ਪ੍ਰੋ ਰਾਜਿੰਦਰ ਪਾਲ ਸਿੰਘ ਬਰਾੜ (ਡਾ.)
ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਇਸ ਬਾਰੇ ਭਵਿੱਖ ਬਾਣੀ ਕਰਨੀ ਸਮੇਂ ਤੋਂ ਪਹਿਲਾਂ ਦੀ ਗੱਲ ਲਗਦੀ ਹੈ ਕਿਉਂਕਿ ਅਜੇ ਤਾਂ ਚੋਣਾਂ ਦਾ ਐਲਾਨ ਹੋਣਾ ਹੈ ਅਤੇ ਫੇਰ ਕਿਸੇ ਪਾਰਟੀ ਦੀ ਬਹੁਮੱਤ ਆਉਣੀ ਹੈ ਪਰ ਇਹ ਗੱਲ ਵੀ ਸੱਚੀ ਹੈ ਕਿ ਵੋਟਰਾਂ ਦੇ ਮਨ ਵਿਚ ਇਕ ਉਤਸੁਕਤਾ ਜ਼ਰੂਰ ਹੁੰਦੀ ਹੈ ਕਿ ਸਾਡਾ ਮੁੱਖ ਮੰਤਰੀ ਕੌਣ ਹੋਵੇਗਾ । ਵੈਸੇ ਇਹ ਉਨ੍ਹਾਂ ਦਾ ਜਮਹੂਰੀ ਹੱਕ ਵੀ ਹੈ ਕਿ ਉਹ ਜਾਣ ਸਕਣ ਕਿ ਜੇ ਮਨ ਪਸੰਦ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਸੰਵਿਧਾਨਕ ਤੌਰ ਤੇ ਮੁੱਖ ਮੰਤਰੀ ਦੀ ਚੋਣ ਚੁਣੇ ਹੋਏ ਵਿਧਾਇਕਾਂ ਨੇ ਕਰਨੀ ਹੁੰਦੀ ਹੈ ਪਰ ਅਸਲ ਵਿਚ ਤਾਂ ਪਾਰਟੀ ਨੇ ਟਿਕਟਾਂ ਵੰਡਣ ਸਮੇਂ ਹੀ ਨਿਰਨਾ ਕਰ ਲਿਆ ਹੁੰਦਾ ਹੈ ਜਾਂ ਇਹ ਕਹਿ ਲਵੋ ਕਿ ਪਾਰਟੀ ਅੰਦਰ ਮੁੱਖ ਮੰਤਰੀ ਦਾ ਦਾਅਵੇਦਾਰ ਹੀ ਟਿਕਟਾਂ ਵੰਡਦਾ ਹੈ।
ਬਿਨਾ ਸ਼ੱਕ ਜੇ ਸੁਖਬੀਰ ਬਾਦਲ ਦਾ 25 ਸਾਲ ਰਾਜ ਕਰਨ ਦਾ ਸੁਪਨਾ ਹਕੀਕਤ ਵਿਚ ਬਦਲਦਾ ਹੈ ਤਾਂ ਅਗਲਾ ਮੁੱਖ ਮੰਤਰੀ ਸੁਖਬੀਰ ਬਾਦਲ ਹੀ ਹੋਵੇਗਾ ਭਾਵੇਂ ਅਕਾਲੀ ਦਲ ਚੋਣਾਂ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਕੇ ਹੀ ਲੜੀਆਂ ਜਾਣ। ਅਕਾਲੀ ਦਲ ਦੀ ਜਿੱਤ ਦੀ ਸੂਰਤ ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਬਣਨ ਉਪਰ ਸਹਿਯੋਗੀ ਪਾਰਟੀ ਭਾਜਪਾ, ਪੰਜਾਬ ਦੀ ਜਨਤਾ ਸਮੇਤ ਕਿਸੇ ਨੂੰ ਵੀ ਕੀ ਇਤਰਾਜ਼ ਹੋ ਸਕਦਾ ਹੈ? ਪਰੰਤੂ ਤਾਂ ਵੀ ਸੁਖਬੀਰ ਬਾਦਲ ਹੀ ਮੁੱਖ ਮੰਤਰੀ ਬਣੇਗਾ।ਸੁਖਬੀਰ ਸਿੰਘ ਬਾਦਲ ਐਮ.ਪੀ., ਕੇਂਦਰੀ ਰਾਜ ਮੰਤਰੀ, ਉਪ ਮੁੱਖ ਮੰਤਰੀ ਬਣ ਜਾਣ ਤੋਂ ਇਲਾਵਾ ਅਕਾਲੀਦਲ ਦਾ ਪ੍ਰਧਾਨ ਵੀ ਹੈ। ਹੋਰ ਰਾਜਾਂ ਅੰਦਰ ਉਸਦੀ ਉਮਰ ਦੇ ਸਮਕਾਲੀ ਦੂਜੀ ਪੀੜ੍ਹੀ ਦੇ ਨੇਤਾ ਜਿਵੇਂ ਉਮਰ ਅਬਦੁੱਲਾ, ਅਖ਼ਲੇਸ਼ ਯਾਦਵ ਵਰਗੇ ਇਕ ਵਾਰ ਮੁੱਖ ਮੰਤਰੀ ਦੀ ਗੱਦੀ ਸੰਭਾਲ ਚੁੱਕੇ ਹਨ। ਇਸ ਸਮੇਂ ਪੰਜਾਬ ਵਿਚ ਆਰਥਿਕ ਨੀਤੀਆਂ ਸੁਖ਼ਬੀਰ ਸਿੰਘ ਬਾਦਲ ਅਨੁਸਾਰ ਹੀ ਚੱਲ ਰਹੀਆਂ ਹਨ ਜਦੋਂ ਕਿ ਬਹੁਤੀਆਂ ਧਾਰਮਿਕ ਅਤੇ ਕੁਝ ਸਿਆਸੀ ਨੀਤੀਆਂ ਪ੍ਰਕਾਸ਼ ਸਿੰਘ ਬਾਦਲ ਅਨੁਸਾਰ ਚੱਲ ਰਹੀਆਂ ਹਨ। ਇਨ੍ਹਾਂ ਦੋਹਾਂ ਵਿਚਕਾਰ ਪਿਓ ਪੁੱਤਰ ਨੇ ਸੰਤੁਲਨ ਬਣਾਇਆ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਸੁਰ ਸਿੱਖ ਬਹੁ ਗਿਣਤੀ ਦੇ ਕਿਸਾਨੀ ਵਰਗ ਨੂੰ ਸੰਬੋਧਨ ਹੋਣ ਦੀ ਹੁੰਦੀ ਹੈ। ਧਾਰਮਿਕ ਤੌਰ ਤੇ ਉਹ ਆਪਣੇ ਸਿੱਖ ਹੋਣ ਦਾ ਬਿੰਬ ਕਾਇਮ ਰਖਦਿਆਂ ਸਿਆਸੀ ਤੌਰ ਤੇ ਧਰਮ ਨਿਰਪੱਖ,ਫਿਰਕੂ ਸਾਂਝਦਾਰੀ ਦੀ ਨੀਤੀ ਦਾ ਸਮਰਥਕ ਹੈ। ਸੁਖਬੀਰ ਬਾਦਲ ਦੀ ਟੇਕ ਅਤੇ ਸੁਭਾਅ ਕਾਰਪੋਰੇਟੀ ਹੈ। ਉਹ ਆਰਥਿਕ ਪੱਖੋਂ ਵੱਡੀ ਸਰਮਾਏਦਾਰੀ ਪੱਖੀ ਤੇਜ ਬਦਲਾਵਾਂ ਦਾ ਚਾਹਵਾਨ ਹੈ। ਉਹ ਸਿਆਸੀ ਧਾਰਮਿਕ ਮਾਮਲਿਆਂ ਨੂੰ ਕਾਨੂੰਨੀ ਢੰਗ ਨਾਲ ਤਰਜੀਹੀ ਤੌਰ ਤੇ ਤੇਜੀ ਨਾਲ ਨਜਿੱਠਣ ਦਾ ਚਾਹਵਾਨ ਹੈ ਜਦੋਂ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਹਰ ਮਾਮਲੇ ਨੂੰ ਲਟਕਾ ਕੇ ਰੱਖਣ ਵਿਚ ਮਾਹਿਰ ਹਨ। ਸ੍ਰ. ਪ੍ਰਕਾਸ਼ ਸਿੰਘ ਬਾਦਲ ਹਰੇਕ ਧਿਰ ਦਾ ਸਿਆਸੀ ਸ਼ਕਤੀ ਅਨੁਸਾਰ ਸਤਿਕਾਰ ਕਰਨ ਵਾਲਾ ,ਵਿਰੋਧੀਆਂ ਪ੍ਰਤੀ ਭਾਸ਼ਾ ਵਰਤਣ ਸਮੇਂ ਸੰਜਮ ਕਾਇਮ ਰੱਖਣ ਵਾਲਾ ਅਤੇ ਬਹੁਤੇ ਮਾਮਲਿਆਂ ਨੂੰ ਸਮੇਂ ਤੇ ਛੱਡਣ ਵਾਲਾ ਹੈ। ਇਸ ਦੇ ਉਲਟ ਸੁਖਬੀਰ ਸਿੰਘ ਬਾਦਲ ਧੜੇਪਾਲ,ਬੜਬੋਲਾ ਅਤੇ ਤੁਰੰਤ ਫੈਸਲੇ ਕਰਨ ਵਾਲਾ ਹੈ। ਜੇ ਅਕਾਲੀ ਦਲ ਜਿੱਤਦਾ ਹੈ ਤਾਂ ਬਿਨਾ ਸ਼ੱਕ ਸਾਰੀ ਸ਼ਕਤੀ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿਚ ਹੀ ਹੋਵੇਗੀ ਅਤੇ ਬਹੁਤੀ ਸੰਭਾਵਨਾ ਹੈ ਕਿ ਉਹ ਮੁੱਖ ਮੰਤਰੀ ਹੋਵੇ। ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਦੀ ਵੀ ਇਹੋ ਚਾਹਨਾ ਹੈ।
ਜੇ ਕਾਂਗਰਸ ਬਹੁ ਗਿਣਤੀ ਵਿਚ ਆਉਂਦੀ ਹੈ ਤਾਂ ਬਿਨਾ ਸ਼ੱਕ ਕੈਪਟਨ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਬਣੇਗਾ, ਭਾਵੇਂ ਉਸ ਦਾ ਨਾਂ ਅਜੇ ਨਹੀਂ ਐਲਾਨਿਆ ਗਿਆ ਕਿਉਂਕਿ ਉਹ ਇਕ ਵਾਰ ਪਹਿਲਾਂ ਵੀ ਮੁੱਖ ਮੰਤਰੀ ਰਹਿ ਚੁੱਕਾ ਹੈ ਅਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ। ਇਕ ਗੱਲ ਹੋਰ ਧਿਆਨ ਵਿਚ ਰੱਖਣ ਵਾਲੀ ਹੈ ਕਿ ਉਸ ਦੀ ਕਿਸੇ ਵੀ ਹੋਰ ਪੰਜਾਬ ਦੇ ਕਾਂਗਰਸੀ ਨਾਲੋਂ ਕਾਂਗਰਸ ਦੇ ਸਿਖਰਲੇ ਗਾਂਧੀ ਪਰਿਵਾਰ ਨਾਲ ਨਿੱਜੀ ਸਾਂਝ ਹੈ। ਇਸ ਵਾਰ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਨਾ ਹੋਣ ਕਰਕੇ, ਦੇਸ਼ ਵਿਚ ਕਾਂਗਰਸ ਕਮਜ਼ੋਰ ਹੋਣ ਕਾਰਨ ਅਤੇ ਪੰਜਾਬ ਕਾਂਗਰਸ ਦੀ ਧੜੇਬੰਦੀ ਕਾਰਨ ਇਸ ਵਾਰ ਅਮਰਿੰਦਰ ਸਿੰਘ ਉਹ ਜਲਵਾ ਨਹੀਂ ਦਿਖਾ ਸਕੇ ਜਿਸ ਦੀ ਪਹਿਲਾਂ ਆਸ ਸੀ। ਭਾਵੇਂ ਸ੍ਰ. ਬਾਦਲ ਉਨ੍ਹਾਂ ਤੋਂ ਕਿਤੇ ਵੱਡੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਆਪਣੀ ਵਧਦੀ ਉਮਰ ਕਾਰਨ ਪਹਿਲਾਂ ਹੀ ਇਸ ਨੂੰ ਆਪਣੀ ਆਖਰੀ ਚੋਣ ਐਲਾਨ ਚੁੱਕੇ ਹਨ। ਅਮਰਿੰਦਰ ਸਿੰਘ ਦਾ ਆਪਰੇਸ਼ਨ ਬਲਿਊ ਸਟਾਰ ਸਮੇਂ ਅਸਤੀਫਾ, ਪਾਣੀਆਂ ਦੇ ਐਗਰੀਮੈਂਟ ਨੂੰ ਵਿਧਾਨ ਸਭਾ ਵਿਚ ਰੱਦ ਕਰਨ ਦਾ ਅਮਲ ਅਤੇ ਰਵੀ ਸਿੱਧੂ ਵਰਗਿਆਂ ਖਿਲਾਫ ਕੀਤੇ ਐਕਸ਼ਨ ਪੰਜਾਬੀ ਕਿਸਾਨੀ ਵਿਚ ਉਸ ਦਾ ਅਧਾਰ ਮਜਬੂਤ ਕਰਦੇ ਹਨ। ਪਰੰਤੂ ਉਸ ਕੋਲ ਇਸ ਸਮੇਂ ਕੋਈ ਬਦਲਵਾਂ ਆਰਥਿਕ ਸਿਆਸੀ ਏਜੰਡਾ ਨਹੀਂ ਹੈ। ਉਸ ਦੇ ਕਰਜੇ ਮੁਆਫ ਕਰਨ ਅਤੇ ਸਮਾਰਟ ਫੋਨ ਦੇਣ ਅਤੇ ਹਰ ਪਰਿਵਾਰ ਵਿਚ ਇਕ ਨੂੰ ਰੁਜ਼ਗਾਰ ਦੇਣ ਵਰਗੇ ਵਾਅਦੇ ਹਵਾਈ ਹੀ ਜਾਪਦੇ ਹਨ। ਇਸ ਦੇ ਬਾਵਜੂਦ ਜੇ ਕਾਂਗਰਸ ਜਿੱਤ ਜਾਂਦੀ ਹੈ ਤਾਂ ਅਮਰਿੰਦਰ ਸਿੰਘ ਹੀ ਮੁੱਖ ਮੰਤਰੀ ਹੋਵੇਗਾ।
ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਅਤੇ ਸ਼ਾਇਦ ਨਾ ਹੀ ਕਰੇ। ਅੱਜ ਦੀ ਸਿਆਸੀ ਸਥਿਤੀ ਵਿਚ ਉਸ ਨੂੰ ਸਾਰੇ ਉਮੀਦਵਾਰਾਂ ਅੰਦਰ ਬਰਾਬਰਤਾ ਅਤੇ ਉਤਸ਼ਾਹ ਬਰਕਰਾਰ ਰੱਖਣ ਲਈ ਇਹੋ ਠੀਕ ਬੈਠਦਾ ਹੈ। ਇਸ ਦੇ ਬਾਵਜੂਦ ਅੱਜ ਦੀ ਸਥਿਤੀ ਵਿਚ ਸ਼੍ਰੀ ਭਗਵੰਤ ਮਾਨ, ਸ਼੍ਰੀ ਹਰਵਿੰਦਰ ਸਿੰਘ ਫੂਲਕਾ,ਸ੍ਰ. ਸੁਖਪਾਲ ਸਿੰਘ ਖਹਿਰਾ, ਸ੍ਰ. ਹਿੰਮਤ ਸਿੰਘ ਸ਼ੇਰਗਿੱਲ ਅਤੇ ਗੁਰਪ੍ਰੀਤ ਵੜੈਚ ਉਰਫ ਘੁੱਗੀ ਵੱਡੇ ਦਾਅਵੇਦਾਰ ਹੋ ਸਕਦੇ ਹਨ। ਬਿਨਾ ਸ਼ੱਕ ਬੈਂਸ ਭਰਾਵਾਂ ਅਤੇ ਜਗਮੀਤ ਬਰਾੜ ਨੇ ਪਾਰਟੀ ਤੋਂ ਬਾਹਰ ਰਹਿ ਕੇ ਆਪਣੀ ਮੁੱਖ ਮੰਤਰੀ ਦੀ ਦਾਅਵੇਦਾਰੀ ਛੱਡ ਦਿੱਤੀ ਹੈ।
ਭਗਵੰਤ ਮਾਨ ਸਾਰੇ ਪੰਜਾਬ ਵਿਚ ਇਕ ਕਾਮੇਡੀਅਨ ਵਜੋਂ ਜਾਣਿਆ ਪਛਾਣਿਆ ਚਿਹਰਾ ਹੈ। ਪੀਪਲਜ਼ ਪਾਰਟੀ ਪੰਜਾਬ ਸਮੇਂ ਤੋਂ ਉਸ ਦੀ ਸਿਆਸੀ ਰੁਚੀ ਹੈ, ਸੁਖਦੇਵ ਸਿੰਘ ਢੀਂਡਸੇ ਵਰਗੇ ਕੱਦਾਵਰ ਲੀਡਰ ਨੂੰ ਹਰਾ ਕੇ ਉਸ ਦਾ ਸਿਆਸੀ ਕੱਦ ਬਹੁਤ ਉੱਚਾ ਹੋਇਆ ਹੈ। ਉਹ ਪੰਜਾਬ ਵਿਚ ਅਰਵਿੰਦ ਕੇਜਰੀਵਾਲ ਤੋਂ ਬਾਅਦ ਸਭ ਤੋਂ ਵੱਡਾ ਕਰਾਊਡ ਪੁੱਲਰ ਭਾਵ ਭੀੜ ਇਕੱਠੀ ਕਰਨ ਵਾਲਾ ਹੈ। ਜੇ ਉਹ ਸੁਖਬੀਰ ਬਾਦਲ ਨੂੰ ਜਲਾਲਾਬਾਦ ਤੋਂ ਹਰਾ ਦਿੰਦਾ ਹੈ ਤਾਂ ਉਸ ਦੀ ਦਾਅਵੇਦਾਰੀ ਹੋਰ ਵੀ ਮਜਬੂਤ ਹੋ ਜਾਵੇਗੀ। ਉਸ ਉਪਰ ਕੋਈ ਭਿਰਸ਼ਟਾਚਾਰ ਦੋਸ਼ ਨਹੀਂ ਹੈ ਸਗੋਂ ਪੰਜਾਬ ਦੇ ਮਸਲਿਆਂ ਨੂੰ ਕਾਮੇਡੀ ਰਾਹੀਂ ਸਟੇਜਾਂ ਉਪਰ ਅਤੇ ਲੋਕ ਸਭਾ ਵਿਚ ਭਾਸ਼ਨਾ ਰਾਹੀਂ ਲਗਾਤਾਰ ਉਠਾਉਣ ਦਾ ਸਿਹਰਾ ਵੀ ਜਾਂਦਾ ਹੈ ਪਰੰਤੂ ਉਸ ਉਤੇ ਵਿਰੋਧੀਆਂ ਵੱਲੋਂ ਲਗਾਏ ਜਾਂਦੇ ਅਸਲੀ ਜਾਂ ਨਕਲੀ ਤਥਾਕਥਿਤ ਸ਼ਰਾਬੀ ਹੋਣ ਦੇ ਦੋਸ਼ਾਂ ਨੂੰ ਧੋਣਾ ਪਵੇਗਾ ਅਤੇ ਸਿਆਸੀ ਮੁੱਦਿਆਂ ਉਪਰ ਭਾਵੁਕ ਹੋ ਕੇ ਰੋਣ ਦੀ ਥਾਂ ਠਰੰਮੇ ਨਾਲ ਤਰਕਸੰਗਤ ਵਿਚਾਰ ਪ੍ਰਗਟ ਕਰਨੇ ਪੈਣਗੇ। ਆਪਣੇ ਪੁਰਾਣੇ ਕਲਾਕਾਰ ਸਾਥੀਆਂ ਦੇ ਨਾਲੋ ਨਾਲ ਪਾਰਟੀ ਦੇ ਸਿਆਸੀ ਲੋਕਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਕਲਾ ਸਿੱਖਣੀ ਪਵੇਗੀ। ਜੇ ਦਿੱਲੀ ਵਾਲੀ ਕਾਰਗੁਜਾਰੀ ਦੁਹਰਾਈ ਜਾਂਦੀ ਹੈ ਅਤੇ ਭਗਵੰਤ ਮਾਨ ਮੁੱਖ ਮੰਤਰੀ ਬਣਦਾ ਹੈ ਤਾਂ ਪੰਜਾਬ ਦੀ ਸਿਆਸਤ ਅੰਦਰ ਇਹ ਵੱਡਾ ਬਦਲਾਓ ਹੋਵੇਗਾ। ਜਦੋਂ ਪੰਜਾਬ ਅੰਦਰ ਗੈਰ ਸਿਆਸੀ ਪਿਛੋਕੜ ਵਾਲੇ ਕਿਸਾਨੀ ਦੇ ਨੌਕਰੀ ਵਾਲੇ ਪਰਿਵਾਰ ਦਾ ਕਲਾਕਾਰ ਪੁੱਤਰ ਮੁੱਖ ਮੰਤਰੀ ਬਣੇਗਾ ਜਿਸ ਦੀ ਸਿਆਸੀ ਸਮਝ ਅਜੇ ਯਥਾਰਥ ਦੀ ਸਾਣ ਤੇ ਲੱਗਣੀ ਹੈ।
ਸ੍ਰ. ਹਰਵਿੰਦਰ ਸਿੰਘ ਫੂਲਕਾ ਮੁੱਖ ਰੂਪ ਵਿਚ ਵਕੀਲ ਹੈ ਅਤੇ ਦਿੱਲੀ ਦੰਗਿਆਂ ਦੇ ਪੀੜਤਾਂ ਨੂੰ ਕਾਨੂੰਨੀ ਇਨਸਾਫ ਦਿਵਾਉਣ ਲਈ ਲਗਾਤਰ ਜੂਝਣ ਵਾਲਾ ਸੰਘਰਸ਼ਸ਼ੀਲ ਯੋਧਾ ਹੈ। ਪਹਿਲੇ ਦਿਨੋ ਲਗਾਤਾਰ ਪਾਰਟੀ ਨਾਲ ਜੁੜਿਆ ਹੋਇਆ ਹੈ। ਉਹ ਪੰਜਾਬ ਅੰਦਰ ਆਪਣੇ ਸਿੱਖ ਮਲਵਈ ਕਿਸਾਨੀ ਦੇ ਪਿਛੋਕੜ ਨੂੰ ਉਭਾਰ ਕੇ ਪੇਸ਼ ਨਹੀਂ ਕਰ ਸਕਿਆ ਹਾਲਾਂਕਿ ਉਹ ਫੂਲ ਰਿਆਸਤ ਨਾਲ ਸਬੰਧਤ ਹੋਣ ਕਰਕੇ ਫੂਲਕਾ ਹੈ। ਉਹ ਗਹਿਰ ਗੰਭੀਰ ਆਗੂ ਹੈ। ਉਮਰ ਅਤੇ ਕੰਮ ਅਨੁਸਾਰ ਉਸ ਨੂੰ ਵੀ ਮੁੱਖ ਮੰਤਰੀ ਦੀ ਗੱਦੀ ਮਿਲ ਸਕਦੀ ਹੈ। ਪਰ ਉਸਦੀ ਪੰਜਾਬ ਖਾਸ ਕਰਕੇ ਗੈਰਸਿੱਖ ਹਲਕਿਆਂ ਵਿਚ ਅਜੇ ਬਹੁਤੀ ਪਛਾਣ ਨਹੀਂ ਅਤੇ ਉਹ ਦਿੱਲੀ ਕਤਲੇਆਮ ਦੇ ਅਨਿਆਂ ਤੋਂ ਇਲਾਵਾ ਬਾਕੀ ਸਿਆਸੀ ਮੁੱਦਿਆਂ ਤੇ ਅਜੇ ਬੋਲਦਾ ਵੀ ਨਹੀਂ ਹੈ।
ਸ੍ਰ. ਸੁਖਪਾਲ ਸਿੰਘ ਖਹਿਰਾ ਦਾ ਸਾਬਕਾ ਅਕਾਲੀ ਮੰਤਰੀ ਸੁਖਜਿੰਦਰ ਸਿੰਘ ਖਹਿਰਾ ਦਾ ਸਪੁੱਤਰ ਹੋਣ ਤੋਂ ਇਲਾਵਾ ਲੰਮਾ ਸਿਆਸੀ ਕੈਰੀਅਰ ਹੈ। ਉਹ ਪੰਜਾਬ ਦੇ ਮਸਲਿਆਂ ਤੇ ਨਿਰੰਤਰ ਬੋਲਣ ਵਾਲਾ ਅਤੇ ਵਿਰੋਧੀਆਂ ਨੂੰ ਸਿੱਧਾ ਟਕਰਨ ਵਾਲਾ ਸਿਆਸੀ ਨੇਤਾ ਹੈ। ਇਸ ਸਮੇਂ ਉਹ ਪਾਰਟੀ ਅੰਦਰ ਆਪਣੀ ਪੈਂਠ ਬਨਾਉਣ ਅਤੇ ਆਪਣੇ ਹਲਕੇ ਤੋਂ ਜਿੱਤਣ ਵੱਲ ਧਿਆਨ ਦੇ ਰਿਹਾ ਹੈ ਪਰੰਤੂ ਆਪ ਅਤੇ ਆਪ ਪਾਰਟੀ ਦੇ ਜਿੱਤ ਜਾਣ ਦੀ ਸੂਰਤ ਵਿਚ ਉਹ ਮੁੱਖ ਮੰਤਰੀ ਦੇ ਅਹੁਦੇ ਲਈ ਤਕੜਾ ਦਾਅਵੇਦਾਰ ਬਣ ਕੇ ਉੱਭਰੇਗਾ।
ਸ੍ਰ. ਹਿੰਮਤ ਸਿੰਘ ਸ਼ੇਰਗਿੱਲ ਪਹਿਲਾਂ ਵੀ ਐਮ.ਪੀ. ਦੀ ਚੋਣ ਲੜ ਚੁੱਕੇ ਹਨ ਅਤੇ ਹੁਣ ਵੀ ਵਿਧਾਇਕ ਵਜੋਂ ਵਿਧਾਨ ਸਭਾ ਦੀ ਚੋਣ ਲੜਨਗੇ।ਗੁਜਰਾਤ ਦੇ ਕਿਸਾਨਾ ਲਈ ਆਵਾਜ ਉਠਾਈ ਸੀ। ਉਹ ਨਿਰੰਤਰ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਸੰਕਟਾਂ ਸਮੇਂ ਪਾਰਟੀ ਨਾਲ ਸਨ। ਸ਼੍ਰੀ ਗੁਰਪ੍ਰੀਤ ਸਿੰਘ ਘੁੱਗੀ ਵੀ ਭਗਵੰਤ ਮਾਨ ਵਾਂਗ ਹੀ ਕਾਮੇਡੀਅਨ ਵਜੋਂ ਜਾਣਿਆ ਪਛਾਣਿਆ ਚਿਹਰਾ ਹੈ, ਉਸ ਦੀ ਪੰਜਾਬ ਇਕਾਈ ਦੇ ਆਗੂ ਵਜੋਂ ਚੋਣ ਅਸਲ ਵਿਚ ਤਾਂ ਮਾਝੇ ਇਲਾਕੇ ਦੇ ਸੁੱਚਾ ਸਿੰਘ ਛੋਟੇਪੁਰ ਦੇ ਬਦਲ ਵਜੋਂ ਹੋਈ ਹੈ। ਉਸ ਨੇ ਆਪਣੀ ਸਿਆਸੀ ਕਾਬਲੀਅਤ ਅਜੇ ਸਿੱਧ ਕਰਨੀ ਹੈ।
ਅਸਲ ਗੱਲ ਤਾਂ ਇਹ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਦੇ ਜਿੱਤਣ ਦੀ ਸੂਰਤ ਵਿਚ ਮੁੱਖ ਮੰਤਰੀ ਕੌਣ ਹੋਏਗਾ ਇਹ ਲੱਗਭਗ ਤਹਿ ਹੀ ਹੈ ਪਰ ਆਪ ਦੇ ਮਾਮਲੇ ਵਿਚ ਅਜਿਹਾ ਨਹੀਂ ਹੈ। ਇਹ ਆਪ ਦੀ ਸ਼ਕਤੀ ਵੀ ਹੈ ਅਤੇ ਕਮਜ਼ੋਰੀ ਵੀ। ਕਿਆਸ ਅਰਾਈਆਂ ਤਾਂ ਸ਼੍ਰੀ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਹਰ ਟਿਕਟ ਪ੍ਰਾਪਤ ਹਰ ਉਮੀਦਵਾਰ ਤਕ ਲਗਾਈਆਂ ਜਾ ਰਹੀਆਂ ਹਨ। ਪਾਰਟੀ ਲਈ ਇਹੋ ਠੀਕ ਹੈ ਕਿ ਉਹ ਆਪਣਾ ਜਮਹੂਰੀ ਰੂਪ ਬਰਕਰਾਰ ਰੱਖੇ ਅਤੇ ਇਹੋ ਗੱਲ ਪਰਚਾਰੇ ਕਿ ਪਾਰਟੀ ਜਿੱਤਣ ਤੋਂ ਬਾਅਦ ਵਿਧਾਇਕ ਚੋਣ ਕਰਨਗੇ। ਪਰ ਅਸਲ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਦਾ ਫੈਸਲਾ ਤਾਂ ਸ਼੍ਰੀ ਅਰਵਿੰਦਰ ਕੇਜਰੀਵਾਲ ਨੇ ਹੀ ਕਰਨਾ ਹੋਵੇਗਾ ਅਤੇ ਉਹ ਪੰਜਾਬ ਵਿਚ ਵੀ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਵਰਗੇ ਵਿਅਕਤੀ ਦੀ ਤਲਾਸ਼ ਵਿਚ ਹਨ ਜੋ ਸਿਆਸੀ ਮਾਮਲਿਆਂ ਦਾ ਮਾਹਿਰ ਵੀ ਹੋਵੇ ਅਤੇ ਨਾਲ ਦੀ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਪ੍ਰਤੀ ਵਫਾਦਾਰ ਵੀ। ਬਿਨਾ ਸ਼ੱਕ ਮੁੱਖ ਮੰਤਰੀ ਨੂੰ ਕਿਸੇ ਦਲਿਤ ਨੂੰ ਉਪ ਮੁੱਖ ਮੰਤਰੀ ਬਨਾਉਣ ਦਾ ਉਹ ਅਗਨ ਬਾਣ ਪਹਿਲਾਂ ਹੀ ਛੱਡ ਚੁੱਕੇ ਹਨ। ਦੂਸਰਾ ਅਗਨ ਬਾਣ ਉਹ ਕਿਹੜਾ ਅਤੇ ਕਦੋਂ ਛੱਡਦੇ ਹਨ? ਇਹ ਦਿਲਚਸਪੀ ਦਾ ਵਿਸ਼ਾ ਹੈ। ਇਹ ਕੋਈ ਔਰਤ ਵੀ ਹੋ ਸਕਦੀ ਹੈ। ਵੈਸੇ ਬਹੁਤੀ ਸੰਭਾਵਨਾ ਇਸੇ ਗੱਲ ਦੀ ਹੈ ਕਿ ਮੁੱਖ ਮੰਤਰੀ ਪੇਂਡੂ ਮਲਵਈ ਜੱਟ ਕਿਸਾਨੀ ਵਿਚੋਂ ਹੀ ਹੋਵੇਗਾ।
ਪ੍ਰੋਫੈਸਰ,ਪੰਜਾਬੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਕ : 9815050617