ਫ਼ਰੀਦਕੋਟ, 22 ਦਸੰਬਰ – ਕੱਲ ਬਠਿੰਡਾ ਵਿਖੇ ਪੰਜਾਬ ਸਰਕਾਰ ਦੀ ਪੁਤਲਾ ਸਾੜਣ ਸਮੇਂ ਅੱਗ ਦੀ ਲਪੇਟ ‘ਚ ਆਏ ਈ.ਜੀ.ਐੱਸ. ਅਧਿਆਪਕ ਸਿਮਰਜੀਤ ਸਿੰਘ ਜੋ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਹਨ, ਦਾ ਹਾਲ-ਜਾਣਨ ਲਈ ਆਪ ਆਦਮੀ ਪਾਰਟੀ ਦੇ ਸੂਬਾ ਆਗੂ ਸੰਜੇ ਸਿੰਘ, ਸਾਂਸਦ ਪ੍ਰੋ. ਸਾਧੂ ਸਿੰਘ ਅਤੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਹਸਪਤਾਲ ਗਏ ਅਤੇ ਜਖ਼ਮੀ ਨੌਜਵਾਨ ਦੇ ਵਾਰਸਾਂ ਨੂੰ ਮਿਲੇ। ਸੰਜੇ ਸਿੰਘ ਅਤੇ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਜੇਕਰ ਸਿਮਰਜੀਤ ਸਿੰਘ ਦਾ ਪਰਿਵਾਰ ਉਸ ਦਾ ਇਲਾਜ ਅਪੋਲੋ ਜਾਂ ਕਿਸੇ ਵੱਡੇ ਹਸਪਤਾਲ ਵਿੱਚੋਂ ਕਰਵਾਉਣਾ ਚਾਹੁੰਦਾ ਹੈ ਤਾਂ ਪਾਰਟੀ ਉਹਨਾਂ ਦੀ ਮੱਦਦ ਕਰਨ ਲਈ ਤਿਆਰ ਹੈ। ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਾਬਿਲ ਨੌਜਵਾਨਾਂ ਨੂੰ ਵੀ ਕੋਈ ਰੁਜ਼ਗਾਰ ਨਹੀਂ ਦਿੱਤਾ ਅਤੇ ਉਹਨਾਂ ਨੂੰ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੇ ਦੇਸ਼ ਦੇ ਭਵਿੱਖ ਵੀ ਅਗਵਾਈ ਕਰਨੀ ਸੀ, ਉਹ ਨੌਜਵਾਨ ਰੁਜ਼ਗਾਰ ਲਈ ਸੜਕਾਂ ‘ਤੇ ਅੱਗ ਨਾਲ ਖੇਡ ਰਹੇ ਹਨ। ‘ਆਪ’ ਆਗੂਆਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ ‘ਤੇ ਨੌਜਵਾਨਾਂ ਨੂੰ ਸੜਕਾਂ ‘ਤੇ ਨਹੀਂ ਰੁਲ਼ਣਾ ਪਵੇਗਾ ਅਤੇ ਕਾਬਿਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਦਿੱਤੇ ਜਾਣਗੇ। ‘ਆਪ’ ਦੇ ਆਗੂਆਂ ਨੇ ਇਲਾਜ ਕਰ ਰਹੇ ਡਾਕਟਰਾਂ ਅਤੇ ਮੈਡੀਕਲ ਕਾਲਜ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ। ਦੂਜੇ ਪਾਸੇ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਵੀ ਸਿਮਰਜੀਤ ਸਿੰਘ ਦੇ ਪਰਿਵਾਰ ਨਾਲ ਹਸਪਤਾਲ ਜਾ ਕੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਹਰ ਤਰ•ਾਂ ਦੀ ਮੱਦਦ ਦਾ ਭਰੋਸਾ ਦਿੱਤਾ। ਸਿਮਰਜੀਤ ਸਿੰਘ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਸਿਮਰਜੀਤ ਸਿੰਘ ਦੀ ਹਾਲਤ ਨੂੰ ਨਾਜ਼ੁਕ ਦੱਸਦਿਆਂ ਕਿਹਾ ਕਿ ਚਿਹਰੇ ‘ਤੇ ਅੱਗ ਪੈਣ ਨਾਲ ਕੁਝ ਨਰਮ ਨਾੜਾਂ ਝੁਲਸ ਗਈਆਂ ਹਨ, ਇਸ ਲਈ ਉਸ ਨੂੰ ਉੱਚ ਪੱਧਰੀ ਇਲਾਜ ਦਿੱਤਾ ਜਾ ਰਿਹਾ ਹੈ।
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਜਲ ਹਸਪਤਾਲ ਫਰੀਦਕੋਟ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਡਾਕਟਰਾਂ ਨਾਲ ਜਖਮੀ ਅਧਿਆਪਕ ਦੇ ਇਲਾਜ ਬਾਰੇ ਗੱਲਬਾਤ ਕਰਦੇ ਹੋਏ