ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੇ ਪੰਜਵੇਂ ਦਿਨ ਕੁੱਲ 573 ਨਾਮਜ਼ਦਗੀ ਕਾਗਜ਼ ਦਾਖਲ ਹੋਏ। ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ 5 ਨਾਮਜ਼ਦਗੀਆਂ ਦਾਖਲ ਹੋਈਆਂ। ਇਹ ਜਾਣਕਾਰੀ ਮੁੱਖ ਚੋਣ ਅਫਸਰ ਪੰਜਾਬ ਦੇ ਬੁਲਾਰੇ ਨੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੱਤੀ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ 117 ਸੀਟਾਂ ਲਈ ਅੱਜ ਦਾਖਲ ਹੋਈਆਂ 573 ਨਾਮਜ਼ਦਗੀਆਂ ਨੂੰ ਜੋੜ ਕੇ ਹੁਣ ਤੱਕ ਕੁੱਲ 884 ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਹਨ। ਅੱਜ ਤੋਂ ਪਹਿਲਾਂ 16 ਜਨਵਰੀ ਤੱਕ ਕੁੱਲ 311 ਨਾਮਜ਼ਦਗੀਆਂ ਦਾਖਲ ਹੋਈਆਂ ਸਨ। ਇਸੇ ਤਰ੍ਹਾਂ ਅੰਮ੍ਰਿਤਸਰ ਦੀ ਇਕ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਪੰਜ ਨਾਮਜ਼ਦਗੀਆਂ ਦਾਖਲ ਹੋਈਆਂ। ਇਨ੍ਹਾਂ ਪੰਜ ਉਮੀਦਵਾਰਾਂ ਦੇ ਨਾਂ ਜਸਵਿੰਦਰ ਕੌਰ (ਸੀ.ਪੀ.ਆਈ.), ਡੀ ਦੁਰਗਾ ਪ੍ਰਸਾਦ (ਚੈਲੇਂਜਰਜ਼ ਪਾਰਟੀ), ਨਿਰਮਲ ਸਿੰਘ (ਡੀ.ਪੀ.ਓ.ਆਈ.), ਗੁਰਿੰਦਰ ਸਿੰਘ (ਏ.ਪੀ.ਪੀ.) ਤੇ ਪਰਮਜੀਤ ਸਿੰਘ (ਆਜ਼ਾਦ) ਹਨ। ਵਿਧਾਨ ਸਭਾ ਦੀਆਂ 117 ਸੀਟਾਂ ਅਤੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦਾਖਲ ਕਰਨ ਲਈ ਭਲਕੇ 18 ਜਨਵਰੀ ਆਖਰੀ ਤਰੀਕ ਹੈ।
ਬੁਲਾਰੇ ਨੇ ਨਾਮਜ਼ਦਗੀਆਂ ਬਾਰੇ ਜ਼ਿਲਾ ਵਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ ਵਿੱਚ ਕੁੱਲ 54 ਨਾਮਜ਼ਦਗੀਆਂ ਦਾਖਲ ਹੋਈਆਂ। ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਬਰਨਾਲਾ ਜ਼ਿਲੇ ਵਿੱਚ 18, ਬਠਿੰਡਾ ਵਿੱਚ 35, ਫਰੀਦਕੋਟ ਵਿੱਚ 8, ਫਾਜ਼ਿਲਕਾ ਵਿੱਚ 19, ਫਤਹਿਗੜ੍ਹ ਸਾਹਿਬ ਵਿੱਚ 13, ਫਿਰੋਜ਼ਪੁਰ ਵਿੱਚ 15, ਗੁਰਦਾਸਪੁਰ ਵਿੱਚ 40, ਹੁਸ਼ਿਆਰਪੁਰ ਵਿੱਚ 31, ਜਲੰਧਰ ਵਿੱਚ 49, ਕਪੂਰਥਲਾ ਵਿੱਚ 19, ਲੁਧਿਆਣਾ ਵਿੱਚ 67, ਮਾਨਸਾ ਵਿੱਚ 10, ਮੋਗਾ ਵਿੱਚ 14, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ 21, ਮੁਕਤਸਰ ਵਿੱਚ 12, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿੱਚ 17, ਪਟਿਆਲਾ ਵਿੱਚ 41, ਪਠਾਨਕੋਟ ਵਿੱਚ 15, ਰੂਪਨਗਰ ਵਿੱਚ 16, ਸੰਗਰੂਰ ਵਿੱਚ 41 ਤੇ ਤਰਨ ਤਾਰਨ ਜ਼ਿਲੇ ਵਿੱਚ 18 ਨਾਮਜ਼ਦਗੀਆਂ ਦਾਖਲ ਹੋਈਆਂ।