
ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਪੰਜਾਬ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ 423 ਸਰਵਿਸ ਵੋਟਰਾਂ ਨੂੰ ਇਲਕੈਟ੍ਰਾਨਿਕ ਟਰਾਂਸਮਿਸ਼ਨ ਪੋਸਟਲ ਬੈਲਟ ਭੇਜ ਦਿੱਤੇ ਗਏ ਹਨ। ਇਹ ਖੁਲਾਸਾ ਪੰਜਾਬ ਦੇ ਮੁੱਖ ਚੋਣ ਅਫਸਰ ਸ੍ਰੀ ਵੀ.ਕੇ.ਸਿੰਘ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ।
ਸ੍ਰੀ ਵੀ.ਕੇ.ਸਿੰਘ ਨੇ ਦੱਸਿਆ ਕਿ ਪੰਜਾਬ ਦੇ ਪੰਜ ਵਿਧਾਨ ਸਭਾ ਹਲਕਿਆਂ, ਜਿਨ੍ਹਾਂ ਵਿੱਚ ਲੁਧਿਆਣਾ ਜ਼ਿਲੇ ਦੇ ਚਾਰ ਤੇ ਜਲੰਧਰ ਜ਼ਿਲੇ ਦਾ ਇਕ ਵਿਧਾਨ ਸਭਾ ਹਲਕਾ ਸ਼ਾਮਲ ਹੈ, ਵਿੱਚ ਪਹਿਲੀ ਵਾਰ ਸਰਵਿਸ ਵੋਟਰਾਂ ਲਈ ਇਲੈਕਟ੍ਰਾਨਿਕ ਟਰਾਂਸਮਿਸ਼ਨ ਪੋਸਟਲ ਬੈਲਟ ਭੇਜੇ ਗਏ ਹਨ। ਸੈਨਿਕਾਂ ਦੇ ਵੋਟ ਦੇ ਅਧਿਕਾਰ ਦੀ ਅਹਿਮੀਅਤ ਨੂੰ ਦੇਖਦਿਆਂ ਇਸ ਵਾਰ ਪੰਜਾਬ ਵਿੱਚ ਇਹ ਪਹਿਲੀ ਵਾਰ ਤਜ਼ਰਬਾ ਕੀਤਾ ਗਿਆ ਹੈ। ਪੰਜ ਹਲਕਿਆਂ ਵਿੱਚ ਲੁਧਿਆਣਾ ਪੂਰਬੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਉਤਰੀ ਅਤੇ ਜਲੰਧਰ ਪੱਛਮੀ (ਰਾਂਖਵਾ) ਸ਼ਾਮਲ ਹਨ।
ਮੁੱਖ ਚੋਣ ਅਫਸਰ ਨੇ ਅਗਾਂਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਪੰਜ ਹਲਕਿਆਂ ਵਿੱਚ ਕੁੱਲ 423 ਸਰਵਿਸ ਵੋਟਰ ਹਨ ਜਿਨ੍ਹਾਂ ਵਿੱਚ 284 ਲੁਧਿਆਣਾ ਜ਼ਿਲੇ ਅਤੇ 139 ਜਲੰਧਰ ਜ਼ਿਲੇ ਵਿੱਚ ਹਨ। ਇਨ੍ਹਾਂ ਸਰਵਿਸ ਵੋਟਰਾਂ ਨੂੰ ਸਬੰਧਤ ਰਿਟਰਨਿੰਗ ਅਫਸਰਾਂ ਵੱਲੋਂ ਇਲੈਕਟ੍ਰਾਨਿਕਲੀ (ਆਨ ਲਾਈਨ) ਬੈਲਟ ਪੇਪਰ ਭੇਜੇ ਗਏ ਹਨ। ਇਹ ਸਰਵਿਸ ਵੋਟਰ 4 ਫਰਵਰੀ 2017 ਦੇ ਸ਼ਾਮ ਪੰਜ ਵਜੇ ਤੱਕ ਆਪਣੇ ਬੈਲਟ ਪੇਪਰ ਡਾਊਨਲੋਡ ਕਰਕੇ ਇਨ੍ਹਾਂ ਨੂੰ ਵਾਪਸ ਆਪੋ-ਆਪਣੇ ਰਿਟਰਨਿੰਗ ਅਫਸਰਾਂ ਕੋਲ 11 ਮਾਰਚ 2017 ਤੱਕ ਭੇਜ ਸਕਦੇ ਹਨ।
ਸ੍ਰੀ ਵੀ.ਕੇ.ਸਿੰਘ ਨੇ ਦੱਸਿਆ ਕਿ ਸਾਰੇ ਉਮੀਦਵਾਰ ਇਸ ਨਵੇਂ ਤਜ਼ਰਬੇ ਤੋਂ ਖੁਸ਼ ਹੈ ਅਤੇ ਇਸ ਨਵੀਂ ਪ੍ਰਣਾਲੀ ਸਬੰਧੀ ਲੁਧਿਆਣਾ ਅਤੇ ਜਲੰਧਰ ਦੇ ਜ਼ਿਲਾ ਚੋਣ ਅਫਸਰਾਂ ਵੱਲੋਂ ਲੋੜੀਂਦੀ ਸਿਖਲਾਈ ਅਤੇ ਜਾਗਰੂਕਤਾ ਪ੍ਰੋਗਰਾਮ ਵਿੱਚ ਵੀ ਉਮੀਦਵਾਰਾਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਦੀਆਂ ਪੰਜ ਪਰਤਾਂ ਵਿੱਚ ਸੁਰੱਖਿਆ ਯਕੀਨੀ ਬਣਾਈ ਗਈ ਹੈ।