ਲੁਧਿਆਣਾ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ’ਆਪ’ ਦੀ ਸਰਕਾਰ ਬਣਨ ਤੇ ਵਕੀਲਾਂ ਦੀ ਸਲਾਹ ਨਾਲ ਨਿਆਂਇਕ ਪ੍ਰਣਾਲੀ ਦਾ ਮੁਕੰਮਲ ਪੁਨਰਗਠਨ ਕੀਤਾ ਜਾਵੇਗਾ ਤਾਂ ਕਿ ਹਰ ਇਕ ਕੇਸ ਦਾ ਨਿਪਟਾਰਾ 6 ਮਹੀਨੇ ਦੇ ਸਮੇਂ ਅੰਦਰ ਕਰਕੇ ਆਮ ਜਨਤਾ ਨੂੰ ਇਨਸਾਫ ਯਕੀਨ ਬਣਾਇਆ ਜਾਵੇ।
ਕੇਜਰੀਵਾਲ ਅੱਜ ਇਥੇ ਜੁਡੀਸ਼ੀਅਲ ਕੰਪਲੈਕਸ ਦੇ ਨਜਦੀਕ ‘ਆਪ’ ਦੇ ਲੀਗਲ ਸੈੱਲ ਵੱਲੋਂ ਆਯੋਜਨ ਇੱਕ ਸਮਾਗਮ ਵਿੱਚ ਵਕੀਲ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕਿਹਾ ਕਿ ਪੰਜਾਬ ਅੰਦਰ ਲਾਅ ਐਂਡ ਆਰਡਰ ਪੂਰੀ ਤਰਾਂ ਵਿਗੜ ਗਿਆ ਹੈ ਅਤੇ ਪੁਲੀਸ ਦਾ ਮੁਕੰਮਲ ਰਾਜਨੀਤੀਕਰਨ ਹੋ ਚੁੱਕਾ ਹੈ। ਜਿਸ ਤੋਂ ਜਨਤਾ ਭਾਰੀ ਮਾਯੂਸੀ ਵਿੱਚ ਹੈ। ਉਨਾਂ ਕਿਹਾ ਕਿ ਪੁਲਿਸ ਤੇ ਰਾਜਸੀ ਆਗੂਆਂ ਅਤੇ ਹਲਕਾ ਇੰਚਾਰਜਾਂ ਦਾ ਪੂਰਾ ਕੰਟਰੋਲ ਹੋ ਚੁੱਕਾ ਹੈ। ਉਨਾਂ ਕਿਹਾ ਕਿ ਅੱਜ ਪੰਜਾਬ ਅੰਦਰ ਰਾਜਨੀਤਕ ਨੇਤਾਵਾਂ ਅਤੇ ਪੁਲੀਸ ਅਧਿਕਾਰੀਆਂ ਦੀ ਸ਼ਹਿ ਤੇ ਨਸ਼ਿਆਂ ਦਾ ਕਾਰੋਬਾਰ ਚੱਲ ਰਿਹੈ ਜੋ ਪੰਜਾਬ ਦੀ ਜਵਾਨੀ ਨੂੰ ਪੂਰੀ ਤਰਾਂ ਨਸ਼ਟ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਨ ਤੇ ਭਿ੍ਰਸ਼ਟਾਚਾਰ ਦਾ ਮੁਕੰਮਲ ਸਫ਼ਾਇਆ, ਨਸ਼ਿਆਂ ਤੇ ਲਗਾਮ, ਪੁਲਿਸ ਨੂੰ ਨੇਤਾਵਾਂ ਦੇ ਸਿਕੰਜੇ ਤੋਂ ਮੁਕਤ ਕਰਨਾਂ, ਸਿੱਖਿਆ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਸਰਕਾਰ ਦੀਆਂ ਵਿਸ਼ੇਸ਼ ਪ੍ਰਮੁੱਖਤਾਵਾਂ ਹੋਣਗੀਆਂ। ਉਨਾਂ ਕਿਹਾ ਕਿ ਭਿ੍ਰਸ਼ਟਾਚਾਰ ਅਤੇ ਨਸ਼ਾਬੰਦੀ ਖਤਮ ਕਰਨ ਲਈ ਨੀਯਤ ਦੀ ਜ਼ਰੂਰਤ ਹੈ। ਕੇਜਰੀਵਾਲ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਦਿੱਲੀ ਅੰਦਰ ਭਿ੍ਰਸ਼ਟਾਚਾਰ ਦਾ ਮੁਕੰਮਲ ਸਫ਼ਾਇਆ ਕਰਕੇ ਦਿਖਾਇਆ ਹੈ। ਉਨਾਂ ਕਿਹਾ ਕਿ ਦਿੱਲੀ ਸਰਕਾਰ ਨੇ ਸਿੱਖਿਆ ਅਤੇ ਸਿਹਤ ਖੇਤਰਾਂ ’ਚ ਵੱਡੇ ਸੁਧਾਰ ਕੀਤੇ ਹਨ। ਦਿੱਲੀ ਦੇ ਸਕੂਲਾਂ ਦੀਆ 250 ਨਵੀਆਂ ਇਮਾਰਤਾਂ ਉਸਾਰੀਆਂ ਹਨ ਅਤੇ ਸਕੂਲਾਂ ਅੰਦਰ ਸਵਿਮਿੰਗ ਪੂਲ ਬਣ ਰਹੇ ਹਨ। ਉਨਾਂ ਦਸਿਆ ਕਿ ਸਰਕਾਰ ਨੇ ਮੁਹੱਲਾ ਕਲੀਨਿਕਾਂ ਬਣਾ ਕੇ ਹਰ ਇੱਕ ਨੂੰ ਵਧੀਆ ਮੁਫ਼ਤ ਇਲਾਜ਼ ਯਕੀਨੀ ਬਣਾਇਆ ਹੈ। ਕੇਜਰੀਵਾਲ ਨੇ ਕਿਹਾ ਕਿ ਆਪ ਦੀ ਸਰਕਾਰ ਪੰਜਾਬ ਨੂੰ ਹਰ ਪੱਖੋਂ ਦੇਸ਼ ਦਾ ਪਹਿਲਾ ਨਮੂਨੇ ਦਾ ਸੂਬਾ ਬਣਾਏਗੀ। ਉਨਾਂ ਕਿਹਾ ਕਿ ਪੰਜਾਬ ਵਿਚ ਆਪ ਦੇ ਹੱਕ ਵਿਚ ਵੱਡੀ ਹਨੇਰੀ ਚਲ ਰਹੀ ਅਤੇ ਆਪ ਵੱਡੀ ਜਿੱਤ ਹਾਸਿਲ ਕਰੇਗੀ। ਉਨਾਂ ਵਕੀਲਾਂ ਨੂੰ ਕਿਹਾ ਕਿ ਉਹ ਸੂਬੇ ਅੰਦਰ ਚੱਲ ਰਹੀ ਬਦਲਾਅ ਦੀ ਹਨੇਰੀ ਵਿੱਚ ਅੱਗੇ ਵੱਧ ਕੇ ਹਿੱਸਾ ਲੈਣ ਅਤੇ ਲੋਕਾਂ ਨੂੰ ਰਵਾਇਤੀ ਰਾਜਨੀਤਕ ਪਾਰਟੀਆਂ ਦੀ ਥਾਂ ਬਦਲਾਅ ਲਈ ਲੜ ਰਹੀ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਲਈ ਪ੍ਰੇਰਨ। ਉਨਾਂ ਕਿਹਾ ਕਿ ਸਰਕਾਰ ਬਣਨ ਤੇ ਲੁਧਿਆਣਾ ਦੇ ਵਕੀਲਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਨ ਨੂੰ ਪ੍ਰਮੁੱਖਤਾ ਦੇਵੇਗੀ।
ਸਮਾਗਮ ਨੂੰ ਐੱਚ.ਐੱਸ. ਫੁਲਕਾ, ਬਾਰ ਅੇਸੋਸੀਏਸ਼ਨ ਦੇ ਉਪ ਪ੍ਰਧਾਨ ਅੇਡਵੋਕੇਟ ਰਜਤ ਗੁਪਤਾ, ਐਡਵੋਕੇਟ ਐੱਮ.ਪੀ. ਸਿੰਘ, ਪ੍ਰਭਜੀਤਕਰਨ ਸਿੰਘ ਅਤੇ ਚੇਤਨ ਵਰਮਾ ਨੇ ਵੀ ਸੰਬੋਧਨ ਕਤਿਾ । ਇਸ ਸਮੇਂ ਸਾਹਨੇਵਾਲ ਤੋਂ ਆਪ ਦੇ ਉਮੀਦਵਾਰ ਹਰਜੋਤ ਸਿੰਘ ਬੈਂਸ, ਲੁਧਿਆਣਾ ਪੱਛਮੀ ਤੋਂ ਉਮੀਦਵਾਰ ਅਹਿਬਾਬ ਸਿੰਘ ਗਰੇਵਾਲ, ਲੁਧਿਆਣਾ ਪੂਰਬੀ ਤੋਂ ਉਮੀਦਵਾਰ ਦਲਜੀਤ ਸਿੰਘ ਗਰੇਵਾਲ, ਲੁਧਿਆਣਾ ਕੇਂਦਰੀ ਤੋਂ ਉਮੀਦਵਾਰ ਵਿਪਨ ਸੂਦ ਕਾਕਾ, ਆਪ ਲੁਧਿਆਣਾ ਜੋਨ ਦੇ ੳਬਜ਼ਰਵਰ ਦਰਸ਼ਨ ਸਿੰਘ ਸ਼ੰਕਰ ਅਤੇ ਪ੍ਰਸਾਸਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਜਰਨੈਲ ਸਿੰਘ ਹਾਜ਼ਰ ਸਨ ।