ਫਰੀਦਕੋਟ :ਜੁਗਾਂ ਜੁਗਾਂਤਰਾਂ ਤੋਂ ਡਾਕਟਰੀ ਦੇ ਕਿੱਤੇ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਕਸ ਕਿੱਤੇ ਨੂੰ ਇਕ ਪਵਿੱਤਰ ਕਿੱਤਾ ਮੰਨਿਆ ਗਿਆ, ਜਿਸ ਹੱਥ ਮਨੁੱਖ ਦੀ ਜਿੰਦਗੀ ਹੁੰਦੀ ਹੈ। ਅੱਜਕੱਲ੍ਹ ਦੇ ਪਦਾਰਥਵਾਦੀ ਯੁੱਗ ਵਿਚ ਕੁੱਝ ਡਾਕਟਰਾਂ ਨੇ ਇਸ ਕਿੱਤੇ ਨੂੰ ਇਸ ਹੱਦ ਤੱਕ ਬਦਨਾਮ ਕਰ ਦਿੱਤਾ ਹੈ ਕਿ ਇਸ ਕਿੱਤੇ ਦੀ ਤੁਲਨਾ ਜਲਾਦ ਨਾਲ ਕੀਤੀ ਜਾਣ ਲੱਗੀ ਹੈ। ਭਾਵੇਂ ਬਹੁਤ ਸਾਰੇ ਡਾਕਟਰ ਅੱਜ ਵੀ ਮਰੀਜaਾਂ ਦੀ ਸੇਵਾ ਨੂੰ ਆਪਣਾ ਧਰਮ ਸਮਝਦੇ ਨੇ ਅਤੇ ਇਸੇ ਕਾਰਨ ਸੰਵਿਧਾਨ ਨੇ ਵੀ ਡਾਕਟਰਾਂ ਦੀ ਰਾਇ ਨੂੰ ਵਿਸੇਸ ਮਹੱਤਤਾ ਦਿੱਤੀ ਹੈ, ਪਰ ਕੁੱਝ ਡਾਕਟਰਾਂ ਵਲੋਂ ਪੈਸੇ ਦੇ ਲਾਲਚ ਵਿਚ ਆ ਕੇ ਜਿਥੇ ਮਰੀਜਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ ਜਾਂਦਾ ਹੈ, ਉਥੇ ਅਦਾਲਤਾਂ ਵਿਚ ਗਲਤ ਸਲਾਹ ਦੇ ਕੇ ਬੇਦੋਸaਾਂ ਨੂੰ ਜੇਲ੍ਹਾਂ ਵਿਚ ਧੱਕ ਦਿੱਤਾ ਜਾਂਦਾ ਹੈ ਅਤੇ ਦੋਸੀਆਂ ਨੂੰ ਬਚਾਅ ਲਿਆ ਜਾਂਦਾ ਹੈ। ਇਸਦੀ ਤਾਜਾ ਮਿਸਾਲ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਫਰੀਦਕੋਟ ਦੇ ਇਕ ਦਰਜਨ ਵਿਅਕਤੀਆਂ ਨੇ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਂ ਨੂੰ ਲਿਖਤੀ ਸਿਕਾਇਤ ਭੇਜ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਜਲ ਫਰੀਦਕੋਟ ਦੇ ਡਾਕਟਰਾਂ ਤੇ ਦੋਸ ਲਾਇਆ ਕਿ ਉਹ ਪੈਸੇ ਲੈ ਕੇ ਸਰੇਆਮ ਪੱਖਪਾਤੀ ਮੈਡੀਕਲ ਰਿਪੋਰਟਾਂ ਤਿਆਰ ਕਰਦੇ ਨੇ ਅਤੇ ਆਪਣੀ ਸਲਾਹ ਵੇਚ ਕੇ ਸਰੇਆਮ ਆਪਣੇ ਕਿੱਤੇ ਦਾ ਮੁੱਲ ਵੱਟਦੇ ਨੇ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਪੱਖੀ ਕਲਾਂ ਦਾ ਬਹੁ-ਚਰਚਿਤ ਲਵਪ੍ਰੀਤ ਸਿੰਘ ਕਤਲ ਕਾਂਡ ਵਿੱਚ ਡਾਕਟਰਾਂ ਨੇ ਮੈਡੀਕਲ ਲੀਗਲ ਰਿਪੋਰਟ ਪੀ.ਐੱਮ.ਆਰ. 9110 ਤਿਆਰ ਕੀਤੀ ਸੀ ਜਿਸ ਦੀ ਵਿਸਰਾ ਰਿਪੋਰਟ ਖਰੜ ਲੈਬਾਰਟਰੀ ਨੂੰ ਭੇਜੀ ਗਈ ਸੀ। ਇਹ ਰਿਪੋਰਟ ਦੋ ਮਹੀਨੇ ਪਹਿਲਾਂ ਮੈਡੀਕਲ ਕਾਲਜ ਦੇ ਫੋਰਾਂਸਿਕ ਵਿਭਾਗ ਵਿੱਚ ਅੰਤਿਮ ਰਾਇ ਲਈ ਪਹੁੰਚ ਚੁੱਕੀ ਹੈ ਪਰੰਤੂ ਡਾਕਟਰਾਂ ਨੇ ਇਹ ਰਿਪੋਰਟ ਅਤੇ ਇਸ ਨਾਲ ਲੱਗੇ ਦਸਤਾਵੇਜ ਅਦਾਲਤ ਸਾਹਮਣੇ ਪੇਸ਼ ਨਹੀਂ ਕੀਤੇ ਜਿਸ ਕਰਕੇ ਲਗਾਤਾਰ ਸ਼ੈਸ਼ਨ ਕੋਰਟ ਨੂੰ ਇਸ ਕਤਲ ਕਾਂਡ ਦੀ ਸੁਣਵਾਈ ਮੁਲਤਵੀ ਕਰਨੀ ਪਈ ਹੈ। ਇਸੇ ਤਰ•ਾਂ ਗੁਰਪਾਲ ਸਿੰਘ ਵਾਸੀ ਨੰਗਲ ਦੀ ਲੜਕੀ ਨਾਲ ਪਿੰਡ ਦੇ ਕੁਝ ਨੌਜਵਾਨਾਂ ਨੇ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਸੀ ਇਸ ਸੰਬੰਧੀ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਐੱਮ.ਐਲ.ਆਰ ਨੰ: 159/2016 ਤਿਆਰ ਕੀਤੀ ਸੀ ਅਤੇ ਇੱਕ ਸੱਟ ਨੂੰ ਐਕਸ-ਰੇ ਅਧੀਨ ਰੱਖਿਆ ਸੀ। 31 ਅਕਤੂਬਰ 2016 ਤੋਂ ਲੈ ਕੇ ਹੁਣ ਤੱਕ ਇਸ ਮਾਮਲੇ ਵਿੱਚ ਡਾਕਟਰਾਂ ਨੇ ਰਿਪੋਰਟ ਪੁਲੀਸ ਕੋਲ ਨਹੀਂ ਭੇਜੀ ਜਿਸ ਕਰਕੇ ਪੁਲੀਸ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਤੋਂ ਅਸਮਰੱਥ ਹੈ। ਇੱਕ ਹੋਰ ਮਾਮਲੇ ਵਿੱਚ ਠਾਣਾ ਸਿੰਘ 10 ਨਵੰਬਰ ਨੂੰ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਦਾਖਲ ਹੋਇਆ ਸੀ ਜਿਸ ਦੀ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਗਈ ਸੀ ਪਰੰਤੂ ਅੱਜ ਤੱਕ ਇਸ ਮਾਮਲੇ ਵਿੱਚ ਡਾਕਟਰਾਂ ਨੇ ਠਾਣਾ ਸਿੰਘ ਦੇ ਵੱਜੀਆਂ ਸੱਟਾਂ ਬਾਰੇ ਆਪਣੀ ਆਖਰੀ ਮੈਡੀਕਲ ਰਾਇ ਨਹੀਂ ਦਿੱਤੀ ਜਿਸ ਕਰਕੇ ਪੁਲੀਸ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਤੋਂ ਅਸਮਰੱਥਾ ਜਾਹਰ ਕਰ ਰਹੀ ਹੈ। ਡਾਕਟਰਾਂ ਦੀ ਇਸ ਮਨਮਰਜੀ ਨਾਲ ਜਿੱਥੇ ਕੁੱਟਮਾਰ ਅਤੇ ਅਪਰਾਧਕ ਘਟਨਾਵਾਂ ਕਰਨ ਵਾਲੇ ਮੁਲਜ਼ਮ ਬਾਗੋਬਾਗ ਹਨ, ਉੱਥੇ ਪੀੜਤ ਵਿਅਕਤੀਆਂ ਨੂੰ ਵੱਡੀਆਂ ਸਮੱਸਿਆਵਾਂ ਆ ਰਹੀਆਂ ਹਨ। ਕਿਉਂਕਿ ਮੈਡੀਕਲ ਰਿਪੋਰਟ ਤੋਂ ਬਿਨਾਂ ਅਦਾਲਤਾਂ ਕੁੱਟਮਾਰ ਦੇ ਮਾਮਲਿਆਂ ਨੂੰ ਸੁਣਵਾਈ ਲਈ ਮੰਨਜ਼ੂਰ ਨਹੀਂ ਕਰਦੀਆਂ। ਸੂਚਨਾ ਅਨੁਸਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਰਥੋ ਅਤੇ ਫੋਰਾਂਸਿਕ ਵਿਭਾਗ ਵਿੱਚ ਦੋ ਸੌ ਤੋਂ ਵੱਧ ਅਜਿਹੇ ਮਾਮਲੇ ਹਨ ਜਿੰਨ•ਾਂ ਵਿੱਚ ਡਾਕਟਰਾਂ ਨੇ ਨਿਸਚਿਤ ਸਮੇਂ ਵਿੱਚ ਆਪਣੀ ਮੈਡੀਕਲ ਰਾਇ ਪੁਲੀਸ ਜਾਂ ਅਦਾਲਤ ਨੂੰ ਨਹੀਂ ਭੇਜੀ। ਜਬਰ ਜਿਨਾਹ ਗੰਭੀਰ ਮਾਮਲਿਆਂ ਵਿੱਚ ਵੀ ਮੈਡੀਕਲ ਕਾਲਜ ਵੱਲੋਂ ਮੈਡੀਕਲ ਰਿਪੋਰਟਾਂ ਅਤੇ ਰਾਇ ਭੇਜਣ ਵਿੱਚ ਮਹੀਨਿਆਂ ਬੱਧੀ ਦੇਰੀ ਸਰਕਾਰੀ ਰਿਕਾਰਡ ਦਾ ਹਿੱਸਾ ਹੈ। ਇਸੇ ਮੈਡੀਕਲ ਕਾਲਜ ਦੇ ਇੱਕ ਸੀਨੀਅਰ ਡਾ. ਸੰਦੀਪ ਸਿੰਘ ਨੂੰ ਸਥਾਨਕ ਅਦਾਲਤ ਵਿੱਚੋਂ ਫਰਜੀ ਮੈਡੀਕਲ ਰਿਪੋਰਟ ਤਿਆਰ ਕਰਨ ਦੇ ਦੋਸ਼ਾਂ ਵਿੱਚ 36 ਮਹੀਨੇ ਸਜ਼ਾ ਵੀ ਹੋ ਚੁੱਕੀ ਹੈ ਜਦੋਂ ਕਿ ਇੱਕ ਹੋਰ ਸੀਨੀਅਰ ਡਾਕਟਰ ਖਿਲਾਫ਼ ਜਾਅਲੀ ਮੈਡੀਕਲ ਰਿਪੋਰਟਾਂ ਤਿਆਰ ਕਰਨ ਦਾ ਸਿਟੀ ਥਾਣਾ ਫਰੀਦਕੋਟ ਵਿੱਚ ਪਰਚਾ ਦਰਜ ਹੋ ਚੁੱਕਾ ਹੈ। ਮੈਡੀਕਲ ਸੁਪਰਡੈਂਟ ਡਾ. ਜੇ.ਪੀ. ਸਿੰਘ ਨੇ ਕਿਹਾ ਕਿ ਲੜਾਈ ਝਗੜਿਆਂ ਤੇ ਸੱਟਾਂ ਵਰਗੇ ਕੇਸਾਂ ਵਿੱਚ ਸੰਬੰਧਤ ਡਾਕਟਰ ਆਪਣੀ ਮੈਡੀਕਲ ਰਾਇ ਨਿਆਂ ਏਜੰਸੀਆਂ ਨੂੰ ਦੇਣ ਲਈ ਪਾਬੰਦ ਹਨ। ਉਹਨਾ ਕਿਹਾ ਕਿ ਜ਼ਿਆਦਾ ਕੰਮ ਹੋਣ ਕਾਰਨ ਕਈ ਵਾਰ ਇਹ ਰਾਇ ਲਿਖਤੀ ਤੌਰ ‘ਤੇ ਸਮੇਂ ਸਿਰ ਨਹੀਂ ਭੇਜੀ ਜਾਂਦੀ। ਮੈਡੀਕਲ ਸੁਪਰਡੈਂਟ ਨੇ ਕਿਹਾ ਕਿ ਉਹਨਾਂ ਨੇ ਸਾਰੇ ਡਾਕਟਰਾਂ ਨੂੰ ਅਜਿਹੇ ਕੇਸਾਂ ਨੂੰ ਪਹਿਲ ਦੇ ਅਧਾਰ ‘ਤੇ ਨਿਪਟਾਉਣ ਦੇ ਆਦੇਸ਼ ਦਿੱਤੇ ਹਨ। ਜੇਕਰ ਕੋਈ ਡਾਕਟਰ ਅਜਿਹਾ ਨਹੀਂ ਕਰਦਾ ਤਾਂ ਉਸ ਖਿਲਾਫ਼ ਬਣਦੀ ਵਿਭਾਗੀ ਕਾਰਵਾਈ ਹੋਵੇਗੀ।(ਪੰਜਾਬੀ ਟ੍ਰਿਬਿਊਨ ਵਿਚੋਂ ਧੰਨਵਾਦ ਸਹਿਤ)