best platform for news and views

ਪੰਜਾਬ ਨੂੰ ਨਸ਼ੇ ਦੀ ਰਾਜਧਾਨੀ ਬਣਾਉਣ ਲਈ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਜਿੰੰਮੇਵਾਰ-ਭਗਵੰਤ ਮਾਨ

Please Click here for Share This News

ਚੰਡੀਗੜ੍ਹ, 2 ਅਪ੍ਰੈਲ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਨੂੰ ਨਸ਼ੇ ਦੀ ਰਾਜਧਾਨੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ)-ਭਾਜਪਾ ਅਤੇ ਕਾਂਗਰਸ ਨੂੰ ਬਰਾਬਰ ਦਾ ਜ਼ਿੰਮੇਵਾਰ ਠਹਿਰਾਇਆ ਹੈ।
‘ਆਪ’ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਆਪਣੇ 10 ਸਾਲਾਂ ਦੇ ਮਾਫ਼ੀਆ ਰਾਜ ਦੌਰਾਨ ਬਾਦਲ ਸਰਕਾਰ ਨੇ ਪੰਜਾਬ ਭਰ ਵਿੱਚ ਨਸ਼ੇ ਦੇ ਬੀਜ ਬੀਜੇ ਅਤੇ ਪੰਜਾਬ ਦੀ ਜਵਾਨੀ ਬਰਬਾਦ ਕਰ ਕੇ ਰੱਖ ਦਿੱਤੀ। ਬਾਦਲਾਂ ਤੋਂ ਬਾਅਦ ਸੱਤਾ ਵਿੱਚ ਆਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚੋਂ ਨਸ਼ਿਆਂ ਦਾ ਕੋਹੜ ਖ਼ਤਮ ਕਰਨ ਵਿੱਚ ਰੁਚੀ ਹੀ ਨਹੀਂ ਦਿਖਾਈ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਮੁੱਖ ਮੰਤਰੀ ਬਣਨ ਉਪਰੰਤ ਚਾਰ ਹਫ਼ਤਿਆਂ ਦੇ ਅੰਦਰ ਪੰਜਾਬ ਵਿੱਚੋਂ ਨਸ਼ੇ ਦੀ ਜੜ੍ਹ ਖ਼ਤਮ ਕਰ ਦੇਣਗੇ ਅਤੇ ਨਸ਼ੇ ਦੇ ਸੌਦਾਗਰਾਂ ਦਾ ਸਮੁੱਚਾ ਤਾਣਾ-ਬਾਣਾ ਤਹਿਸ-ਨਹਿਸ ਕਰ ਦੇਣਗੇ, ਪ੍ਰੰਤੂ ਸੱਤਾ ਸੰਭਾਲਣ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਾਕੀ ਵਾਅਦਿਆਂ ਵਾਂਗ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਵਾਅਦੇ ਤੋਂ ਵੀ ਮੁੱਕਰ ਗਈ। ਅੱਜ ਕਾਂਗਰਸ ਦੇ ਰਾਜ ਵਿੱਚ ਸਿਆਸੀ ਸਰਪ੍ਰਸਤੀ ਹਾਸਲ ਨਸ਼ੇ ਦੇ ਤਸਕਰ ਪਿੰਡ-ਪਿੰਡ ਗਲੀ-ਗਲੀ ਸਰਗਰਮ ਹਨ। ਬਿਨਾਂ ਕਿਸੇ ਡਰ ਦੇ ਨਸ਼ੇ ਦੀ ਹੋਮ ਡਿਲਿਵਰੀ ਦੇ ਰਹੇ ਹਨ, ਸਰਕਾਰ ਅਤੇ ਸਮੁੱਚਾ ਸਰਕਾਰੀ ਤੰਤਰ ਅੱਖਾਂ ਬੰਦ ਕਰੀ ਬੈਠਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਨਸ਼ੇ ਦਾ ਧੰਦਾ ਸਿਆਸੀ ਛਤਰ ਛਾਇਆ ਤੋਂ ਬਿਨਾਂ ਨਹੀਂ ਚੱਲ ਸਕਦਾ। ਹਰਿਆਣਾ ਦੇ ਅੰਬਾਲਾ ਨਾਲ ਸਬੰਧਿਤ ਸੀਨੀਅਰ ਭਾਜਪਾ ਆਗੂ ਦਾ ਡੇਰਾਬਸੀ ਵਿੱਚ ਹੈਰੋਇਨ ਨਾਲ ਫੜੇ ਜਾਣ ਨਾਲ ‘ਆਪ’ ਵੱਲੋਂ ਸ਼ੁਰੂ ਤੋਂ ਲਗਾਏ ਜਾ ਰਹੇ ਦੋਸ਼ਾਂ ਦੀ ਇੱਕ ਵਾਰ ਫਿਰ ਤੋਂ ਪੁਸ਼ਟੀ ਹੋ ਗਈ ਹੈ।
ਭਗਵੰਤ ਮਾਨ ਨੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਅੰਦਰ ਵੱਖ-ਵੱਖ ਥਾਵਾਂ ਤੋਂ ਫੜੀ ਗਈ ਲਗਭਗ ਸੌ ਕਰੋੜ ਰੁਪਏ ਦੇ ਨਸ਼ੇ ਬਾਰੇ ਕਿਹਾ ਕਿ ਨਸ਼ਿਆਂ ਦੀ ਐਨੀ ਵੱਡੀ ਮਾਤਰਾ ਵਿੱਚ ਬਰਾਮਦਗੀ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰਾਂ ਦੀ ਸ਼ਹਿ ਉੱਤੇ ਨਸ਼ਾ ਮਾਫ਼ੀਆ ਨੇ ਪੰਜਾਬ ਨੂੰ ਨਸ਼ੇ ਦੀ ਰਾਜਧਾਨੀ ਬਣਾ ਕੇ ਰੱਖ ਦਿੱਤਾ ਹੈ।
ਮਾਨ ਨੇ ਕਿਹਾ ਕਿ ਇਹ ਤਾਜ਼ਾ ਅੰਕੜਾ ਸਿਰਫ਼ ਉਸ ਨਸ਼ੇ ਡਰੱਗ ਦਾ ਹੈ ਜੋ ਫੜੀ ਗਈ ਹੈ, ਜੋ ਡਰੱਗ ਫੜੀ ਨਹੀਂ ਜਾਂਦੀ ਜਾਂ ਸਿਆਸੀ ਦਬਾਅ ਹੇਠ ਛੱਡ ਦਿੱਤੀ ਜਾਂਦੀ ਹੈ। ਉਸ ਦੀ ਮਾਤਰਾ ਕਿੰਨੀ ਹੋਵੇਗੀ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ।
ਮਾਨ ਨੇ ਕਿਹਾ ਕਿ ਦਿਲ ਦਹਿਲਾਉਣ ਵਾਲੀਆਂ ਰਿਪੋਰਟਾਂ ਇਹ ਹਨ ਕਿ ਲੜਕਿਆਂ ਵਾਂਗ ਲੜਕੀਆਂ ਅਤੇ ਸਕੂਲੀ ਬੱਚਿਆਂ ਨੂੰ ਵੀ ਨਸ਼ੇ ਦੇ ਵਪਾਰੀ ਆਪਣਾ ਸ਼ਿਕਾਰ ਬਣਾਉਣ ਲੱਗੇ ਹਨ। ਰਾਮਾਂ ਮੰਡੀ (ਬਠਿੰਡਾ) ਦੀ ਇੱਕ 13 ਸਾਲਾ ਨਸ਼ੇ ਦੀ ਆਦੀ ਹੋਈ ਸਕੂਲੀ ਬੱਚੀ ਵੱਲੋਂ ਕੀਤੇ ਖ਼ੁਲਾਸੇ ਸੁੰਨ ਕਰਨ ਵਾਲੇ ਹਨ।
ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਆਪਣੇ ਬੱਚਿਆਂ ਨੂੰ ਨਸ਼ੇ ਦੇ ਤਸਕਰਾਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਦੇ ਨਾਲ-ਨਾਲ ਕਾਂਗਰਸ ਨੂੰ ਬੁਰੀ ਤਰ੍ਹਾਂ ਹਰਾਇਆ ਜਾਵੇ ਤਾਂ ਕਿ ਸੁੱਤੇ ਪਏ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਿਆਸੀ ਦਬਾਅ ਵਿੱਚ ਆ ਕੇ ਬਾਕੀ ਤਿੰਨ ਸਾਲ ਪੰਜਾਬ ਦੇ ਅਜਿਹੇ ਸਾਰੇ ਭਖਵੇਂ ਮੁੱਦਿਆਂ ਉੱਤੇ ਕੰਮ ਕਰਨ ਲਈ ਮਜਬੂਰ ਹੋ ਜਾਣ।

Please Click here for Share This News

Leave a Reply

Your email address will not be published. Required fields are marked *