ਬਠਿੰਡਾ – ਬਠਿੰਡਾ ਖ਼ਿੱਤੇ ’ਚ ਅਕਾਲੀ ਕਮਾਨ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਭਾਲ ਲਈ ਹੈ ਜਦੋਂਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਕਰੀਬ 11 ਦਿਨਾਂ ਤੋਂ ਬਠਿੰਡਾ ਹਲਕੇ ਤੋਂ ਦੂਰ ਹਨ। ਹਰਸਿਮਰਤ ਚੋਣ ਜ਼ਾਬਤੇ ਤੋਂ ਪਹਿਲਾਂ ਆਖਰੀ ਹੰਭਲਾ ਮਾਰਨ ਲੱਗੇ ਹਨ। ਕਿਤੇ ਗਰਾਂਟਾਂ ਵੰਡ ਰਹੇ ਹਨ ਤੇ ਕਿਤੇ ਚੁੱਲ੍ਹੇ। ਸ਼੍ਰੋਮਣੀ ਅਕਾਲੀ ਦਲ ਤੋਂ ਰੁੱਸਿਆ ਨੂੰ ਵੀ ਮਨਾਉਣ ਲੱਗੇ ਹਨ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ 25 ਦਸੰਬਰ ਨੂੰ ਬਠਿੰਡਾ ਹਲਕੇ ’ਚ ਆਉਣਾ ਹੈ ਜਿਸ ਦਿਨ ਕੇਂਦਰੀ ਪੈਟਰੋਲੀਅਮ ਮੰਤਰੀ ਪੁੱਜ ਰਹੇ ਹਨ। ਲੋਕ ਸਭਾ ਚੋਣਾਂ 2014 ਤੋਂ ਐਨ ਪਹਿਲਾਂ ਵੀ ਹਰਸਿਮਰਤ ਕੌਰ ਬਾਦਲ ਨੇ ਵੰਡ ਵੰਡਾਰੇ ’ਚ ਤੇਜ਼ੀ ਲਿਆ ਦਿੱਤੀ ਸੀ। ਕੇਂਦਰੀ ਮੰਤਰੀ ਵੱਲੋਂ ਬਠਿੰਡਾ ਤੇ ਮਾਨਸਾ ਜ਼ਿਲ੍ਹੇ ’ ਮੁਫ਼ਤ ਗੈਸੀ ਚੁੱਲ੍ਹੇ ਵੰਡੇ ਗਏ ਹਨ ਤੇ ਨੰਨ੍ਹੀ ਛਾਂ ਪ੍ਰਾਜੈਕਟ ਤਹਿਤ ਪੇਂਡੂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਜਾ ਰਹੀਆਂ ਹਨ। ਹਰਸਿਮਰਤ ਨੇ ਅੱਜ ਬਠਿੰਡਾ(ਦਿਹਾਤੀ) ਰਾਖਵੇਂ ਹਲਕੇ ਦੇ ਪਿੰਡ ਕੋਟਸ਼ਮੀਰ ’ਚ ਗਰੀਬ ਲੋਕਾਂ ਨੂੰ ਘਰਾਂ ਵਾਸਤੇ ਫੰਡ ਦੇਣ ਲਈ ਪੱਤਰ ਵੰਡੇ। ਬੀਬੀ ਬਾਦਲ ਅੱਜ ਤਲਵੰਡੀ ਸਾਬੋ ਵਿਖੇ ਧਾਰਮਿਕ ਸਮਾਗਮਾਂ ’ਚ ਵੀ ਸ਼ਾਮਿਲ ਹੋਏ। ਉਸ ਵਲੋਂ ਦੋ ਵੱਡੇ ਪ੍ਰਾਜੈਕਟ ਏਮਜ ਇੰਸਟੀਚੂਟ ਤੇ ਬਠਿੰਡਾ ਏਅਰਪੋਰਟ ਚਾਲੂ ਕਰਾਇਆ ਗਿਆ ਹੈ। ਵੱਡੇ ਬਾਦਲਾਂ ਦੀ ਗੈਰਹਾਜ਼ਰੀ ’ਚ ਬੀਬੀ ਬਾਦਲ ਨੇ ਹਲਕਾ ਲੰਬੀ ’ਚ ਲੋਕਾਂ ਨੂੰ ਗੈਸੀ ਚੁੱਲ੍ਹੇ ਵੰਡੇ। ਬਠਿੰਡਾ (ਸ਼ਹਿਰੀ) ਤੋਂ ‘ਆਪ’ ਦੇ ਉਮੀਦਵਾਰ ਦੀਪਕ ਬਾਂਸਲ ਦਾ ਕਹਿਣਾ ਸੀ ਕਿ ਲੋਕ ਹੁਣ ਅਕਾਲੀ ਦਲ ਨੂੰ ਨਕਾਰ ਚੁੱਕੇ ਹਨ ਜਿਸ ਕਰਕੇ ਬੀਬੀ ਬਾਦਲ ਦੇ ਕਿਸੇ ਵੰਡ ਦਾ ਕੋਈ ਫਾਇਦਾ ਨਹੀਂ। ਦੂਸਰੀ ਤਰਫ਼ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਬਾਦਲ ਨੇ ਸ਼ਹਿਰ ’ਚ ਖਾਸ ਲੋਕਾਂ ਦੇ ਘਰਾਂ ’ਚ ਜਾਣਾ ਸ਼ੁਰੂ ਕਰ ਦਿੱਤਾ ਹੈ ਤੇ ਸ਼ਹਿਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਮਨਪ੍ਰੀਤ ਦੀ ਪਤਨੀ ਵੀਨੂੰ ਬਾਦਲ ਵੀ ਬੀਤੇ ਕੱਲ੍ਹ ਬਠਿੰਡਾ ਪੁੱਜੇ ਸਨ ਤੇ ਲੋਕ ਸਭਾ ਚੋਣਾਂ ਵਿਚ ਵੀਨੂੰ ਬਾਦਲ ਨੇ ਬਠਿੰਡਾ ਸ਼ਹਿਰ ਵਿਚ ਚੋਣ ਪ੍ਰਚਾਰ ਦੀ ਡਿਊਟੀ ਨਿਭਾਈ ਸੀ।