best platform for news and views

ਪੰਜਾਬ ਵਿੱਚ ਹਾਈਪਰਲੂਪ ਟਰਾਂਸਪੋਰਟ ਪ੍ਰੋਜੈਕਟ ਦੇ ਪੂਰਵ ਸੰਭਾਵਿਤ ਅਧਿਐਨ ਲਈ ਸੂਬਾ ਸਰਕਾਰ ਵੱਲੋਂ ਵਰਜਿਨ ਹਾਈਪਰਲੂਪ ਕੰਪਨੀ ਨਾਲ ਸਮਝੌਤਾ ਸਹੀਬੱਧ

Please Click here for Share This News

ਚੰਡੀਗੜ, 3 ਦਸੰਬਰ:

                ਪੰਜਾਬ ਸਰਕਾਰ ਨੇ ਅੰਮਿ੍ਰਤਸਰ-ਲੁਧਿਆਣਾ-ਚੰਡੀਗੜ-ਕੌਮੀ ਰਾਜਧਾਨੀ ਖੇਤਰ ਕੌਰੀਡੋਰ ਵਿੱਚ ਹਾਈਪਰਲੂਪ ਟਰਾਂਸਪੋਰਟ ਬੁਨਿਆਦੀ ਢਾਂਚਾ ਪ੍ਰੋਜੈਕਟ ਦੀ ਸੰਭਾਵਨਾ ਤਲਾਸ਼ਣ ਦਾ ਫੈਸਲਾ ਕੀਤਾ ਹੈ ਤਾਂ ਕਿ ਖੇਤਰ ਵਿੱਚ ਅੰਤਰ-ਸ਼ਹਿਰੀ ਆਵਾਜਾਈ ਨੂੰ ਸੁਧਾਰਨ ਦੇ ਨਾਲ-ਨਾਲ ਸੁਚਾਰੂ ਬਣਾਇਆ ਜਾ ਸਕੇ।

                ਇਨਵੈਸਟਮੈਂਟ ਪ੍ਰਮੋਸ਼ਨ ਦੇ ਵਧੀਕ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਅੱਜ ਲਾਸ ਏਂਜਲਸ ਆਧਾਰਤ ਕੰਪਨੀ ਵਰਜਿਨ ਹਾਈਪਰਲੂਪ ਵਨ ਨਾਲ ਇਕ ਸਮਝੌਤਾ ਸਹੀਬੱਧ ਕੀਤਾ ਹੈ ਜੋ ਇਸ ਪ੍ਰੋਜੈਕਟ ਲਈ ਆਰਥਿਕ ਪੱਖੋਂ ਪੂਰਵ ਸੰਭਾਵਨਾਵਾਂ ਘੋਖੇਗੀ। ਇਸ ਕੰਪਨੀ ਨੂੰ ਇਸ ਦੇ ਵੱਡੇ ਨਿਵੇਸ਼ਕਾਰ ਦੁਬਈ ਆਧਾਰਤ ਡੀ.ਪੀ. ਵਰਲਡ ਵੱਲੋਂ ਸਹਿਯੋਗ ਕੀਤਾ ਜਾਵੇਗਾ।

                ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਪੀ. ਵਰਲਡ ਸਬ-ਕੌਂਟੀਨੈਂਟ ਦੇ ਸੀ.ਈ.ਓ. ਅਤੇ ਮੈਨੇਜਿੰਗ ਡਾਇਰੈਕਟਰ ਰਿਜ਼ਵਾਨ ਸੂਮਰ ਦੀ ਮੌਜੂਦਗੀ ਵਿੱਚ ਇਸ ਐਮ.ਓ.ਯੂ. ’ਤੇ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸ਼ਿਵਾ ਪ੍ਰਸਾਦ ਅਤੇ ਵਰਜਿਨ ਹਾਈਪਰਲੂਪ ਵਨ ਕੰਪਨੀ ਦੇ ਮੱਧ ਪੂਰਬੀ ਅਤੇ ਭਾਰਤ ਦੇ ਮੈਨੇਜਿੰਗ ਡਾਇਰੈਕਟਰ ਹਰਜ ਧਾਲੀਵਾਲ ਨੇ ਦਸਤਖ਼ਤ ਕੀਤੇ।

                ਵਰਜਿਨ ਹਾਈਪਰਲੂਪ ਕੰਪਨੀ ਵੱਲੋਂ ਹਰਿਆਣਾ ਸਰਕਾਰ ਨਾਲ ਵੀ ਵੱਖਰਾ ਐਮ.ਓ.ਯੂ. ਕੀਤੇ ਜਾਣਾ ਵਿਚਾਰ ਅਧੀਨ ਹੈ ਤਾਂ ਕਿ ਇਸ ਪ੍ਰਣਾਲੀ ਦੀ ਸੰਭਾਵਨਾ ਦਾ ਮੁਲਾਂਕਣ ਕੀਤਾ ਜਾ ਸਕੇ ਕਿ ਪੰਜਾਬ ਤੋਂ ਇਸ ਦਾ ਰੂਟ ਕੌਮੀ ਰਾਜਧਾਨੀ ਖੇਤਰ ਤੱਕ ਵਧਾਇਆ ਜਾ ਸਕਦਾ ਹੈ।

                ਇਸ ਕੰਪਨੀ ਦੇ ਅਨੁਮਾਨ ਮੁਤਾਬਕ ਅੰਮਿ੍ਰਤਸਰ-ਲੁਧਿਆਣਾ-ਚੰਡੀਗੜ ਕੌਰੀਡੋਰ ਨਾਲ ਹਾਈਪਰਲੂਪ ਆਵਾਜਾਈ ਪ੍ਰੋਜੈਕਟ ਨਾਲ ਸੜਕ ਰਸਤੇ ਲੱਗਦਾ ਪੰਜ ਘੰਟਿਆਂ ਦਾ ਸਮਾਂ ਘਟ ਕੇ ਅੱਧੇ ਘੰਟੇ ਤੋਂ ਵੀ ਘੱਟ ਰਹਿ ਜਾਵੇਗਾ।

                ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਈਪਰਲੂਪ ਸਿਸਟਮ ਦੇ ਨਿਰਮਾਣ ਲਈ ਪੰਜਾਬ, ਮਹਾਰਾਸ਼ਟਰ ਤੋਂ ਬਾਅਦ ਮੁਲਕ ਦਾ ਦੂਜਾ ਸੂਬਾ ਬਨਣ ਵਿੱਚ ਗਹਿਰੀ ਦਿਲਚਸਪੀ ਰੱਖਦਾ ਹੈ। ਅਸੀਂ ਵਿਸ਼ੇਸ਼ ਤੌਰ ’ਤੇ ਸੂਬੇ ਵਿੱਚ ਹਾਈਪਰਲੂਪ ਪ੍ਰੋਜੈਕਟ ਦੀ ਸੰਭਾਵਨਾ ਤਲਾਸ਼ਣ ਦੀ ਇੱਛਾ ਰੱਖਦੇ ਹਾਂ ਜਿਸ ਨਾਲ ਮੁਲਕ ਵਿੱਚ ਹੋਰ ਵੱਡੇ ਕੇਂਦਰਾਂ ਨਾਲ ਜੁੜਿਆ ਜਾ ਸਕਦਾ ਹੈ। ਭਵਿੱਖ ਵਿੱਚ ਇਸ ਪ੍ਰੋਜੈਕਟ ਨੂੰ ਪੰਜਾਬ ਤੋਂ ਬਾਹਰ ਐਨ.ਸੀ.ਆਰ. ਨਾਲ ਵੀ ਜੋੜਿਆ ਜਾ ਸਕਦਾ ਹੈ।

                ਨਿਵੇਸ਼ ਪੰਜਾਬ ਦੇ ਸਲਾਹਕਾਰ ਮੋਸ਼ੇ ਕੋਹਲੀ ਮੁਤਾਬਕ ਹਾਈਪਰਲੈਪ ਪ੍ਰੋਜੈਕਟ ਦਾ ਪੂਰਵ ਸੰਭਾਵਿਤ ਅਧਿਐਨ ਛੇ ਹਫ਼ਤਿਆਂ ਵਿੱਚ ਮੁਕੰਮਲ ਹੋ ਜਾਵੇਗਾ। ਇਸ ਵਿੱਚ ਪ੍ਰੋਜੈਕਟ ਦੀ ਕੀਮਤ ਮੰਗ ਅਤੇ ਕੌਰੀਡੋਰ ਦੇ ਸਾਮਾਜਿਕ, ਆਰਥਿਕ ਲਾਭ ਵਰਗੇ ਵੱਖ-ਵੱਖ ਪਹਿਲੂਆਂ ਦਾ ਮੁਲਾਂਕਣ ਕੀਤਾ ਜਾਵੇਗਾ। ਉਨਾਂ ਕਿਹਾ, ‘‘ਮੈਂ ਮੁੱਖ ਮੰਤਰੀ, ਮੰਤਰੀਆਂ ਅਤੇ ਸਰਕਾਰ ਦੇ ਅਧਿਕਾਰੀਆਂ ਤੋਂ ਇਲਾਵਾ ਇਨਵੈਸਟਮੈਂਟ ਪ੍ਰਮੋਸ਼ਨ ਬਿਊਰੋ ਦੇ ਆਪਣੇ ਸਾਥੀਆਂ ਅਤੇ ਖਾਸਤੌਰ ’ਤੇ ਵਰਜਿਨ ਹਾਈਪਰਲੂਪ ਕੰਪਨੀ ਦੇ ਐਮ.ਡੀ. ਹਰਜ ਧਾਲੀਵਾਲ ਅਤੇ ਉਸ ਦੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਇਸ ਪ੍ਰੋਜੈਕਟ ਨੂੰ ਸੰਭਵ ਬਣਾਉਣ ਲਈ ਸਖ਼ਤ ਮਿਹਨਤ ਕੀਤੀ।’’

                ਹਰਜ ਧਾਲੀਵਾਲ ਨੇ ਕਿਹਾ ਕਿ ਇਸ ਪ੍ਰੋਜੈਕਟ ’ਤੇ ਕੰਮ ਕਰਨ ਲਈ ਪੰਜਾਬ ਸਰਕਾਰ ਦਾ ਭਾਈਵਾਲ ਬਣਨ ਦੀ ਸਾਨੂੰ ਬਹੁਤ ਖੁਸ਼ੀ ਹੈ। ਪੰਜਾਬ ਵਿੱਚ ਇਕ ਹਾਈਪਰਲੂਪ ਰੂਟ ਸੂਬੇ ਲਈ ਵੱਡਾ ਬਦਲਾਅ ਲਿਆ ਸਕਦਾ ਹੈ ਅਤੇ ਅਸੀਂ ਇਸ ਪ੍ਰੋਜੈਕਟ ਲਈ ਅੱਗੇ ਵਧਣਾ ਚਾਹੁੰਦੇ ਹਾਂ ਜਿਵੇਂ ਕਿ ਅਸੀਂ ਮਹਾਰਾਸ਼ਟਰ ਵਿੱਚ ਕੀਤਾ ਹੈ।  ਇਸ ਬੁਨਿਆਦੀ ਢਾਂਚਾ ਪ੍ਰੋਜੈਕਟ ਰਾਹੀਂ ਪੰਜਾਬ ਦੇ ਵੱਡੇ ਸ਼ਹਿਰਾਂ ਅੰਮਿ੍ਰਤਸਰ, ਲੁਧਿਆਣਾ ਅਤੇ ਚੰਡੀਗੜ ਨੂੰ ਉੱਤਰੀ ਭਾਰਤ ਵਿੱਚ ਬਾਕੀ ਥਾਵਾਂ ਨਾਲ ਜੋੜਣ ਵਿੱਚ ਆਰਥਿਕ ਤੌਰ ’ਤੇ ਅਥਾਹ ਸਮਰੱਥਾ ਹੈ।

                ਰਿਜ਼ਵਾਨ ਸੂਮਰ ਨੇ ਕਿਹਾ ਕਿ ਡੀ.ਪੀ. ਵਰਲਡ ਅਤੇ ਵਰਜਿਨ ਹਾਈਪਰਲੂਪ ਨੂੰ ਪੰਜਾਬ ਸਰਕਾਰ ਨਾਲ ਵਿਚਾਰ ਵਟਾਂਦਰਾ ਕਰ ਕੇ ਬਹੁਤ ਖੁਸ਼ੀ ਹੋਈ ਹੈ। ਮੁਲਕ ਵਿੱਚ ਮਹਾਰਾਸ਼ਟਰ ਤੋਂ ਬਾਅਦ ਸੰਭਾਵਿਤ ਕੌਮੀ ਹਾਈਪਰਲੂਪ ਨੈਟਵਰਕ ਲਈ ਪੰਜਾਬ ਦੂਜਾ ਸੂਬਾ ਹੋਵੇਗਾ। ਡੀ.ਪੀ. ਵਰਲਡ ਹਾਈਪਰਲੂਪ ਦੀ ਸ਼ੁਰੂਆਤ ਲਈ ਅਥਾਹ ਸੰਭਾਵਨਾਵਾਂ ਦੇਖਦਾ ਹੈ ਅਤੇ ਕਾਰਗੋ ਦੇ ਤੇਜ਼ੀ ਨਾਲ ਚੱਲਣ ਲਈ ਹਾਈਪਰਲੂਪ ਤਕਨਾਲੋਜੀ ਦਾ ਲਾਭ ਉਠਾਉਣ ਵਾਸਤੇ ਡੀ.ਪੀ. ਵਰਲਡ ਕਾਰਗੋ ਸਪੀਡ ਵਰਗੀਆਂ ਨਵੀਨਤਾਵਾਂ ਨੂੰ ਲਾਗੂ ਕਰਨ ਵਿੱਚ ਮੋਹਰੀ ਹੈ।

                ਵਰਜਿਨ ਹਾਈਪਰਲੂਪ ਵਨ ਬਾਰੇ

ਇਹ ਵਿਸ਼ਵ ਦੀ ਇਕਲੌਤੀ ਅਜਿਹੀ ਕੰਪਨੀ ਹੈ ਜਿਸ ਨੇ ਆਪਣੀ ਹਾਈਪਰਲੂਪ ਤਕਨਾਲੋਜੀ ਦਾ ਵੱਡੀ ਪੱਧਰ ’ਤੇ ਸਫ਼ਲ ਪ੍ਰੀਖਣ ਕੀਤਾ ਹੈ ਅਤੇ 100 ਸਾਲਾਂ ਵਿੱਚ ਜਨਤਕ ਆਵਾਜਾਈ ਦੇ ਇਸ ਨਵੀਂ ਵਿਧੀ ਵਾਲੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਕੰਪਨੀ ਨੇ ਇਲੈਕਟਿ੍ਰਕ ਅਤੇ ਇਲੈਕਟ੍ਰੋਮੈਗਨੈਟਿਕ ਲੈਵੀਟੇਸ਼ਨ ਦੀ ਵਰਤੋਂ ਨਾਲ ਹਾਈਪਰਲੂਪ ਵਨ ਨੂੰ ਸਫ਼ਲਤਾ ਨਾਲ ਚਲਾਇਆ ਜੋ ਕਿ ਮੌਜੂਦਾ ਪ੍ਰਣਾਲੀ ਨਾਲੋਂ ਤੇਜ਼, ਸੁਰੱਖਿਅਤ, ਸਸਤਾ ਤੇ ਵਧੇਰੇ ਟਿਕਾਊ ਹੈ।  ਕੰਪਨੀ ਵੱਲੋਂ ਹੁਣ ਵਿਸ਼ਵ ਭਰ ਵਿੱਚ  ਸਰਕਾਰਾਂ, ਹਿੱਸੇਦਾਰਾਂ ਅਤੇ ਨਿਵੇਸ਼ਕਾਰਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਹਾਈਪਰਲੂਪ ਦੀ ਪ੍ਰਣਾਲੀ ਨੂੰ ਦਹਾਕਿਆਂ ਦੀ ਬਜਾਏ ਵਰਿਆਂ ਵਿੱਚ ਹਕੀਕਤ ਦਾ ਰੂਪ ਦਿੱਤਾ ਜਾ ਸਕੇ। ਕੰਪਨੀ ਦੇ ਇਸ ਵੇਲੇ ਮਿਸੂਰੀ, ਟੈਕਸਾਸ, ਮੱਧ ਪੱਛਮ ਭਾਰਤ ਅਤੇ ਮੱਧ ਪੂਰਬ ਵਿੱਚ ਕਈ ਪ੍ਰੋਜੈਕਟ ਚੱਲ ਰਹੇ ਹਨ। ਕੰਪਨੀ ਦੀ ਤਕਨਾਲੋਜੀ ਦਿ੍ਰਸ਼ਟੀਕੋਣ ਤੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ .. ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Please Click here for Share This News

Leave a Reply

Your email address will not be published. Required fields are marked *