
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾ ਦੇ ਆਖਰੀ ਦਿਨ ਤੱਕ ਪੰਜਾਬ ਵਿਚ ਗੁੰਡਾਗਰਦੀ ਸਿਖਰਾਂ ‘ਤੇ ਚੱਲ ਰਹੀ ਹੈ ਅਤੇ ਵੱਡੀ ਪੱਧਰ ‘ਤੇ ਲਾਈ ਗਈ ਸੁਰੱਖਿਆ ਦੇ ਬਾਵਜੂਦ ਵੀ ਆਪਣੀ ਧੌਂਸ ਜਮਾਉਣ ਵਾਲੇ ਆਗੂ ਵਿਰੋਧੀਆਂ ਨੂੰ ਦਬਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਪੰਜਾਬ ਵਿਚ ਅਮਨ ਸ਼ਾਂਤੀ ਦੀ ਦੁਹਾਈ ਦੇਣ ਵਾਲੇ ਆਗੂ ਖੁਦ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰ ਰਹੇ ਹਨ। ਭਾਵੇਂ ਇਸ ਮਾਮਲੇ ਵਿਚ ਸੱਤਾਧਾਰੀ ਧਿਰ ਮੋਹਰੀ ਭੂਮਿਕਾ ਨਿਭਾਅ ਰਹੀ ਹੈ, ਪਰ ਇਸ ਦੌੜ ਵਿਚ ਪਿਛੇ ਕੋਈ ਵੀ ਨਹੀਂ ਰਹਿਣਾ ਚਾਹੁੰਦਾ।
ਅੱਜ 4 ਫਰਵਰੀ ਨੂੰ ਪੈ ਰਹੀਆਂ ਵੋਟਾਂ ਦੌਰਾਨ ਹਿੰਸਾ ਹੋਣ ਦਾ ਡਰ ਅਮਨ ਪਸੰਦ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਕਿਉਂਕਿ ਕੱਲ 3 ਫਰਵਰੀ ਵਾਲੇ ਦਿਨ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਹਿੰਸਾ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ। ਅਕਾਲੀ ਦਲ ਦੇ ਬਹੁਤਾ ਸਮਾਂ ਵਿਵਾਦਾਂ ਵਿਚ ਘਿਰੇ ਰਹੇ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਹਲਕੇ ਵਿਚ ਤਾਂ ਅਕਾਲੀਆਂ ਦੀ ਗੋਲੀ ਨਾਲ ਆਮ ਆਦਮੀ ਪਾਰਟੀ ਦਾ ਇਕ ਵਰਕਰ ਫੱਟੜ ਵੀ ਹੋ ਗਿਆ ਹੈ ਅਤੇ ਉਸ ਦੇ ਪੱਟ ਵਿਚ ਗੋਲੀ ਵੱਜੀ ਹੈ। ਇਸ ਤੋਂ ਪਹਿਲਾਂ 2 ਫਰਵਰੀ ਨੂੰ ਪੱਟੀ ਇਲਾਕੇ ਵਿਚ ਪੈਸੇ ਵੰਡਣ ਤੋਂ ਰੋਕਣ ‘ਤੇ ਇਕ ਅਕਾਲੀ ਸਰਪੰਚ ਨੇ ਆਪ ਵਰਕਰ ਦਾ ਹੱਥ ਹੀ ਕੱਟ ਦਿੱਤਾ ਗਿਆ ਸੀ। ਉਧਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਵਿਚ ਕੱਲ੍ਹ ਅਕਾਲੀ ਆਗੂ ਵਲੋਂ ਪੈਸੇ ਵੰਡਣ ਦੀ ਸੂਹ ਮਿਲਣ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਆਪ ਉਮੀਦਵਾਰ ਜਰਨੈਲ ਸਿੰਘ ਨੂੰ ਧਰਨਾ ਦੇਣਾ ਪਿਆ। ਇਸੇ ਤਰਾਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਹਲਕੇ ਲਹਿਰਾਗਾ ਦੇ ਪਿੰਡ ਖਨੌਰੀ ਵਿਚ ਵੀ ਅਕਾਲੀ ਅਤੇ ਕਾਂਗਰਸੀ ਵਰਕਰਾਂ ਦੀਆਂ ਝੜਪਾਂ ਹੋਈਆਂ ਅਤੇ ਬੀਬੀ ਭੱਠਲ ਦੇ ਸਮਰੱਥਕਾਂ ਦੀਆਂ ਤਿੰਨ ਗੱਡੀਆਂ ਭੰਨ ਦਿੱਤੀਆਂ ਗੲੀਆਂ ਅਤੇ ਤਿੰਨ ਕਾਂਗਰਸੀ ਵਰਕਰ ਫੱਟੜ ਹੋ ਗਏ ਹਨ। ਇਸ ਤਰਾਂ ਇੰਨੀ ਸੁਰੱਖਿਆ ਦੇ ਬਾਵਜੂਦ ਹਿੰਸਾ ਦੀਆਂ ਘਟਨਾਵਾਂ ਤੋਂ ਜਾਪ ਰਿਹਾ ਹੈ ਕਿ ਪੰਜਾਬ ਦੇ ਹਲਾਤ ਪਹਿਲਾਂ ਵਾਲੇ ਨਹੀਂ ਹਨ। ਹੁਣ ਡੋਰ ਪੰਜਾਬ ਦੇ ਲੋਕਾਂ ਦੇ ਹੱਥ ਹੈ ਕਿ ਉਨ੍ਹਾਂ ਨੇ ਅਜਿਹੀ ਹਿੰਸਾ ਰੋਕਣ ਵਾਲੇ ਉਮੀਦਵਾਰਾਂ ਦੀ ਚੋਣ ਕਰਨੀ ਹੈ ਜਾਂ ਪਹਿਲਾਂ ਬਦਨਾਮੀ ਵੱਲ ਵਧ ਰਹੇ ਪੰਜਾਬ ਨੂੰ ਗੁੰਡਿਆਂ ਦਾ ਸੂਬਾ ਬਣਾਉਣਾ ਹੈ। ਫਿਰ ਵੀ ਲੋਕਾਂ ਦੇ ਪ੍ਰਤੀਕਰਮ ਤੋਂ ਇਕ ਗੱਲ ਤਾਂ ਸਪਸ਼ਟ ਹੋ ਰਹੀ ਹੈ ਕਿ ਅਕਾਲੀ ਦਲ ਨੂੰ ਗੁੰਡਿਆਂ ਨੂੰ ਸਹਿ ਦੇਣ ਦੀ ਨੀਤੀ ਮਹਿੰਗੀ ਪਵੇਗੀ ਅਤੇ ਇਸ ਵਾਰ ਸੱਤਾਧਾਰੀ ਅਕਾਲੀ ਦਾ ਵਿਕਾਸ ਦਾ ਨਾਹਰਾ ਗੁੰਡਾਗਰਦੀ ਨੂੰ ਉਤਸ਼ਾਹਿਤ ਕਰਨ ਵਾਲੀ ਨੀਤੀ ਨੇ ਫਿੱਕਾ ਪਾ ਦਿੱਤਾ ਹੈ। ਅਫਸੋਸਨਾਕ ਪਹਿਲੂ ਇਹ ਵੀ ਹੈ ਕਿ ਇਸ ਮਾਮਲੇ ਵਿਚ ਬਾਕੀ ਪਾਰਟੀਆਂ ਵੀ ਪਿੱਛੇ ਨਹੀਂ। ਕੱਲ੍ਹ ਹੀ ਲੁਧਿਆਣਾ ਤੋਂ ਅਕਾਲੀ ਉਮੀਦਵਾਰ ਹੀਰਾ ਸਿੰਘ ਗਾਬੜੀਆ ਦੇ ਦਫਤਰ ਦੀ ਭੰਨਤੋੜ ਕੀਤੀ ਗਈ ਹੈ, ਜਿਸ ਬਾਰੇ ਸ੍ਰੀ ਗਾਬੜੀਆ ਨੇ ਦੋਸ਼ ਲਾਇਆ ਕਿ ਬੈਂਸ ਸਰਮੱਥਕਾਂ ਨੇ ਦਫਤਰ ‘ਤੇ ਹਮਲਾ ਕੀਤਾ ਹੈ।