
ਫਰੀਦਕੋਟ : ਜਿਲਾ ਤੇ ਸੈਸ਼ਨ ਜੱਜ ਫਰੀਦਕੋਟ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਜ਼ਮਾਨਤ ਰੱਦ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਹੈ। ਕੋਟਕਪੂਰਾ ਦੇ ਪੱਤਰਕਾਰ ਨਰੇਸ਼ ਸਹਿਗਲ ਨੇ ਪਿਛਲੇ ਸ਼ੁਕਰਵਾਰ ਨੂੰ ਅਦਾਲਤ ਵਿਚ ਅਰਜੀ ਦਾਇਰ ਕਰਕੇ ਮੰਗ ਕੀਤੀ ਸੀ ਕਿ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦੀ ਜ਼ਮਾਨਤ ਰੱਦ ਕੀਤੀ ਜਾਵੇ। ਅਦਾਲਤ ਨੇ ਸੁਖਬੀਰ ਸਿੰਘ ਬਾਦਲ ਨੂੰ 31 ਜਨਵਰੀ ਲਈ ਨੋਟਿਸ ਜਾਰੀ ਕੀਤਾ ਹੈ।
ਪ੍ਰਾਪਤ ਜਾਣਾਕਰੀ ਅਨੁਸਾਰ ਸ਼੍ਰੀ ਨਰੇਸ਼ ਸਹਿਗਲ ਵਲੋਂ ਸ਼ੁਕਰਵਾਰ ਨੂੰ ਅਦਾਲਤ ਵਿਚ ਦਾਇਰ ਕੀਤੀ ਗਈ ਅਰਜੀ ‘ਤੇ ਸੋਮਵਾਰ ਨੂੰ ਸੁਣਵਾਈ ਹੋਣੀ ਸੀ, ਪਰ ਜਿਲਾ ਤੇ ਸੈਸ਼ਨ ਜੱਜ ਸਤਵਿੰਦਰ ਸਿੰਘ ਚਾਹਲ ਦੇ ਛੁੱਟੀ ‘ਤੇ ਹੋਣ ਕਾਰਨ ਇਹ
ਕੇਸ ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਹੀਰਾ ਸਿੰਘ ਗਿੱਲ ਦੀ ਅਦਾਲਤ ਵਿਚ ਸੁਣਵਾਈ ਲਈ ਭੇਜ ਦਿੱਤਾ ਗਿਆ। ਅੱਜ ਸੁਖਬੀਰ ਸਿੰਘ ਬਾਦਲ ਵਲੋਂ ਅਦਾਲਤ ਵਿਚ ਨਾ ਪੇਸ਼ ਹੋਣ ਕਾਰਨ ਅਦਾਲਤ ਨੇ ਇਹ ਕੇਸ ਕੱਲ੍ਹ 31 ਜਨਵਰੀ ਮੰਗਲਵਾਰ ਨੂੰ ਸੁਣਵਾਈ ਲਈ ਰੱਖ ਲਿਆ ਹੈ। ਵਰਨਣਯੋਗ ਹੈ ਕਿ 30 ਜੂਨ 2006 ਨੂੰ ਸੁਖਬੀਰ ਸਿੰਘ ਬਾਦਲ ਖਿਲਾਫ ਕੋਟਕਪੂਰਾ ਥਾਣੇ ਵਿਚ ਕਾਤਲਾਨਾ ਹਮਲੇ ਦੇ ਦੋਸ਼ ਵਿਚ ਪਰਚਾ ਦਰਜ ਹੋਇਆ ਸੀ। ਕੁੱੱਝ ਮਹੀਨੇ ਪਹਿਲਾਂ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਬਰੀ ਕਰ ਦਿੱਤਾ ਸੀ, ਪਰ ਨਰੇਸ਼ ਸਹਿਗਲ ਨੇ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਿਚ ਇਸ ਖਿਲਾਫ ਅਪੀਲ ਦਾਇਰ ਕਰ ਦਿੱਤੀ ਸੀ, ਜੋ ਕਿ ਅਜੇ ਵਿਚਾਰ ਅਧੀਨ ਹੈ।
ਇਸੇ ਦੌਰਾਨ ਚੋਣ ਕਮਿਸ਼ਨ ਨੇ ਮੁੱਖ ਚੋਣ ਅਫਸਰ ਪੰਜਾਬ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਨਾਮਜਦਗੀ ਪੱਤਰਾਂ ਵਿਚ ਇਸ ਕੇਸ ਦਾ ਹਵਾਲਾ ਨਾ ਦੇਣ ਦੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਸ੍ਰੀ ਬਾਦਲ ਨੇ ਜਲਾਲਾਬਾਦ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਇਸ ਕੇਸ ਵਿਚ ਜਮਾਨਤ ‘ਤੇ ਹਨ।