best platform for news and views

ਪੰਜਾਬ ਦੇ ਸੈਰ ਸਪਾਟਾ ਵਿਭਾਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 4 ਪੁਸਤਕਾਂ ਕਰਵਾਈਆਂ ਤਿਆਰ

Please Click here for Share This News

ਚੰਡੀਗੜ੍ਰ, 28 ਨਵੰਬਰ: ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿਖਿਆਵਾਂ ਉੱਤੇ ਅਧਾਰਤ ਚਾਰ ਕਿਤਾਬਾਂ ਦੇ ਸੈੱਟ ਰਾਜ ਦੀਆਂ ਸਾਰੀਆਂ ਉੱਚ ਵਿਦਿਅਕ ਸੰਸਥਾਵਾਂ ਅਤੇ ਲਾਇਬ੍ਰੇਰੀਆਂ ਨੂੰ ਮੁਫ਼ਤ ਦੇਣ ਦਾ ਫੈਸਲਾ ਕੀਤਾ ਹੈ। ਉੱਘੇ ਲੇਖਕਾਂ ਵੱਲੋਂ ਲਿਖੀਆਂ ਇਹ ਕਿਤਾਬਾਂ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਵੱਲੋਂ ਤਿਆਰ ਕਰਵਾਈਆਂ ਗਈਆਂ ਹਨ। ਇਨਾਂ ਕਿਤਾਬਾਂ ਵਿੱਚ ਪਦਮ ਸ੍ਰੀ ਡਾ. ਸੁਰਜੀਤ ਪਾਤਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਾਫੀ ਟੇਬਲ ਬੁੱਕ ‘ਸੁਇਨੇ ਕਾ ਬਿਰਖ’, ਉੱਘੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਵੱਲੋਂ ਗੁਰੂ ਨਾਨਕ ਬਾਣੀ ਦੇ ਸੰਕਲਨ ਅਤੇ ਇਸਦੀ ਵਿਆਖਿਆ ਬਾਰੇ ਲਿਖੀ ਕਿਤਾਬ ‘ਗੁਰੂ ਨਾਨਕ ਬਾਣੀ-ਪਾਠ ਅਤੇ ਵਿਆਖਿਆ’, ਪ੍ਰੋਫੈਸਰ ਗੁਰਬੀਰ ਸਿੰਘ ਅਤੇ ਖੋਜਕਾਰ ਸਲਿੰਦਰ ਸਿੰਘ ਵੱਲੋਂ ਸ੍ਰ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਲਿਖੀ ਕਿਤਾਬ ‘ਸ੍ਰੀ ਗੁਰੂ ਨਾਨਕ ਦੇਵ ਜੀ- ਜੀਵਨ ਅਤੇ ਅਵਦੇਸ਼ ਅਤੇ ਮਿਸ ਪੁਨੀਤਇੰਦਰ ਸਿੱਧੂ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪੰਜਾਬ ਵਿਚਲੀਆਂ 70 ਥਾਵਾਂ ਦੀ ਜਾਣਕਾਰੀ ਬਾਰੇ ਲਿਖੀ ਕਿਤਾਬ ‘ਲੋਨਲੀ ਪਲੈਨਟ-ਗੁਰੂ ਨਾਨਕ ਬਲੈਸਡ ਟ੍ਰੇਲ’ ਸ਼ਾਮਲ ਹਨ।
ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਸੈਰ ਸਪਾਟਾ ਵਿਭਾਗ ਦੇ ਅਧਿਕਾਰੀਆਂ ਤੋਂ ਕਿਤਾਬਾਂ ਦਾ ਸੈੱਟ ਪ੍ਰਾਪਤ ਕਰਨ ਮੌਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੂਬੇ ਵਿਚਲੀਆਂ ਸਾਰੀਆਂ ਉੱਚ ਵਿੱਦਿਅਕ ਸੰਸਥਾਵਾਂ ਅਤੇ ਲਾਇਬਰੇਰੀਆਂ ਨੂੰ ਕਿਤਾਬਾਂ ਦਾ ਸੈੱਟ ਮੁਫ਼ਤ ਦੇਣ ਦਾ ਫੈਸਲਾ ਲਿਆ ਗਿਆ ਹੈ। ਉਨਾਂ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਗੁਰੂ ਜੀ ਵੱਲੋਂ ਦਿੱਤੇ ਸ਼ਾਂਤੀ ਅਤੇ ਸਰਬਸਾਂਝੀਵਾਲਤਾ ਦੇ ਸੰਦੇਸ਼ ਨਾਲ ਜੋੜਨ ਲਈ ਪੰਜਾਬ ਸਰਕਾਰ ਦਾ ਇਹ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਸ੍ਰੀ ਚੰਨੀ ਨੇ ਕਿਹਾ ਕਿ ਇਹ ਪੁਸਤਕਾਂ ਪ੍ਰਮੁੱਖ ਵਿਦਵਾਨਾਂ ਦੁਆਰਾ ਲਿਖੀਆਂ ਗਈਆਂ ਹਨ ਜੋ ਖੋਜਕਰਤਾਵਾਂ ਅਤੇ ਵਿਦਵਾਨਾਂ ਲਈ ਵੀ ਜਾਣਕਾਰੀ ਦਾ ਕੀਮਤੀ ਸਰੋਤ ਵੀ ਹਨ।
ਇਸ ਉਪਰਾਲੇ ਬਾਰੇ ਅੱਗੇ ਹੋਰ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਕਿਹਾ ਕਿ ਲੋਕ ਸਭਾ, ਰਾਜ ਸਭਾ ਅਤੇ ਪੰਜਾਬ ਵਿਧਾਨ ਸਭਾ ਲਾਇਬਰੇਰੀਆਂ ਵਿੱਚ ਕਿਤਾਬਾਂ ਦੇ ਦੋ-ਦੋ ਸੈੱਟ ਭੇਜੇ ਜਾਣਗੇ। ਇਸ ਤੋਂ ਇਲਾਵਾ ਦੋ ਸੈੱਟ ਸੂਬੇ ਦੀਆਂ 30 ਯੂਨੀਵਰਸਿਟੀਟਾਂ ਦੀਆਂ ਲਾਇਬਰੇਰੀਆਂ ਨੂੰ, 184 ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ (ਹਰੇਕ) ਅਤੇ ਮਗਸੀਪਾ, ਜੁਡੀਸ਼ੀਅਲ ਅਕੈਡਮੀ, ਪੁਲੀਸ ਅਕਾਦਮੀ, ਸਕੱਤਰੇਤ ਅਤੇ ਹਾਈ ਕੋਰਟ ਸਮੇਤ 76 ਲਾਇਬਰੇਰੀਆਂ ਨੂੰ ਇੱਕ ਸੈੱਟ ਭੇਜਿਆ ਜਾਵੇਗਾ। ਕਿਤਾਬਾਂ ਦੇ ਸੈੱਟ 112 ਆਈ.ਆਈ.ਟੀਜ਼, 211 ਪੌਲੀਟੈਕਨਿਕਸ ਅਤੇ 277 ਇੰਜਨੀਅਰਿੰਗ ਕਾਲਜਾਂ ਨੂੰ ਵੀ ਭੇਜੇ ਜਾਣਗੇ। ਸ੍ਰੀ ਵਿਕਾਸ ਪ੍ਰਤਾਪ ਨੇ ਕਿਹਾ ਕਿ ਤਕਰੀਬਨ 1000 ਸੰਸਥਾਵਾਂ ਅਤੇ ਲਾਇਬਰੇਰੀਆਂ ਨੂੰ ਇਨਾਂ ਕਿਤਾਬਾਂ ਦੇ ਸੈੱਟ ਭੇਜੇ ਜਾਣਗੇ।
ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟਰ ਸ੍ਰੀ ਮਾਲਵਿੰਦਰ ਸਿੰਘ ਜੱਗੀ ਨੇ ਕਿਹਾ ਕਿ ਕਿਤਾਬਾਂ ਦੇ ਸੈੱਟ ਸਹੀ ਸਲਾਮਤ ਪਹੁੰਚਾਉਣ ਲਈ ਉਨਾਂ ਨੂੰ ਸਾਰੀਆਂ ਸੰਸਥਾਵਾਂ ਅਤੇ ਲਾਇਬਰੇਰੀਆਂ ਨਾਲ ਤਾਲਮੇਲ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਉਨਾਂ ਕਿਹਾ ਕਿ ਇਸ ਕਾਰਜ ਨੂੰ ਸਮੇਂ ਸਿਰ ਨੇਪਰੇ ਚਾੜਨ ਉਨਾਂ ਦਾ ਦਫ਼ਤਰ ਸਾਰੀਆਂ ਸਬੰਧਤ ਸੰਸਥਾਵਾਂ ਨਾਲ ਨਿੱਜੀ ਤੌਰ ‘ਤੇ ਸੰਪਰਕ ਵਿੱਚ ਹੈ।

Please Click here for Share This News

Leave a Reply

Your email address will not be published. Required fields are marked *