ਲੁਧਿਆਣਾ : ਵਿਧਾਨ ਸਭਾ ਚੋਣਾਂ ਦੌਰਾਨ ਹੁਣ ਉਮੀਦਵਾਰਾਂ ਦੇ ਚੋਣ ਖ਼ਰਚਿਆਂ ਵਿੱਚ ਸੋਸ਼ਲ ਮੀਡੀਆ ਫੇਸਬੁੱਕ ਤੇ ਟਿਵਿੱਟਰ ’ਤੇ ਚੱਲਣ ਵਾਲੀ ਪੇਡ ਪੋਸਟ (ਜਿਸ ’ਤੇ ਸਪਾਂਸਰਡ ਲਿਖਿਆ ਹੁੰਦਾ ਹੈ।) ਦਾ ਖ਼ਰਚਾ ਵੀ ਚੋਣ ਖ਼ਰਚੇ ਵਿੱਚ ਸ਼ਾਮਲ ਕੀਤਾ ਜਾਏਗਾ। ਇਹ ਐਲਾਨ ਅੱਜ ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਰਵੀ ਭਗਤ ਨੇ ਲੁਧਿਆਣਾ ਵਿੱਚ ਪੱਤਰਕਾਰ ਮਿਲਣੀ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੋ ਵੀ ਉਮੀਵਦਾਰ ਆਡੀਓ ਮੈਸੇਜ਼ ਚਾਹੇ ਕਿਸੇ ਵੀ ਸੂਬੇ ਤੋਂ ਭਿਜਵਾਏ, ਉਸ ਨੂੰ ਵੀ ਖਰਚੇ ਵਿੱਚ ਸ਼ਾਮਲ ਕੀਤਾ ਜਾਏਗੀ।
ਡਿਪਟੀ ਕਮਿਸ਼ਨਰ ਨੇ ਅੱਜ ਚੋਣਾਂ ਸਬੰਧੀ ਬਚਤ ਭਵਨ ਵਿੱਚ ਸਾਰੇ ਅਧਿਕਾਰੀਆਂ ਦੇ ਨਾਲ ਪੱਤਰਕਾਰ ਮਿਲਣੀ ਕੀਤੀ ਤੇ ਦਾਅਵਾ ਕੀਤਾ ਕਿ ਪ੍ਰਸ਼ਾਸਨ ਸਾਫ਼ ਤੇ ਸਪੱਸ਼ਟ ਚੋਣਾਂ ਕਰਵਾਉਣ ਦੇ ਲਈ ਤਿਆਰ ਹੈ। ਜ਼ਿਲ੍ਹਾ ਚੋਣ ਅਫ਼ਸਰ ਰਵੀ ਭਗਤ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਲਈ 28 ਲੱਖ ਰੁਪਏ ਦਾ ਖ਼ਰਚਾ ਮੁਕਰਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਦੇਖਣ ਦੇ ਲਈ ਛੇ ਆਬਜ਼ਰਵਰ ਤੇ ਪੰਜ ਜਨਰਲ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ।
ਇਸ ਮੌਕੇ ਚੋਣ ਅਫ਼ਸਰ ਰਵੀ ਭਗਤ ਨੇ ਦੱਸਿਆ ਕਿ ਸ਼ਹਿਰ ਵਾਸੀ ਚੋਣਾਂ ਸਬੰਧੀ ਕੋਈ ਵੀ ਸ਼ਿਕਾਇਤ ਚੋਣ ਕਮਿਸ਼ਨ ਆਫ਼ ਇੰਡੀਆ ਦੇ ਟੋਲ ਫਰੀ ਨੰਬਰ 1950 ’ਤੇ ਕਰ ਸਕਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ 25 ਨੰਬਰ ਕਮਰੇ ਵਿੱਚ ਵੀ ਇੱਕ ਸ਼ਿਕਾਇਤ ਕੇਂਦਰ ਸਥਾਪਤ ਕੀਤਾ ਗਿਆ ਹੈ ਜਿਸ ਦੇ ਨਾਲ ਇੱਕ ਮੇਲ ਆਈਡੀ ਜਾਰੀ ਕੀਤੀ ਗਈ ਹੈ, ਜਿਸ ’ਤੇ ਕੋਈ ਵੀ ਮੇਲ ਰਾਹੀਂ ਵੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਧੀਕ ਕਮਿਸ਼ਨਰ (ਸ਼ਿਕਾਇਤਾਂ) ਨੂੰ ਜ਼ਿਲ੍ਹਾ ਨੋਡਲ ਅਫ਼ਸਰ ਸ਼ਿਕਾਇਤਾਂ ਨਿਯੁਕਤ ਕੀਤਾ ਗਿਆ ਹੈ ਜੋ ਕਿ ਸਮਾਧਾਨ ਮੋਬਾਈਲ ਐਪਲੀਕੇਸ਼ਨ ਰਾਹੀਂ ਆਈਆਂ ਸ਼ਿਕਾਇਤਾਂ ਨੂੰ ਵੇਖਣਗੇ।
ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 43 ਫਲਾਇੰਗ ਸੁਕੈਡ ਟੀਮਾਂ ਬਣਾਈਆਂ ਗਈਆਂ ਹਨ। ਇੱਕ ਟੀਮ ਤਿੰਨ ਹਲਕਿਆਂ ਵਿੱਚ ਵੰਡ ਕੇ ਕੰਮ ਕਰੇਗੀ। ਉਸ ਤੋਂ ਇਲਾਵਾ 44 ਸਟੈਟਿਕਸ ਟੀਮਾਂ ਬਣਾਈਆਂ ਗਈਆਂ ਹਨ, ਜੋ ਕਿ 24 ਘੰਟੇ ਡਿਊਟੀ ’ਤੇ ਰਹਿਣਗੀਆਂ। ਉਨ੍ਹਾਂ ਨੇ ਪ੍ਰਿਟਿੰਗ ਪ੍ਰੈਸ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਸਬੰਧੀ ਛੱਪਣ ਵਾਲੇ ਸਾਰੇ ਹੀ ਮੈਟੀਰਿਅਲ ’ਤੇ ਪ੍ਰਿਟਿੰਗ ਪ੍ਰੈਸ ਦੀ ਜਾਣਕਾਰੀ ਜ਼ਰੂਰ ਛਾਪਣ। ਜ਼ਿਲ੍ਹਾ ਚੋਣ ਅਫਸਰ ਰਵੀ ਭਗਤ ਨੇ ਦੱਸਿਆ ਕਿ ਚੋਣ ਕਮਿਸ਼ਨ ਆਫ਼ ਇੰਡੀਆ ਨੇ ਹੁਣ ਤੱਕ ਤਿੰਨ ਆਈਟੀ ਐਪਲੀਕੇਸ਼ਨਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਦਾ ਇਸਤੇਮਾਲ ਪੰਜਾਬ ਵਿਧਾਨ ਸਭਾ ਚੋਣਾ 2017 ਦੌਰਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿੱਚ ‘ਸਮਾਧਾਨ, ਸੁਵਿਧਾ ਤੇ ਸੁਗਮ’ ਐਪਲੀਕੇਸ਼ਨਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਮਾਧਾਨ ਵੈਬ ਐਪਲੀਕੇਸ਼ਨ ਹੈ, ਜਿਸਦਾ ਲਿੰਕ ਸੂਬੇ ਦੇ ਚੋਣ ਕਮਿਸ਼ਨਰ ਨੇ ਵੈਬਸਾਈਟ ’ਤੇ ਪਾਇਆ ਹੋਇਆ ਹੈ। ਸੁਵਿਧਾ ਐਪਲੀਕੇਸ਼ਨ ਸਿੰਗਲ ਵਿੰਡੋ ਸਿਸਟਮ ਹੈ, ਜਿਸ ਦਾ ਇਸਤੇਮਾਲ ਕਰਕੇ ਸਿਆਸੀ ਪਾਰਟੀਆਂ ਮਨਜੂਰੀ ਲੈ ਸਕਦੀਆਂ ਹਨ। ਵਾਹਨਾਂ ਦੀ ਮੈਨੇਜਮੈਂਟ ਲਈ ਸੁਗਮ ਅਲਗ ਤੋਂ ਇੱਕ ਐਪਲੀਕੇਸ਼ਨ ਹੈ। ਇਸੇ ਦੌਰਾਨ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ 24 ਲੱਖ 28 ਹਜ਼ਾਰ 26 ਵੋਟਰ ਹਨ। ਇਨ੍ਹਾਂ ਵਿਚੋਂ 39486 ਵੋਟਰ ਪਹਿਲੀ ਵਾਰ ਵੋਟ ਪਾਉਣਗੇ, ਜਿਨ੍ਹਾਂ ਦੀ ਉਮਰ 18 ਤੋਂ 19 ਸਾਲ ਹੈ। 562 ਪੋਲਿੰਗ ਸਟੇਸ਼ਨਾਂ ’ਤੇ ਵੈੱਬ ਕੈਮਰਿਆਂ ਰਾਹੀਂ ਹੋਵੇਗੀ ਨਿਗਰਾਣੀ ਅਤੇ ਜ਼ਿਲ੍ਹੇ ਵਿੱਚ ਕੁੱਲ 2720 ਪੋਲਿੰਗ ਸਟੇਸ਼ਨ ਹੋਣਗੇ। ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਗਿਣਤੀ 448 ਹੈ।