best platform for news and views

ਬਾਦਲਾਂ ਦੀ ‘ਮੇਰਾ-ਮੇਰਾ’ ਵਾਲੀ ਨੀਤੀ ਨੇ ਪੰਜਾਬ ਨੂੰ ਬਣਾਇਆ ਕੰਗਾਲ – ਰਾਹੁਲ ਗਾਂਧੀ

Please Click here for Share This News

ਪ੍ਰਵੀਨ ਗਰਗ

ਧੂਰੀ : ਆਲ ਇੰਡੀਆ ਕਾਂਗਰਸ ਪਾਰਟੀ ਦੇ ਕੌੰਮੀ ਮੀਤ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਹਲਕਾ ਧੂਰੀ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ਰੱਖੀ ਗਈ ਇੱਕ ਚੋਣ ਰੈਲੀ ਦੌਰਾਨ ਵਰਕਰਾਂ ਦੇ ਭਰ੍ਹਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਇਤਿਹਾਸਕ ਪਿਛੋਕੜ ਗਵਾਹ ਹੈ ਕਿ ਇਹ ਗੁਰੂਆਂ-ਪੀਰਾਂ ਦੀ ਧਰਤੀ ਹੈ । ਇੱਥੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ‘ਤੇਰਾ-ਤੇਰਾ’ ਦਾ ਸੰਦੇਸ਼ ਦਿੱਤਾ ਅਤੇ ਇਸ ਭਾਵਨਾ ਨਾਲ ਸਾਰੀ ਜ਼ਿੰਦਗੀ ਲੋਕਾਂ ਲਈ ਅਰਪਿੱਤ ਕਰ ਦਿੱਤੀ ਪ੍ਰੰਤੂ ਬਾਦਲ ਵਰਗੇ ਨੇਤਾ ਹਮੇਸ਼ਾ ‘ਮੇਰਾ-ਮੇਰਾ’ ਕਰਦੇ ਰਹਿੰਦੇ ਹਨ। ਅਤੇ ਪੰਜਾਬ ਨੂੰ ਡਰੱਗਜ਼, ਟਰਾਂਸਪੋਰਟ, ਸ਼ਰਾਬ, ਰੇਤਾ-ਬਜ਼ਰੀ, ਕੇਬਲ ਆਦਿ ਦਾ ਮਾਫੀਆ ਬਣਾ ਕੇ ‘ਮੇਰਾ-ਮੇਰਾ’ ਦੀ ਕੁਟਨੀਤੀ ਨਾਲ ਖੂਬ ਲੁੱਟਿਆ ਹੈ। ਸ਼੍ਰੀ ਗਾਂਧੀ ਨੇ ਕਿਹਾ ਕਿ ਬਾਦਲਾਂ ਦੀ ਇਸ ਨੀਤੀ ਨਾਲ ਪੰਜਾਬ ਕੰਗਾਲ ਹੋ ਕੇ ਰਹਿ ਗਿਆ ਹੈ, ਪੰਜਾਬ ਵਿੱਚ ਸਰਕਾਰੀ ਨੌਕਰੀਆਂ ਹਾਸਲ ਕਰਨ ਲਈ ਰਿਸ਼ਵਤਖੋਰੀ ਦਾ ਖੂਬ ਬੋਲਬਾਲਾ ਹੈ ਅਤੇ ਕਿਸਾਨਾਂ ਨੂੰ ਮਿਲਣ ਵਾਲੀਆਂ ਨਕਲੀ ਖਾਦਾਂ ਕਾਰਨ ਸੂਬੇ ਦਾ ਕਿਸਾਨ ਬਰਬਾਦ ਹੋ ਰਿਹਾ ਹੈ। ਉਹਨਾਂ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ‘ਤੇ ਵਰਦਿਆਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਨੇ ਕਿਸਾਨਾਂ ਦਾ 70 ਹਜ਼ਾਰ ਕਰੋੜ ਦਾ ਕਰਜ਼ਾ ਮਾਫ ਕੀਤਾ ਸੀ ਜਦੋਂਕਿ ਮੋਦੀ ਵੱਡੇ ਉਦਯੋਗਪਤੀਆਂ ਨੂੰ ਰਾਹਤ ਦੇ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਨਰਿੰਦਰ ਮੋਦੀ ਪੰਜਾਬ ਦੀਆਂ ਰੈਲੀਆਂ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਲੜਨ ਦੀ ਗੱਲ ਕਰ ਰਹੇ ਹਨ ਅਤੇ ਦੂਜੇ ਪਾਸੇ ਦੇਸ਼ ਦੇ ਸਭ ਤੋਂ ਵੱਡੇ ਭ੍ਰਿਸ਼ਟਾਚਾਰ ਵਿਅਕਤੀ ਬਾਦਲ ਦੇ ਹੱਕ ਵਿੱਚ ਪ੍ਰਚਾਰ ਕਰਨ ਵਿੱਚ ਜੁਟੇ ਹੋਏ ਹਨ। ਉਹਨਾਂ ਕਿਹਾ ਕਿ ਮੋਦੀ ਵੱਲੋਂ ਲੋਕਾਂ ਨਾਲ 15-15 ਲੱਖ ਖਾਤਿਆਂ ਵਿੱਚ ਜਮਾਂ੍ਹ ਕਰਵਾਉਣ ਦਾ ਵਾਅਦਾ ਸਰਾਸਰ ਝੂਠ ਬਣ ਕੇ ਰਹਿ ਗਿਆ ਹੈ।
ਸ਼੍ਰੀ ਗਾਂਧੀ ਨੇ ਕਿਹਾ ਕਿ ਇਹ ਚੋਣਾਂ ਕੋਈ ਰਾਜਨੀਤਕ ਚੋਣਾਂ ਨਹੀਂ,ਸਗੋਂ ਪੰਜਾਬ ਅਤੇ ਪੰਜਾਬੀਅਤ ਨੂੰ ਮੁੜ ਵਾਪਸ ਲਿਆਉਣ ਦੀਆਂ ਚੋਣਾਂ ਹਨ, ਕਿਉਂਕਿ ਬਾਦਲਾਂ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਖਤਮ ਕਰਕੇ ਰੱਖ ਦਿੱਤਾ ਹੈ। ਇਸੇ ਕਰਕੇ ਦੁਨੀਆਂ ਦੇ ਕੋੋਨੇ-ਕੋਨੇ ਵਿੱਚ ਪੰਜਾਬੀਆਂ ਦੀ ਵੱਖਰੀ ਪਹਿਚਾਣ ਹੈ। ਪ੍ਰੰਤੂ ਪੰਜਾਬ ਦੀ ਬਾਦਲ ਸਰਕਾਰ ਨੇ ਪੰਜਾਬ ਅਤੇ ਪੰਜਾਬੀਅਤ ਦੇ ਨਾਮ ਨੂੰ ਇੱਕ ਵੱਡਾ ਧੱਬਾ ਲਗਾ ਕੇ ਰੱਖ ਦਿੱਤਾ ਹੈ।
ਸ਼੍ਰੀ ਗਾਂਧੀ ਨੇ ਅਰਵਿੰਦ ਕੇਜਰੀਵਾਲ ਬਾਰੇ ਬੋਲਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ‘ਡਿਕਟੇਟਰ’ ਇਨਸਾਨ ਹੈ। ਇਸੇ ਕਾਰਨ ਉਸ ਦੀ ਪਾਰਟੀ ਦੇ ਕਈ ਮੋਹਰੀ ਨੇਤਾ ਉਹਨਾਂ ਤੋਂ ਕਿਨਾਰਾ ਕਰ ਗਏ ਹਨ। ਡਿਕਟੇਟਰਸ਼ਿਪ ਇਨਸਾਨ ਕਿਸੇ ਦਾ ਕੁਝ ਨਹੀਂ ਸੰਵਾਰ ਸਕਦਾ।ਉਹਨਾਂ ਕਿਹਾ ਕਿ ਕੇਜਰੀਵਾਲ ਦਿੱਲੀ ਨੂੰ ਬਦਲਣ ਦੀ ਗੱਲ ਕਰਦਾ ਸੀ, ਤੁਸੀਂ ਦਿੱਲੀ ਜਾ ਕੇ ਕਿਸੇ ਮਜ਼ਦੂਰ, ਆਟੋ-ਰਿਕਸ਼ੇ ਵਾਲੇ ਜਾਂ ਝੁੱਗੀ-ਝੋਂਪੜੀ ਵਾਲੇ ਤੋਂ ਪੱੁਛੋ ਕਿ ਦਿੱਲੀ ਵਿੱਚ ਕੀ ਬਦਲਾਓ ਆਇਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦਿੱਲੀ ਛੱਡ ਕੇ ਪੰਜਾਬ ਦਾ ਮੁੱਖ ਮੰਤਰੀ ਬਨਣ ਦੇ ਸੁਪਨੇ ਲੈ ਰਿਹਾ ਹੈ ਪ੍ਰੰਤੂ ਉਸ ਦਾ ਇਹ ਸੁਪਨਾ ਕਦੇ ਸਾਕਾਰ ਨਹੀਂ ਹੋ ਸਕਦਾ। ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਨਣ ‘ਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਪਾਰੀਆਂ ਆਦਿ ਸਾਰੇ ਵਰਗਾਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਬੇਰੁਜਗਾਰੀ ਖਤਮ ਕੀਤੀ ਜਾਵੇਗੀ ਅਤੇ ਨਸ਼ਿਆਂ ਨੂੰ ਰੋਕਣ ਸਬੰਧੀ ਅਜਿਹਾ ਨਵਾਂ ਕਾਨੂੰਨ ਬਣਾਇਆ ਜਾਵੇਗਾ ਕਿ ਜਿਸ ਅਨੁਸਾਰ ਨਸ਼ਾ ਕਾਰੋਬਾਰੀਆਂ ਨੂੰ ਜੇਲ੍ਹ ਭੇਜ ਕੇ ਉਹਨਾਂ ਦੀਆਂ ਜਾਇਦਾਦਾਂ ਜਬਤ ਕਰਕੇ ਮੁੜ ਪੰਜਾਬ ਦੇ ਲੋਕਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਉਹਨਾਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਇਹ ਸਰਕਾਰ ਇਕੱਲਾ ਕੈਪਟਨ ਨਹੀਂ, ਬਲਕਿ ਸਾਰੇ ਨੇਤਾ ਅਤੇ ਵਰਕਰ ਰਲ਼ ਕੇ ਚਲਾਉਣਗੇ ।ਇਸ ਮੌਕੇ ਸਥਾਨਕ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਕਿ ਧੂਰੀ ਹਲਕੇ ਵਿੱਚ ਪਿਛਲੇ 25 ਸਾਲ ਤੋਂ ਬਾਹਰਲੇ ਉਮੀਦਵਾਰ ਚੋਣਾਂ ਜਿੱਤ ਕੇ ਆਪੋ-ਆਪਣੇ ਹਲਕਿਆਂ ਵਿੱਚ ਚਲੇ ਜਾਂਦੇ ਹਨ, ਪ੍ਰੰਤੂ ਮੈਂ ਲੋਕਾਂ ਦਾ ਸੇਵਕ ਬਣ ਕੇ ਸੇਵਾ ਕਰਦਾ ਰਹਾਂਗਾ। ਉਹਨਾਂ ਕਿਹਾ ਕਿ ਭਗਵੰਤ ਮਾਨ ਕਦੇ ਵੀ ਧੂਰੀ ਵਿਖੇ ਲੱਗਣ ਵਾਲੇ ਟੋਲ ਪਲਾਜ਼ੇ ਦੇ ਖਿਲਾਫ ਨਹੀਂ ਬੋਲਿਆ, ਜਦੋਂ ਕਿ ਮੈਂ ਟੋਲ ਪਲਾਜ਼ੇ ਦੇ ਨਾਲ ਵਾਲੇ ਰਸਤੇ ਨੂੰ ਪੱਧਰ ਕਰਕੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਮੌਕੇ ਵਿਜੈ ਇੰਦਰ ਸਿੰਗਲਾ ਸਾਬਕਾ ਮੈਂਬਰ ਪਾਰਲੀਮੈਂਟ, ਪੰਜਾਬ ਕਾਂਗਰਸ ਦੇ ਇੰਚਾਰਜ ਆਸ਼ਾ ਕੁਮਾਰੀ ਅਤੇ ਕਾਂਗਰਸ ਦੇ ਜ਼ਿਲਾ੍ਹ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਅਜੈਬ ਸਿੰਘ ਰਟੋਲ ਉਮੀਦਵਾਰ ਦਿੜ੍ਹਬਾ, ਦਾਮਨਥਿੰਦ ਬਾਜਵਾ ਉਮੀਦਵਾਰ ਹਲਕਾ ਸੁਨਾਮ, ਬਲਵੰਤ ਸਿੰਘ ਸ਼ੇਰਗਿੱਲ ਸਾਬਕਾ ਏ.ਡੀ.ਸੀ. ਸੰਗਰੂਰ ਅਤੇ ਸਿਮਰਤ ਖੰਗੂੜਾ ਆਦਿ ਵੀ ਵਿਸ਼ੇਸ਼ ਤੌਰ ‘ਤੇ ਸਟੇਜ਼ ‘ਤੇ ਹਾਜ਼ਰ ਸਨ।


ਤਸਵੀਰ:- ਵਰਕਰਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ, ਉਹਨਾਂ ਦੇ ਨਾਲ ਗੋਲਡੀ ਖੰਗੂੜਾ, ਵਿਜੈ ਇੰਦਰ ਸਿੰਗਲਾ ਅਤੇ ਹਾਜ਼ਰ ਇੱਕਠ। (ਪ੍ਰਵੀਨ ਗਰਗ)

Please Click here for Share This News

Leave a Reply

Your email address will not be published. Required fields are marked *