best platform for news and views

ਪੰਜਾਬ ਬਜਟ ਗ਼ਰੀਬ ਪੱਖੀ ਅਤੇ ਵਿਕਾਸ ਮੁਖੀ: ਸਾਧੂ ਸਿੰਘ ਧਰਮਸੋਤ

Please Click here for Share This News

ਚੰਡੀਗੜ੍ਹ, 25 ਮਾਰਚ:

ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ, ਐਸ.ਸੀ./ਬੀ.ਸੀ. ਤੇ ਘੱਟ ਗਿਣਤੀ ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸੂਬੇ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਪੰਜਾਬ ਬਜਟ ਨੂੰ ਤਰੱਕੀਪਸੰਦ, ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਵਰਗ ਪੱਖੀ, ਕਿਸਾਨ ਪੱਖੀ ਅਤੇ ਵਿਕਾਸ ਮੁਖੀ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਵੇਗਾ ਅਤੇ ਸਾਰੇ ਖੇਤਰਾਂ ਵਿੱਚ ਤਰੱਕੀ ਲਈ ਇੱਕ ਨਵਾਂ ਰਾਹ ਖੋਲ੍ਹੇਗਾ।

ਸ. ਧਰਮਸੋਤ ਨੇ ਬਜਟ ਨੂੰ ਯਥਾਰਥਵਾਦੀ, ਭਵਿੱਖਮੁਖੀ ਅਤੇ ਸਮਾਜ ਦੇ ਸਾਰੇ ਖੇਤਰਾਂ ਦੇ ਹਿੱਤ ਵਿੱਚ ਦੱਸਦਿਆ ਕਿਹਾ ਕਿ ਕੈਪਟਨ ਸਰਕਾਰ ਸਮਾਜ ਦੇ ਕਮਜ਼ੋਰ ਅਤੇ ਲਾਭ ਵਿਹੂਣੇ ਵਰਗਾਂ ਪ੍ਰਤੀ ਸੁਚੇਤ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਦੀ ਭਲਾਈ ਹਿੱਤ ਵੱਡਾ ਕਦਮ ਚੁੱਕਦਿਆਂ ਸਾਲ 2018-2019 ਲਈ 1235 ਕਰੋੜ ਦੀ ਰਾਸ਼ੀ ਰਾਖਵੀਂ ਰੱਖੀ ਹੈ ਜਿਸ ਨਾਲ ਵਿੱਦਿਅਕ, ਸਮਾਜਿਕ, ਆਰਥਿਕ ਅਤੇ ਹੋਰ ਵਿਕਾਸ ਪ੍ਰੋਗਰਾਮ ਜਿਹੀਆਂ ਵੱਖੋ-ਵੱਖਰੀਆਂ ਭਲਾਈ ਸਕੀਮਾਂ ਚਲਾਈਆਂ ਜਾਣਗੀਆਂ।

ਸ. ਧਰਮਸੋਤ ਨੇ ਦੱਸਿਆ ਕਿ ਸਰਕਾਰ ਨੇ ਐਸ.ਸੀ., ਬੀ.ਸੀ., ਈਸਾਈ ਲੜਕੀਆਂ, ਵਿਧਵਾਵਾਂ/ਤਲਾਕਸ਼ੁਦਾ ਅਤੇ ਕਿਸੇ ਵੀ ਜਾਤ ਨਾਲ ਸਬੰਧਤ ਵਿਧਵਾਵਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ‘ਆਸ਼ੀਰਵਾਦ’ ਸਕੀਮ ਤਹਿਤ ਦਿੱਤੀ ਜਾਂਦੀ ਸ਼ਗਨ ਦੀ ਰਾਸ਼ੀ 15 ਹਜ਼ਾਰ ਰੁਪਏ ਤੋਂ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਲਿਆਉਣ ਲਈ ਇਸ ਸਕੀਮ ਤਹਿਤ ਅਦਾਇਗੀ ਆਨਲਾਈਨ ਬੈਂਕਿੰਗ ਮੈਨੇਜਮੈਂਟ ਸਿਸਟਮ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਲ 2018-2019 ਲਈ ‘ਆਸ਼ੀਰਵਾਦ’ ਸਕੀਮ ਲਈ 150 ਕਰੋੜ ਰੁਪਏ ਦਾ ਐਲਾਨ ਬਜਟ ‘ਚ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ।

ਸ. ਧਰਮਸੋਤ ਨੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਲਈ ਵਿੱਤ ਮੁਹੱਈਆ ਕਰਾਉਣ ਲਈ ਵਿੱਤ ਮੰਤਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਨਵੇਂ ਬਜਟ ‘ਚ ਅਨੁਸੂਚਿਤ ਜਾਤੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਨਵੇਂ 860 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਚਲ ਰਹੇ ਆਡਿਟਾਂ ਨੂੰ ਛੇਤੀ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਲੈਣ ‘ਚ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਆਡਿਟ ਦੌਰਾਨ ਘਪਲਾ ਕਰਨ ਵਾਲੀਆਂ ਵਿੱਦਿਅਕ ਸੰਸਥਾਵਾਂ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

ਭਲਾਈ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪੱਛੜੀਆਂ ਸ਼੍ਰੇਣੀਆਂ ਦੇ ਸਸ਼ਕਤੀਕਰਨ ਲਈ ਵਿੱਦਿਅਕ, ਤਕਨੀਕੀ ਅਤੇ ਪੇਸ਼ੇਵਰਾਨਾ ਸੰਸਥਾਵਾਂ ਵਿੱਚ ਪੱਛੜੀਆਂ ਸ਼੍ਰੇਣੀਆਂ ਦੇ ਰਾਖਵੇਂਕਰਨ ਦਾ ਕੋਟਾ 5 ਫੀਸਦੀ ਤੋਂ ਵਧਾ ਕੇ 10 ਫੀਸਦੀ ਕਰ ਦਿੱਤਾ ਹੈ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਪਰਿਵਾਰਕ ਆਮਦਨ ਦੀ ਸੀਮਾ 6 ਲੱਖ ਤੋਂ ਵਧਾ ਕੇ 8 ਲੱਖ ਸਲਾਨਾ ਕਰ ਦਿੱਤੀ ਹੈ।

ਸ. ਧਰਮਸੋਤ ਨੇ ਦੱਸਿਆ ਕਿ ਸਰਕਾਰ ਨੇ 2018-2019 ਦੌਰਾਨ ‘ਘਰ ਘਰ ਹਰਿਆਲੀ’ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਹਰ ਵਿਅਕਤੀ ਹਰਿਆਲੀ ਤੇ ਵਾਤਾਵਰਨ ਦੀ ਸ਼ੁੱਧਤਾ ਲਈ ਤਿੰਨ ਪੌਦੇ ਲਗਾਵੇ। ਉਨ੍ਹਾਂ ਦੱਸਿਆ ਕਿ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਹਰਿਆਲੀ ਲਿਆਉਣ ਦੇ ਮਕਸਦ ਵਾਲੀ ਇਸ ਮੁਹਿੰਮ ਤਹਿਤ ਹਰ ਘਰ ਨੂੰ ਦੇਸੀ ਵੰਨਗੀ ਦੇ ਸ਼ੀਸ਼ਮ, ਕਿੱਕਰ, ਅੰਬ, ਜਾਮਨ, ਆਂਵਲਾ ਅਤੇ ਨਿੰਮ ਦੇ 15 ਪੌਦੇ ਮੁਹੱਈਆਂ ਕਰਵਾਏ ਜਾਣਗੇ।

ਭਲਾਈ ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਸਾਲ 2018-2019 ਦੌਰਾਨ ਕਿਸਾਨ:, ਉਦਯੋਗਾਂ ਅਤੇ ਗ਼ਰੀਬਾਂ ਨੂੰ ਬਿਜਲੀ ਸਬਸਿਡੀ ਦੇਣ ਲਈ 12970 ਕਰੋੜ ਰੁਪਏ, ਕਿਸਾਨੀ ਕਰਜ਼ਾ ਰਾਹਤ ਲਈ 4250 ਕਰੋੜ ਰੁਪਏ, ਸੇਮ ਦੀ ਸਮੱਸਿਆ ਨਾਲ ਨਿਪਟਨ ਲਈ 152 ਕਰੋੜ ਰੁਪਏ, ਸਰਹੱਦੀ ਖੇਤਰਾਂ ਦੇ ਵਿਕਾਸ ਲਈ 300 ਕਰੋੜ ਰੁਪਏ ਅਤੇ ਨਾਭਾ ਵਿਖੇ ਸਥਾਪਿਤ ਹੋਣ ਵਾਲੇ ਮਾਡਰਨ ਫੋਕਲ ਪੁਲਾਇੰਟ ਲਈ 55.40 ਕਰੋੜ ਰੁਪਏ ਰਾਖਵੇਂ ਰੱਖੇ ਹਨ ਜਦਕਿ ਬੇਘਰੇ ਪਰਿਵਾਰਾਂ ਲਈ 10 ਹਜ਼ਾਰ ਘਰ ਬਣਾਉਣ ਦੀ ਤਜਵੀਜ਼ ਵੀ ਬਣਾਈ ਹੈ।

Please Click here for Share This News

Leave a Reply

Your email address will not be published. Required fields are marked *