best platform for news and views

ਪੰਚਾਇਤ ਯੂਨੀਅਨ ਨੇ ਮਨਰੇਗਾ ਸੰਬੰਧੀ ਸੁਖਬੀਰ ਬਾਦਲ ਦੀ ਸ਼ਿਕਾਇਤ ਨੂੰ ਝੂਠਾ ਦੱਸਿਆ-ਕੇਂਦਰੀ ਜਾਂਚ ਟੀਮ ਨੂੰ ਦਿੱਤਾ ਮੰਗ-ਪੱਤਰ

Please Click here for Share This News

ਫ਼ਰੀਦਕੋਟ, 10 ਜੁਲਾਈ – (ਬੀ.ਐੱਸ.ਢਿੱਲੋਂ) – ਮਗਨਰੇਗਾ ਸਕੀਮ ਤਹਿਤ ਫ਼ਰੀਦਕੋਟ ਜਿਲੇ ਵਿੱਚ ਪਿਛਲੇ ਚਾਰ ਮਹੀਨਿਆਂ ਦੌਰਾਨ ਹੋਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ‘ਚ ਕਥਿਤ ਬੇਨਿਯਮੀਆਂ ਸੰਬੰਧੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਨਰਿੰਦਰਾ ਸਿੰਘ ਡੋਗਰ ਨੂੰ ਕੀਤੀ ਸ਼ਿਕਾਇਤ ‘ਤੇ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਕੇਂਦਰੀ ਟੀਮ ਵੱਲੋਂ ਫਰੀਦਕੋਟ ਬਲਾਕ ਦੇ ਪੰਜ ਪਿੰਡਾਂ ਦਾ ਦੌਰਾ ਕੀਤਾ ਗਿਆ। ਜਿਸ ‘ਤੇ ਪੰਚਾਇਤ ਯੂਨੀਅਨ ਜਿਲਾ ਫਰੀਦਕੋਟ ਦੇ ਆਗੂਆਂ ਗੁਰਸ਼ਵਿੰਦਰ ਸਿੰਘ ਸਰਪੰਚ ਮਚਾਕੀ ਕਲਾਂ, ਬਲਵੰਤ ਸਿੰਘ ਸਰਪੰਚ ਭਾਣਾ, ਸ਼ਿਵਰਾਜ ਸਿੰਘ ਢਿੱਲੋਂ ਸਰਪੰਚ ਸਾਦਿਕ, ਰਾਜਵਿੰਦਰ ਸਿੰਘ ਪੱਪੂ ਸਰਪੰਚ ਸ਼ਿਮਰੇਵਾਲਾ, ਕੁਲਵਿੰਦਰ ਸਿੰਘ ਪੱਖੀ ਸਰਪੰਚ, ਰਾਜਵਿੰਦਰ ਸਿੰਘ ਧੌਂਸੀ ਸਰਪੰਚ ਮਹਿਮੂਆਣਾ, ਸਰਬਜੀਤ ਸਿੰਘ ਸਰਪੰਚ ਹਰਦਿਆਲੇਆਣਾ, ਮੋਹਲਾ ਸਿੰਘ ਸਰਪੰਚ ਸਾਧਾਂਵਾਲਾ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਅਤੇ ਜਿਹੜੇ ਪਿੰਡਾਂ ਵਿੱਚ ਅੱਜ ਉਹਨਾਂ ਕੇਂਦਰ ਸਰਕਾਰ ਦੇ ਅਸਰ ਰਸੂਖ ਨਾਲ ਚੈਕਿੰਗ ਟੀਮ ਭੇਜੀ ਹੈ, ਉਹਨਾਂ ਪਿੰਡਾਂ ਦੇ ਲੋਕਾਂ ਨੂੰ ਕੈਲੇਫੋਰਨੀਆ ਬਣਾਉਣ ਦੇ ਸੁਪਨੇ ਦਿਖਾਏ ਸੀ। ਪਰੰਤੂ ਸੁਖਬੀਰ ਸਿੰਘ ਬਾਦਲ ਨੇ ਫਰੀਦਕੋਟ ਹਲਕੇ ਤੋਂ ਤਿੰਨ ਵਾਰ ਸਾਂਸਦ ਰਹਿਣ ਦੇ ਬਾਵਜੂਦ ਕੁਝ ਵੀ ਨਹੀਂ ਕੀਤਾ। ਪੰਚਾਇਤ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਫਰੀਦਕੋਟ ਜਿਲੇ ਵਿੱਚ ਸਿਰਫ਼ ਦੋ ਸਾਲਾਂ ‘ਚ ਹੋਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਕਾਰਨ ਬੌਖਲਾਹਟ ‘ਚ ਹਨ ਕਿਉਂਕਿ ਅਕਾਲੀ ਦਲ ਪ੍ਰਤੀ ਲੋਕਾਂ ਦਾ ਗੁੱਸਾ ਸਿਖ਼ਰ ‘ਤੇ ਹੈ। ਜਿੱਥੇ ਇੱਕ ਪਾਸੇ ਦਸ ਸਾਲ ਸੱਤਾ ‘ਚ ਰਹਿਣ ਦੇ ਬਾਵਜੂਦ ਅਕਾਲੀ ਦਲ ਲੋਕਾਂ ਦੀ ਉਮੀਦ ‘ਤੇ ਖਰਾ ਨਹੀਂ ਉੱਤਰ ਸਕਿਆ, ਉੱਥੇ ਹੀ ਬਰਗਾੜੀ ਕਾਂਡ ਕਾਰਨ ਅਕਾਲੀ ਦਲ ਦਾ ਅਕਸ ਬੁਰੀ ਤਰਾਂ ਖਰਾਬ ਹੋ ਚੁੱਕਾ ਹੈ। ਪੰਚਾਇਤ ਯੂਨੀਅਨ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਫਰੀਦਕੋਟ ਜਿਲੇ  ‘ਚ ਤੀਸਰੇ ਸਥਾਨ ‘ਤੇ ਰਿਹਾ ਹੈ ਅਤੇ ਇਸ ਵਾਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ ਫਰੀਦਕੋਟ ਜਿਲੇ ਵਿੱਚ 60 ਹਜ਼ਾਰ ਵੋਟਾਂ ਪਿੱਛੇ ਰਿਹਾ ਹੈ। ਜਿਸ ਕਾਰਨ ਅਕਾਲੀ ਦਲ ਵਿਕਾਸ ਕਾਰਜ ਰੁਕਵਾਉਣਾ ਚਾਹੁੰਦਾ ਹੈ। ਪੰਚਾਇਤ ਯੂਨੀਅਨ ਨੇ ਕਿਹਾ ਕਿ ਫਰੀਦਕੋਟ ਤੋਂ ਮੌਜ਼ੂਦਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਹਨ ਜਿਸ ਵਿੱਚ ਉਹਨਾਂ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਦੀ ਤੌਹੀਨ ਕਰਨ ਦੇ ਦੋਸ਼ਾਂ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਕਮੇਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਜਿਸ ਕਾਰਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਐਮ.ਪੀ ਹੋਣ ਦੇ ਬਾਵਜੂਦ ਨਿੱਜੀ ਹਿੱਤਾਂ ਖਾਤਰ ਫਰੀਦਕੋਟ ਹਲਕੇ ਦੇ ਵਿਕਾਸ ਕਾਰਜਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪੰਚਾਇਤ ਯੂਨੀਅਨ ਨੇ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਕਦੇ ਵੀ ਵਿਰੋਧੀ ਧਿਰ ‘ਚ ਹੁੰਦਿਆਂ ਘਟੀਆ ਪੱਧਰ ਦੀ ਰਾਜਨੀਤੀ ਨਹੀਂ ਕੀਤੀ ਅਤੇ ਕਦੇ ਵੀ ਵਿਕਾਸ ਕਾਰਜਾਂ ‘ਚ ਅੜਿੱਕਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪੰਚਾਇਤ ਯੂਨੀਅਨ ਨੇ ਕਿਹਾ ਕਿ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਤੋਂ ਅਜਿਹੀ ਘਟੀਆ ਕਾਰਵਾਈ ਦੀ ਉਮੀਦ ਨਹੀਂ ਸੀ। ਪੰਚਾਇਤ ਯੂਨੀਅਨ ਨੇ ਸੁਖਬੀਰ ਬਾਦਲ ਨੂੰ ਖੁੱਲੀ ਚੁਣੌਤੀ ਦਿੰਦਿਆ ਕਿਹਾ ਕਿ ਉਹ ਪਿਛਲੇ ਦਸ ਸਾਲਾਂ ਦੌਰਾਨ ਹੋਏ ਵਿਕਾਸ ਕਾਰਜਾਂ ਅਤੇ ਹੁਣ ਦੋ ਸਾਲਾਂ ਦੌਰਾਨ ਹੋਏ ਵਿਕਾਸ ਕਾਰਜਾਂ ਦਾ ਫਰਕ ਦੇਖ ਲੈਣ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਸਰਪੰਚਾਂ ਵੱਲੋਂ ਜਾਂਚ ਟੀਮ ਦੇ ਅਧਿਕਾਰੀਆਂ ਨੂੰ ਮੰਗ ਪਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਅਕਾਲੀ ਦਲ ਵੱਲੋਂ ਝੂਠੀਆਂ ਸ਼ਿਕਾਇਤਾਂ ਦੇ ਕੇ ਪੰਚਾਇਤਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਪੰਚਾਂ ਨੇ ਕੇਂਦਰੀ ਜਾਂਚ ਟੀਮ ਤੋਂ ਮੰਗ ਕੀਤੀ ਕਿ ਮਨਰੇਗਾ ਸਕੀਮ ‘ਚ ਕੁਝ ਸੋਧਾਂ ਕਰਕੇ ਇਸ ਨੂੰ ਹੋਰ ਸੁਚਾਰੂ ਬਣਾ ਕੇ ਪਿੰਡਾਂ ‘ਚ ਵਿਕਾਸ ਕਾਰਜ ਤੇਜੀ ਨਾਲ ਕਰਵਾਏ ਜਾਣ ।

Please Click here for Share This News

Leave a Reply

Your email address will not be published. Required fields are marked *