ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾ ਲਈ ਕਾਂਗਰਸ ਪਾਰਟੀ ਵਲੋਂ ਪਹਿਲਾਂ ਐਲਾਨੇ ਗਏ ਉਮੀਦਵਾਰਾਂ ਵਿਚੋਂ ਕਾਫੀ ਉਮੀਦਵਾਰਾਂ ਦਾ ਹਲਕਿਆਂ ਵਿਚ ਜਬਰਦਸਤ ਵਿਰੋਧ ਹੋ ਰਿਹਾ ਸੀ ਅਤੇ ਜਿਨ੍ਹਾਂ ਹਲਕਿਆਂ ਵਿਚ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਸੀ, ਉਨ੍ਹਾਂ ਵਿਚ ਵੀ ਕੁੱਝ ਆਗੂਆਂ ਵਲੋਂ ਟਿਕਟਾਂ ਨਾ ਮਿਲਣ ਦੀ ਸੂਰਤ ਵਿਚ ਬਗਾਵਤ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਲਈ ਕਾਂਗਰਸ ਹਾਈ ਕਮਾਂਡ ਨੇ ਅੱਜ ਇਕ ਨਵੀਂ ਸੂਚੀ ਜਾਰੀ ਕਰਕੇ ਜਿਥੇ ਰਹਿੰਦੇ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਉਥੇ ਕੁੱਝ ਉਮੀਦਵਾਰਾਂ ਨੂੰ ਵੀ ਬਦਲ ਦਿੱਤਾ ਹੈ। ਸੋਮਵਾਰ ਨੂੰ ਜਾਰੀ ਕੀਤੀ ਗਈ ਨਵੀਂ ਸੂਚੀ ਮੁਤਾਬਿਕ ਵਿਧਾਨ ਸਭਾ ਹਲਕਾ ਜਗਰਾਓਂ ਤੋਂ ਪਹਿਲਾਂ ਐਲਾਨੇ ਗਏ ੳੁਮੀਦਵਾਰ ਗੇਜਾ ਰਾਮ ਦੀ ਟਿਕਟ ਕੱਟ ਕੇ ਹੁਣ ਸਾਬਕਾ ਵਿਧਾਇਕ ਮਲਕੀਤ ਸਿੰਘ ਦਾਖਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸੇ ਤਰਾਂ ਜਲੰਧਰ ਉੱਤਰੀ ਹਲਕੇ ਵਿਚੋਂ ਪਹਿਲਾਂ ਐਲਾਨੇ ਗਏ ਰਾਜ ਕੁਮਾਰ ਗੁਪਤਾ ਦੀ ਥਾਂ ‘ਤੇ ਹੁਣ ਅਵਤਾਰ ਹੈਨਰੀ ਦੇ ਪੁੱਤਰ ਬਾਵਾ ਹੈਨਰੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸੇ ਤਰਾਂ ਹਲਕਾ ਭੁਲੱਥ ਤੋਂ ਪਹਿਲਾਂ ਐਲਾਨੇ ਗਏ ਗੁਰਵਿੰਦਰ ਸਿੰਘ ਅਟਵਾਲ ਦੀ ਟਿਕਟ ਕੱਟ ਕੇ ਹੁਣ ਰਣਜੀਤ ਸਿੰਘ ਰਾਣਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸੇ ਤਰਾਂ ਰਾਖਵਾਂ ਹਲਕਾ ਫਿਲੌਰ ਤੋਂ ਕਰਮਜੀਤ ਕੌਰ ਚੌਧਰੀ ਦੀ ਥਾਂ ਉਨ੍ਹਾਂ ਦੇ ਪੁੱਤਰ ਵਿਕ੍ਰਮਜੀਤ ਸਿੰਘ ਚੌਧਰੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਵਰਨਣਯੋਗ ਹੈ ਕਿ ਸਾਬਕਾ ਮੰਤਰੀ ਅਵਤਾਰ ਹੈਨਰੀ ਸਮੇਤ ਬਹੁਤ ਸਾਰੇ ਆਗੂਆਂ ਵਲੋਂ ਪਾਰਟੀ ਵਿਚ ਬਗਾਵਤ ਕਰਨ ਦਾ ਮਨ ਬਣਾ ਲਿਆ ਗਿਆ ਸੀ। ਅਜੇ ਵੀ ਅੰਮ੍ਰਿਤਸਰ ਦੱਖਣੀ, ਮਾਨਸਾ ਅਤੇ ਲੁਧਿਆਣਾ ਪੂਰਬੀ ਤੋਂ ਉਮੀਦਵਾਰਾਂ ਦਾ ਫੈਸਲਾ ਨਹੀਂ ਕੀਤਾ ਜਾ ਸਕਿਆ।