best platform for news and views

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫਸਲ ਦੀ ਰਹਿੰਦ-ਖੂੰਹਦ ਨੂੰ ਤੇਜ਼ੀ ਨਾਲ ਖੇਤਾਂ ਵਿੱਚ ਗਾਲ ਦੇਣ ਦੀ ਤਕਨੀਕ ਨੂੰ ਵਿਗਿਆਨਕ ਢੰਗ ਨਾਲ ਘੋਖੇਗੀ

Please Click here for Share This News

ਚੰਡੀਗੜ, 20 ਨਵੰਬਰ:
ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਝੋਨੇ ਦੀ ਪਰਾਲੀ ਨੂੰ ਤੇਜ਼ੀ ਨਾਲ ਖੇਤਾਂ ਵਿੱਚ ਗਾਲ ਦੇਣ ਦੀ ਤਕਨਾਲੋਜੀ ਦਾ ਵਿਗਿਆਨਿਕ ਢੰਗ ਨਾਲ ਅਧਿਐਨ ਕਰਨ ਲਈ ਆਖਿਆ ਤਾਂ ਕਿ ਪਰਾਲੀ ਸਾੜਣ ਦੇ ਰੁਝਾਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੱਲ ਪਾਉਣ ਲਈ ਪਰਖੀ ਹੋਈ ਤੇ ਹੰਢਣਸਾਰ ਵਿਧੀ ਨੂੰ ਵਿਕਸਤ ਕਰਨ ਵਿੱਚ ਪ੍ਰਾਈਵੇਟ ਕੰਪਨੀਆਂ ਦੀ ਵੀ ਸ਼ਮੂਲੀਅਤ ਬਣਾਈ ਜਾ ਸਕੇ।
ਅੱਜ ਇੱਥੇ ਮੋਹਾਲੀ ਜ਼ਿਲੇ ਵਿੱਚ ਨਿਊ ਚੰਡੀਗੜ ਨੇੜਲੇ ਪਿੰਡ ਮਾਜਰਾ ਦੇ ਖੇਤਾਂ ਵਿੱਚ ਪਰਾਲੀ ਨੂੰ ਖੇਤਾਂ ਵਿੱਚ ਗਲਾਉਣ ਦੀ ਵਿਧੀ ਦੀ ਨੁਮਾਇਸ਼ੀ ਪਰਖ ਦਾ ਨਿਰੀਖਣ ਕਰਦਿਆਂ ਵਿਸਵਾਜੀਤ ਖੰਨਾ ਨੇ ਫਸਲ ਦੀ ਰਹਿੰਦ-ਖੂੰਹਦ ਦਾ ਕਾਰਗਰ ਢੰਗ ਨਾਲ ਨਿਪਟਾਰਾ ਕਰਨ ਲਈ ਵਿਗਿਆਨਿਕ ਲੀਹਾਂ ’ਤੇ ਅਤਿ ਆਧੁਨਿਕ ਤਕਨਾਲੋਜੀ ਵਿਕਸਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨਾਂ ਨੇ ਖੇਤੀਬਾੜੀ ਕਮਿਸ਼ਨਰ ਨੂੰ ਪੀ.ਏ.ਯੂ. ਨਾਲ ਤਾਲਮੇਲ ਕਰਨ ਲਈ ਆਖਿਆ ਤਾਂ ਕਿ ਸੂਬੇ ਦੇ ਕਿਸਾਨਾਂ ਦੀ ਤਸੱਲੀ ਮੁਤਾਬਕ ਨਿਵੇਕਲੀ ਪਹੁੰਚ ਵਾਲੀ ਤਕਨਾਲੋਜੀ ਰਾਹੀਂ ਇਸ ਸਮੱਸਿਆ ਦਾ ਠੋਸ ਹੱਲ ਕੱਢਿਆ ਜਾ ਸਕੇ। ਉਨਾਂ ਨੇ ਪਰਾਲੀ ਸਾੜਣ ਦੀ ਚੁਣੌਤੀ ਨਾਲ ਨਿਪਟਣ ਲਈ ਠੋਸ ਤਕਨਾਲੋਜੀ ਵਿਕਸਤ ਕਰਨ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੰਭੀਰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਉਪਰ ਕਿਸਾਨ ਕਮਿਸ਼ਨ ਦੇ ਚੇਅਰਮੈਨ ਵੱਲੋਂ ਗੰਭੀਰਤਾ ਨਾਲ ਤਾਲਮੇਲ ਅਤੇ ਨਿਰੀਖਣ ਕੀਤਾ ਜਾ ਰਿਹਾ ਹੈ।
ਪਰਾਲੀ ਨੂੰ ਖੇਤਾਂ ਵਿੱਚ ਘੱਟ ਸਮੇਂ ’ਚ ਹੀ ਗਾਲ ਦੇਣ ਦੀ ਤਕਨਾਲੋਜੀ ਦੇ ਸੰਦਰਭ ਵਿੱਚ ਸ੍ਰੀ ਖੰਨਾ ਨੇ ਪੀ.ਏ.ਯੂ. ਦੇ ਖੇਤੀ ਮਾਹਰਾਂ ਨੂੰ ਇਸ ਸਬੰਧ ਵਿੱਚ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇਸ ਵਿਧੀ ਦੇ ਨਫਾ-ਨੁਕਸਾਨ ਨੂੰ ਬਰੀਕੀ ਨਾਲ ਘੋਖਣ ਲਈ ਆਖਿਆ। ਉਨਾਂ ਨੇ ਪੀ.ਏ.ਯੂ ਅਥਾਰਟੀ ਨੂੰ ਇਸ ਵਿਧੀ ਦੀ ਪਰਖ ਆਪਣੇ ਨੁਮਾਇਸ਼ੀ ਫਾਰਮਾਂ ਵਿੱਚ ਵੀ ਕਰਨ ਲਈ ਆਖਿਆ ਤਾਂ ਕਿ ਇਸ ਆਰਗੈਨਿਕ ਤਕਨਾਲੋਜੀ ਦੀ ਸਫ਼ਲਤਾ ਦਾ ਮੁਲਾਂਕਣ ਕੀਤਾ ਜਾ ਸਕੇ। ਉਨਾਂ ਨੇ ਯੂਨੀਵਰਸਿਟੀ ਨੂੰ ਆਪਣੀਆਂ ਸਿਫਾਰਸ਼ਾਂ ਨਾਲ ਸਬੰਧਤ ਰਿਪੋਰਟ ਛੇਤੀ ਤੋਂ ਛੇਤੀ ਸੌਂਪਣ ਨੂੰ ਆਖਿਆ।
ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਲਈ ਨਵੀਨ ਤਕਨਾਲੋਜੀ ਵਿਕਸਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਖੇਤਾਂ ਵਿੱਚ ਹੀ ਪਰਾਲੀ ਖਪਾਉਣ ਲਈ ਉਭਰ ਰਹੀਆਂ ਤਕਨੀਕਾਂ ਪਰਾਲੀ ਸਾੜਣ ਦੀ ਸਮੱਸਿਆ ਦੇ ਹੱਲ ਲਈ ਸਹਾਈ ਸਿੱਧ ਹੋ ਸਕਦੀਆਂ ਹਨ ਜਿਸ ਨਾਲ ਸਾਡੇ ਸੂਬੇ ਨੂੰ ਹਰਿਆ ਭਰਿਆ ਤੇ ਪ੍ਰਦੂਸ਼ਣ ਮੁਕਤ ਬਣਾ ਕੇ ਨਾਗਰਿਕਾਂ ਲਈ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਇਆ ਜਾ ਸਕੇ।
ਨੁਮਾਇਸ਼ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਕਿ ਆਪਣੀ ਕਿਸਮ ਦੀ ਇਹ ਪਹਿਲੀ ਆਰਗੈਨਿਕ ਵਿਧੀ ਹੈ ਜਿਸ ਨਾਲ ਪਰਾਲੀ ਨੂੰ ਵੱਢਣ ਅਤੇ ਬਾਹਰ ਲਿਜਾਣ ਤੋਂ ਬਿਨਾਂ ਦੋ ਹਫ਼ਤਿਆਂ ਵਿੱਚ ਝੋਨੇ ਦੀ ਪਰਾਲੀ ਨੂੰ ਗਾਲ ਦਿੰਦੀ ਹੈ। ਇਹ ਵੀ ਦੱਸਿਆ ਗਿਆ ਕਿ ਖੇਤ ਵਿੱਚ ਗਲ ਚੁੱਕੀ ਪਰਾਲੀ ਨੂੰ ਸੌਖਿਆਂ ਹੀ ਮਿੱਟੀ ਵਿੱਚ ਮਿਲਾਇਆ ਜਾ ਸਕਦਾ ਹੈ ਜਿਸ ਨਾਲ ਅਗਲੀ ਫਸਲ ਲਈ ਖਾਦ ਦੀ 35 ਫੀਸਦੀ ਘੱਟ ਲੋੜ ਪਵੇਗੀ। ਮਿੱਟੀ ਵਿੱਚ ਪਰਾਲੀ ਨੂੰ ਮਿਲਾਉਣ ਨਾਲ ਜਾਂ ਪੂਰੀ ਤਰਾਂ ਖਪਾ ਦੇਣ ਨਾਲ ਅਗਲੀ ਫਸਲ ਦੌਰਾਨ ਨਦੀਨ ਦੀ ਪੈਦਾਵਾਰ ਵੀ ਘਟੇਗੀ ਅਤੇ ਇਸ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਵਧਣ ਦੇ ਨਾਲ-ਨਾਲ ਹੋਰ ਲਾਭ ਵੀ ਮਿਲਣਗੇ।
ਇਸ ਮੌਕੇ ਵਧੀਕ ਮੁੱਖ ਸਕੱਤਰ ਨਾਲ ਖੇਤੀਬਾੜੀ ਕਮਿਸ਼ਨਰ ਬਲਵਿੰਦਰ ਸਿੰਘ ਸਿੱਧੂ, ਖੇਤੀਬਾੜੀ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਤੋਂ ਇਲਾਵਾ ਕਈ ਕਿਸਾਨ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published.