆਂ ਆਮ ਚੋਣਾਂ ਨਾ ਕਰਾਏ ਜਾਣ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਬਾਦਲ, ਕੈਪਟਨ, ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਭ ਮਿਲੇ ਹੋਏ ਹਨ।

Please Click here for Share This News

Leave a Reply

Your email address will not be published.