best platform for news and views

ਪੰਜਾਬ ਪੁਲਿਸ ਵੱਲੋਂ ਮੈਡੀਕਲ ਨਸ਼ਿਆਂ ਨਾਲ ਸਬੰਧਤ ਵੱਡਾ ਜ਼ਖੀਰੇਬਾਜ਼ ਗ੍ਰਿਫ਼ਤਾਰ : ਗੁਰਪ੍ਰੀਤ ਦਿਓ

Please Click here for Share This News

ਚੰਡੀਗੜ•, 16 ਜੁਲਾਈ-

ਪੰਜਾਬ ਪੁਲਿਸ ਅਤੇ ਐਸ ਟੀ ਐਫ਼ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਲੜਾਈ ‘ਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਟ੍ਰੈਮਾਡੋਲ ਗੋਲੀਆਂ ਨੂੰ ਨਸ਼ੇ ਦੇ ਰੂਪ ‘ਚ ਵੇਚਣ ਦਾ ਪਰਦਾਫ਼ਾਸ਼ ਕਰਦਿਆਂ ਇੱਕ ਮੁਲਜ਼ਮ ਕੈਮਿਸਟ ਨੂੰ 10,67,800 ਨਸ਼ੇ ਦੇ ਰੂਪ ‘ਚ ਵਰਤੀਆਂ ਜਾਂਦੀਆਂ ਦਵਾਈਆਂ ਨਾਲ ਕਾਬੂ ਕਰਨ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ।

ਅੱਜ ਇੱਥੇ ਸਪੈਸ਼ਲ ਟਾਸਕ ਫ਼ੋਰਸ ਦੇ ਮੋਹਾਲੀ ਸਥਿਤ ਹੈੱਡ ਕੁਆਰਟਰ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਇਹ ਖੁਲਾਸਾ ਕਰਿਦਆਂ ਐਸ ਟੀ ਐਫ਼ ਮੁਖੀ ਗੁਰਪ੍ਰੀਤ ਕੌਰ ਦਿਓ, ਏ.ਡੀ.ਜੀ.ਪੀ.  ਨੇ ਦੱਸਿਆ ਕਿ ਇਸ ਗ੍ਰੋਹ ਦਾ ਸਰਗਨਾ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਨਗਰ ਦੇ ਵਾਸੀ ਪ੍ਰਦੀਪ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਪਿੰਡੀ ਗਲੀ ਲੁਧਿਆਣਾ ਵਿਖੇ ਪਲਾਟੀਨਮ ਹੈਲਥ ਕੇਅਰ ਨਾਂ ਹੇਠ ਮੈਡੀਕਲ ਸਟੋਰ ਚਲਾਉਂਦਾ ਸੀ। ਉਸ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ 20,500 ਗੋਲੀਆਂ ਬਰਾਮਦ ਹੋਈਆਂ।

ਉਨਾਂ ਦੱਸਿਆ ਕਿ ਮੁਲਜ਼ਮ ਕੈਮਿਸਟ ਦੀ ਗ੍ਰਿਫ਼ਤਾਰੀ ਬਠਿੰਡਾ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਸੁਨੀਲ ਕੁਮਾਰ ਉਰਫ਼ ਸੋਨੂੰ ਵਾਸੀ ਮੌੜ ਮੰਡੀ ਦੀ ਗ੍ਰਿਫ਼ਤਾਰੀ ਦੌਰਾਨ ਕੀਤੀ ਪੁੱਛਿਗਿੱਛ ਦੇ ਆਧਾਰ ‘ਤੇ ਕੀਤੀ ਗਈ। ਸੋਨੂੰ ਪਾਸੋਂ ਪੁਲਿਸ ਨੇ ਉਸ ਦੀ ਹਿਊਂਡਾਈ ਕਾਰ ‘ਚੋਂ 1.56 ਲੱਖ  ਗੋਲੀਆਂ ਬਰਾਮਦ ਕੀਤੀਆਂ ਸਨ। ਸੋਨੂੰ ਵੱਲੋਂ ਕੀਤੇ ਕਬੂਲਨਾਮੇ ਕਿ ਪਾਬੰਦੀਸ਼ੁਦਾ ਗੋਲੀਆਂ ਦਾ ਵੱਡਾ ਜ਼ਖੀਰਾ ਮੌੜ ਮੰਡੀ ਅਧਾਰਿਤ ਦਿੱਲੀ-ਪੰਜਾਬ ਟ੍ਰਾਂਸਪੋਰਟ ਕੰਪਨੀ ਦੇ ਗੋਦਾਮ ‘ਚ ਪਿਆ ਹੈ, ਦੇ ਆਧਾਰ ‘ਤੇ ਪੁਲਿਸ ਵੱਲੋਂ 9,11,400 ਟ੍ਰੈਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਸੋਨੂੰ ਨੇ ਹੀ ਇਹ ਇੰਕਸ਼ਾਫ਼ ਕੀਤਾ ਸੀ ਕਿ ਉਸ ਨੇ ਇਹ ਮਾਲ ਪ੍ਰਦੀਪ ਗੋਇਲ ਤੋਂ ਪ੍ਰਾਪਤ ਕੀਤਾ ਸੀ।

ਐਸ ਟੀ ਐਫ ਮੁਖੀ ਨੇ ਲੁਧਿਆਣਾ ਤੋਂ ਕਾਬੂ ਕੀਤੇ ਗਏ ਕੈਮਿਸਟ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਪਾਬੰਦੀਸ਼ੁਦਾ ਦਵਾਈਆਂ ਦੀ ਸਪਲਾਈ ਨਾਲ ਸਬੰਧਤ ਧੰਦਾ ਵੱਡੇ ਪੱਧਰ ‘ਤੇ ਕਰ ਰਿਹਾ ਸੀ। ਉਸ ਨੇ ਸਾਲ 2007 ‘ਚ ਏ ਪੀ ਮੈਡੀਕਲ ਸਟੋਰ, ਟੱਕਰ ਕੰਪਲੈਕਸ, ਪਿੰਡੀ ਗਲੀ, ਲੁਧਿਆਣਾ ਦੇ ਪਤੇ ‘ਤੇ ਥੋਕ ਡਰੱਗ ਲਾਇਸੰਸ ਲਿਆ ਸੀ। ਉਸ ਤੋਂ ਬਾਅਦ ਡਰੱਗ ਇੰਸਪੈਕਟਰ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉਸ ਤੋਂ ਪਾਬੰਦੀ ਸ਼ੁਦਾ ਦਵਾਈਆਂ ਬਰਾਮਦ ਹੋਣ ਕਰਕੇ ਉਸਦਾ ਦਾ ਲਾਇਸੰਸ 21 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਇਸੇ ਫ਼ਰਮ ਦਾ ਨਾਮ 2011 ‘ਚ ਤਬਦੀਲ ਕਰਕੇ ਜੈ ਮਾਂ ਕਰਵਾ ਲਿਆ ਸੀ। ਪਰ ਉਸ ਦਾ ਇਹ ਲਾਇਸੰਸ ਵੀ ਉਸ ਦੇ ਕਬਜ਼ੇ ‘ਚੋਂ 7 ਲੱਖ ਪਾਬੰਦੀਸ਼ੁਦਾ ਗੋਲੀਆਂ ਦੀ ਬਰਾਮਦਗੀ ਬਾਅਦ 2018 ‘ਚ ਰੱਦ ਕਰ ਦਿੱਤਾ ਗਿਆ ਸੀ।

ਉਨਾਂ ਦੱਸਿਆ ਕਿ ਇਸ ਤੋਂ ਬਾਅਦ ਸਬੰਧਤ ਮੁਲਜ਼ਮ ਨੇ ਆਪਣੀ ਨਵੀਂ ਫ਼ਰਮ ਪਲਾਟੀਨਮ ਹੈਲਥ ਕੇਅਰ ਆਪਣੇ ਸਾਲੇ ਸੰਦੀਪ ਗਰਗ ਵਾਸੀ ਸੋਲਨ ਦੇ ਨਾਮ ‘ਤੇ ਕੈਮਿਸਟ ਦਾ ਲਾਇਸੰਸ ਲੈ ਕੇ ਬਣਾ ਲਈ। ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਉਸ ਵੱਲੋਂ ਪੰਜਾਬ ਭਰ ‘ਚ ਕਰੀਬ 70 ਲੱਖ ਗੋਲੀਆਂ, ਪ੍ਰਮੁੱਖ ਤੌਰ ‘ਤੇ ਅੰਮ੍ਰਿਤਸਰ, ਫ਼ਗਵਾੜਾ, ਹੁਸ਼ਿਆਰਪੁਰ ਤੇ ਬਠਿੰਡਾ ਵਗੈਰਾ ‘ਚ ਪਿਛਲੇ 10 ਮਹੀਨਿਆਂ ‘ਚ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ।

ਗੱਲਬਾਤ ਦੌਰਾਨ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ ਕੇ.ਐਸ. ਪਨੂੰ ਨੇ ਦੱਸਿਆ ਕਿ ਪੰਜਾਬ ਵਿੱਚ ਤਕਰੀਬਨ 16000 ਲਾਇਸੰਸ ਧਾਰਕ ਕੈਮਿਸਟ ਦਵਾਈਆਂ ਵੇਚ ਰਹੇ ਹਨ ਜਿਨਾਂ ਵਿੱਚੋਂ 117 ਦੁਕਾਨਦਾਰਾਂ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਵੇਚਦੀਆਂ ਪਾਈਆਂ ਗਈਆਂ ਹਨ, ਜਿਸ ਦੇ ਨਤੀਜੇ ਵਜੋਂ ਪਿਛਲੇ 5 ਮਹੀਨਿਆਂ ਦੌਰਾਨ 421 ਲਾਇਸੰਸ ਰੱਦ ਕੀਤੇ ਗਏ ਹਨ। ਉਨਾਂ ਇਹ ਵੀ ਦੱਸਿਆ ਕਿ ਉਲੰਘਣਾ ਕਰਨ ਵਾਲੇ 15 ਕੈਮਿਸਟਾਂ ਨੂੰ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਅਤੇ 10 ਨੂੰ ਭਗੌੜੇ ਅਪਰਾਧੀ ਘੋਸ਼ਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇੱਕ ਵਾਰ ਲਾਇਸੰਸ ਰੱਦ ਹੋਣ ਤੋਂ ਬਾਅਦ ਕਿਸੇ ਵੀ ਕੈਮਿਸਟ ਨੂੰ ਨਵਾਂ ਲਾਇਸੰਸ ਜਾਰੀ ਨਹੀਂ ਕੀਤਾ ਜਾਵੇਗਾ।

ਗੁਰਪ੍ਰੀਤ ਦਿਓ ਨੇ ਦੱਸਿਆ ਕਿ ਅਜਿਹੀਆਂ ਗੈਰਕਾਨੂਨੀ ਕਾਰਵਾਈਆਂ ‘ਤੇ ਸਖ਼ਤ ਪਾਬੰਦੀ ਨੂੰ ਯਕੀਨੀ ਬਣਾਉਂਦਿਆਂ ਐਸ.ਟੀ.ਐਫ. ਨੇ 14 ਜੁਲਾਈ, 2019 ਤੱਕ 33,591 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਨਾਲ 759.662 ਕਿਲੋਗ੍ਰਾਮ ਹੈਰੋਇਨ ਅਤੇ 17.881 ਕਿਲੋਗ੍ਰਾਮ ਸਮੈਕ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਐਸ.ਟੀ.ਐਫ. ਵੱਲੋਂ 97986.416 ਕਿਲੋਗ੍ਰਾਮ ਅਫ਼ੀਮ, 296.039 ਕਿਲੋਗ੍ਰਾਮ ਭੁੱਕੀ, 296.039 ਕਿਲੋਗ੍ਰਾਮ ਚਰਸ, 5474.671 ਕਿਲੋਗ੍ਰਾਮ ਗਾਂਜਾ, 755.126 ਕਿਲੋਗ੍ਰਾਮ ਭੰਗ, 0.726 ਕਿਲੋਗ੍ਰਾਮ ਕੋਕੇਨ, 10.06 ਕਿਲੋਗ੍ਰਾਮ ਬਰਫ਼, 344.884 ਕਿਲੋਗ੍ਰਾਮ ਨਸ਼ੀਲਾ ਪਾਊਡਰ, 117008 ਨਸ਼ੀਲੇ ਟੀਕੇ ਅਤੇ 16203651 ਨਸ਼ੀਲੀਆਂ ਗੋਲੀਆਂ/ਕੈਪਸੂਲ  ਜ਼ਬਤ ਕੀਤੇ ਗਏ ਹਨ।

ਉਨਾਂ ਦੱਸਿਆ ਕਿ ਐਸ.ਟੀ.ਐਫ. ਦੁਆਰਾ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਅਤੇ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਦੇ ਨਤੀਜੇ ਵਜੋਂ ਹੁਣ ਤੱਕ 27666 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਗ੍ਰਿਫ਼ਤਾਰ ਕੀਤੇ ਜਾਣ ਵਾਲੇ 100 ਤੋਂ ਜ਼ਿਆਦਾ ਵੱਡੇ ਨਸ਼ਾ ਤਸਕਰਾਂ ਦੀ ਪਹਿਚਾਣ ਕੀਤੀ ਗਈ ਹੈ।

ਉਨਾਂ ਦੱਸਿਆ ਕਿ ਕੈਦੀ ਨਸ਼ਾ ਤਸਕਰਾਂ ‘ਤੇ ਸਖ਼ਤ ਨਜ਼ਰ ਰੱਖਣ ਲਈ ਐਸ.ਟੀ.ਐਫ. ਵੱਲੋਂ ਜੇਲ ਵਿਭਾਗ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸਹਿਯੋਗ ਨਾਲ ਸਰਹੱਦੀ ਜ਼ਿਲਿਆਂ ਵਿੱਚ ਸਾਂਝੇ ਆਪਰੇਸ਼ਨ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਟਾਸਕ ਫੋਰਸ, ਜ਼ਿਲਾ ਪੁਲਿਸ ਅਤੇ ਹੋਰਨਾਂ ਏਜੰਸੀਆਂ ਨਾਲ ਨਜ਼ਦੀਕੀ ਤਾਲਮੇਲ ਜ਼ਰੀਏ ਕੰਮ ਕਰ ਰਹੀ ਹੈ ਤਾਂ ਜੋ ਪੰਜਾਬ ‘ਚੋਂ ਨਸ਼ਿਆਂ ਦੀ ਇਸ ਸਮੱਸਿਆ ਨੂੰ ਜੜੋਂ ਖ਼ਤਮ ਕੀਤਾ ਜਾ ਸਕੇ।

Please Click here for Share This News

Leave a Reply

Your email address will not be published. Required fields are marked *