ਚੰਡੀਗੜ੍ਹ : ਪੰਜਾਬ ਦੇ ਪ੍ਰਸਿੱਧ ਗਾਇਕ ਰਾਜ ਬਰਾੜ ਦੀ ਲੰਮੀ ਬਿਮਾਰੀ ਪਿਛੋਂ ਅੱਜ ਚੰਡੀਗੜ੍ਹ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਮੌਤ ਹੋ ਗਈ। ਰਾਜ ਬਰਾੜ ਨੇ ਆਪਣੇ ਸਾਫ ਸੁਥਰੇ ਗੀਤਾਂ ਨਾਲ ਪੰਜਾਬੀ ਗਾਇਕੀ ਵਿਚ ਵੱਖਰੀ ਪਛਾਣ ਬਣਾਈ ਅਤੇ ਉਨ੍ਹਾਂ ਦੇ ਗੀਤ ਦੁਨੀਆਂ ਭਰ ਵਿਚ ਪ੍ਰਸਿੱਧ ਹੋਏ। ਉਨ੍ਹਾਂ ਦੀ ਆਵਾਜ ਵਿਚ ਸੈਂਕੜੇ ਹੀ ਨਹੀਂ ਸਗੋਂ ਹਜਾਰਾਂ ਗੀਤ ਪੰਜਾਬੀ ਸਰੋਤਿਆਂ ਦੀ ਜੁਬਾਨ ਤੇ ਅਜੇ ਵੀ ਤਾਜਾ ਹਨ। ਉਨ੍ਹਾਂ ਦਾ ਗੀਤ ‘ਲੈ ਲਾ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ’ ਪੰਜਾਬੀ ਸਰੋਤਿਆਂ ਵਲੋਂ ਬਹੁਤ ਹੀ ਪਸੰਦ ਕੀਤਾ ਗਿਆ। ਇਸ ਗੀਤ ਵਿਚ ਰਾਜ ਬਰਾੜ ਦਾ ਸਾਥ ਪ੍ਰਸਿੱਧ ਗਾਇਕ ਅਨੀਤਾ ਸਮਾਣਾ ਨੇ ਦਿੱਤਾ ਸੀ। ਇਸ ਤੋਂ ਇਲਾਵਾ ਰਾਜ ਬਰਾੜ ਨੇ ਪੰਜਾਬੀ ਫਿਲਮ ‘ਜਵਾਨੀ ਜਿੰਦਾਬਾਦ’ ਵੀ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਈ। ਰਾਜ ਬਰਾੜ ਦੇ ਲਿਖੇ ਹੋਏ ਸੈਂਕੜੇ ਗੀਤ ਪੰਜਾਬੀ ਦੇ ਵੱਖ ਵੱਖ ਗਾਇਕਾਂ ਨੇ ਗਾਏ, ਜਿਨ੍ਹਾਂ ਵਿਚ ਹਰਭਜਨ ਮਾਨ ਦਾ ਗਾਇਆ ਹੋਇਆ ਗੀਤ ‘ਭਿੱਜਗੀ ਕੁੜਤੀ ਲਾਲ ਪਸੀਨੇ ਨਾਲ ਕੁੜੇ’ ਵੀ ਜਿਕਰਯੋਗ ਹੈ। ਜਿਲਾ ਮੋਗਾ ਵਿਚ ਬਾਘਾਪੁਰਾਣਾ ਨੇੜੇ ਪੈਂਦੇ ਪਿੰਡ ਮੱਲਕੈ ਦੇ ਜੰਮਪਲ ਇਸ ਪੰਜਾਬੀ ਗਾਇਕ ਰਾਜ ਬਰਾੜ ਨੂੰ ਰਹਿੰਦੀ ਦੁਨੀਆਂ ਤੱਕ ਪੰਜਾਬੀ ਸਰੋਤੇ ਯਾਦ ਕਰਦੇ ਰਹਿਣਗੇ।