best platform for news and views

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਾਭਾ ਜੇਲ ਹੱਤਿਆ ਮਾਮਲੇ ਦੇ ਸਾਰੇ ਪੱਖਾਂ ਦੀ ਜਾਂਚ ਲਈ ਐਸ.ਆਈ.ਟੀ ਦਾ ਗਠਨ 

Please Click here for Share This News

ਚੰਡੀਗੜ, 24 ਜੂਨ-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਨਾਭਾ ਜੇਲ ਵਿੱਚ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਦੀ ਹੱਤਿਆ ਦੀ ਪੜਤਾਲ ਵਾਸਤੇ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਦੇ  ਗਠਨ ਦੇ ਹੁਕਮ ਜਾਰੀ ਕੀਤੇ ਹਨ।
ਇਸ ਫੈਸਲੇ ਦਾ ਐਲਾਨ ਅੱਜ ਇੱਥੇ ਮੁੱਖ ਮੰਤਰੀ ਨੇ ਉੱਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ।
ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਏ.ਡੀ.ਜੀ.ਪੀ ਕਾਨੂੰਨ ਵਿਵਸਥਾ ਇਸ਼ਵਰ ਸਿੰਘ ਦੀ ਅਗਵਾਈ ਵਿੱਚ ਐਸ.ਆਈ.ਟੀ ਪਿਛਲੇ ਸਾਲ ਫੜੇ ਗਏ ਡੇਰਾ ਸੱਚਾ ਸੌਦਾ ਦੇ ਅਨੁਯਾਈ ਮਹਿੰਦਰ ਪਾਲ ਬਿੱਟੂ ’ਤੇ ਹੋਏ ਘਾਤਕ ਹਮਲੇ ਦੇ ਸਾਰੇ ਪੱਖਾਂ ਦੀ ਜਾਂਚ ਕਰੇਗੀ। ਕੈਦੀਆਂ ਵੱਲੋਂ ਬਿੱਟੂ ਦੀ ਕੀਤੀ ਗਈ ਹੱਤਿਆ ਪਿਛੇ ਜੇ ਕੋਈ ਸਾਜਿਸ਼ ਹੋਈ ਉਸ ਦੀ ਵੀ ਐਸ.ਆਈ.ਟੀ ਪਤਾ ਲਗਾਵੇਗੀ।
ਐਸ.ਆਈ.ਟੀ ਦੇ ਮੈਂਬਰਾਂ ਵਿੱਚ ਅਮਰਦੀਪ ਰਾਏ ਆਈ.ਜੀ ਪਟਿਆਲਾ, ਹਰਦਿਆਲ ਮਾਨ ਡੀ.ਆਈ.ਜੀ ਇੰਟੈਲੀਜੈਂਸ, ਮਨਦੀਪ ਸਿੰਘ ਐਸ.ਐਸ.ਪੀ ਪਟਿਆਲਾ ਅਤੇ ਕਸ਼ਮੀਰ ਸਿੰਘ ਏ.ਆਈ.ਜੀ ਕਾਉਂਟਰ ਇੰਟੈਲੀਜੈਂਸ ਸ਼ਾਮਲ ਹਨ।
ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਨੇ ਭਵਿੱਖ ਵਿੱਚ ਇਸ ਤਰਾਂ ਦੀ ਕੋਈ ਵੀ ਘਟਨਾ ਹੋਣ ਤੋਂ ਰੋਕਣ ਲਈ ਸਾਰੇ ਕਦਮ ਚੁਕੱਣ ਵਾਸਤੇ ਜੇਲ ਮੰਤਰੀ ਅਤੇ ਏ.ਡੀ.ਜੀ.ਪੀ ਜੇਲਾਂ ਨੂੰ ਆਖਿਆ ਹੈ। ਉਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਾਨੂੰਨ ਵਿਵਸਥਾ ਦੇ ਸਬੰਧ ਵਿੱਚ ਇਸ ਤਰਾਂ ਦੀ ਉਲੰਘਣਾ ਅਤੇ ਜੇਲਾਂ ਦੀ ਸੁਰੱਖਿਆ ਵਿੱਚ ਕਿਸੇ ਵੀ ਤਰਾਂ ਦੀ ਘਾਟ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਮਿ੍ਰਤਕ ਵਿਰੁੱਧ ਕੇਸਾਂ ਨੂੰ ਵਾਪਸ ਲੈਣ ਦੀ ਡੇਰੇ ਦੇ ਅਨੁਯਾਈਆਂ ਦੀ ਮੰਗ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਆਪਣਾ ਰਾਹ ਖੁਦ ਅਖਤਿਆਰ ਕਰੇਗਾ। ਬਿੱਟੂ ਦੇ ਵਿਰੁੱਧ ਮਾਮਲੇ ਵਿੱਚ ਅੰਤਿਮ ਪੜਤਾਲ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ ਅਤੇ ਇਸ ਸਬੰਧ ਵਿੱਚ ਕੋਈ ਵੀ ਫੈਸਲਾ ਲੈਣਾ ਅਦਾਲਤ ’ਤੇ ਨਿਰਭਰ ਕਰਦਾ ਹੈ।
ਜੇਲ ਵਿੱਚ ਬਿੱਟੂ ਦੀ ਹੱਤਿਆ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਸੀ ਕਿ ਹੱਤਿਆ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਘਟਨਾ ਤੋਂ ਬਾਅਦ ਸੂਬੇ ਵਿੱਚ ਸੁਰੱਖਿਆ ਪ੍ਰਬੰਧ ਪੁਖਤਾ ਕਰ ਦਿੱਤੇ ਗਏ ਹਨ ਅਤੇ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। ਮੁੱਖ ਮੰਤਰੀ ਨੇ ਸੂਬੇ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਸਾਰੇ ਸੰਭਵੀ ਕਦਮ ਚੁੱਕਣ ਲਈ ਸੁਰੱਖਿਆ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਹਨ।
ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫਰੀਦਕੋਟ ਦੇ ਵਸਨੀਕ 49 ਸਾਲਾਂ ਬਿੱਟੂ ’ਤੇ ਹਮਲਾ ਗੁਰਸੇਵਕ ਸਿੰਘ (ਪੁਲਿਸ ਥਾਣਾ ਸੁਹਾਣਾ, ਮੋਹਾਲੀ) ਅਤੇ ਮਨਿੰਦਰ ਸਿੰਘ (ਪੁਲਿਸ ਥਾਣਾ ਬਡਾਲੀ ਆਲਾ ਸਿੰਘ, ਫਤਹਿਗੜ ਸਾਹਿਬ) ਨੇ ਕੀਤਾ ਹੈ ਜੋ ਇਕ ਕਤਲ ਕੇਸ ਕਾਰਨ ਜੇਲ ਵਿੱਚ ਸਨ।

Please Click here for Share This News

Leave a Reply

Your email address will not be published. Required fields are marked *