ਅੰਮ੍ਰਿਤਸਰ-ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਾਸੀਆਂ ਨੂੰ ਨਵੇਂ ਵਰ•ੇ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਲ 2017 ਸਾਰੇ ਪੰਜਾਬ ਵਾਸੀਆਂ ਲਈ ਖੁਸ਼ੀਆਂ-ਖੇੜੇ ਲੈ ਕੇ ਆਵੇ ਅਤੇ ਹਰੇਕ ਦੇ ਘਰ ਸੁਖ-ਸਾਂਤੀ ਰਹੇ। ਉਨਾਂ ਨਵੇਂ ਵਰ•ੇ ਵਿਚ ਪੰਜਾਬ ਦੀ ਖੁਸ਼ਹਾਲੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਸਮੂਹ ਪੰਜਾਬੀਆਂ ਨੂੰ ਨਵੇਂ ਵਰ•ੇ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਪ੍ਰੈਸ ਵੱਲੋਂ ਆਪ ਦੇ ਸੰਭਾਵੀ ਮੁੱਖ ਮੰਤਰੀ ਬਾਰੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਗਿਣਾਏ ਗਏ ਗੁਣਾਂ ਬਾਰੇ ਪੁੱਛੇ ਜਾਣ ‘ਤੇ ਸ. ਸੁਖਬੀਰ ਸਿੰੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਕੇਵਲ ਤੇ ਕੇਵਲ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਨਕਲ ਕਰਨ ਬਾਰੇ ਸੋਚ ਰਹੇ ਹਨ, ਜਦਕਿ ਆਪ ਬਤੌਰ ਦਿੱਲੀ ਦੇ ਮੁੱਖ ਮੰਤਰੀ ਉਨਾਂ ਅਜਿਹਾ ਕੋਈ ਵੀ ਕੰਮ ਲੋਕ ਭਲੇ ਨਹੀਂ ਕੀਤਾ, ਜਿਸਦਾ ਜ਼ਿਕਰ ਕੀਤਾ ਜਾ ਸਕਦਾ ਹੋਵੇ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੇ ਜਿਹੜੇ ਗੁਣ ਆਪਣੇ ਸੰਭਾਵੀ ਮੁੱਖ ਮੰਤਰੀ ਉਮੀਦਵਾਰ ਲਈ ਗਿਣਾਏ ਹਨ, ਉਹ ਸ. ਬਾਦਲ ਤੋਂ ਵੱਧ ਕੇ ਨਹੀਂ, ਜੋ ਕਿ ਦਿਨ ਚੜਨ ਤੋਂ ਲੈ ਕੇ ਅੱਧੀ ਰਾਤ ਤੱਕ ਲੋਕਾਂ ਦੀਆਂ ਮੁਸ਼ਿਕਲਾਂ ਦਾ ਹੱਲ ਕਰਦੇ ਰਹਿੰਦੇ ਹਨ ਅਤੇ ਬਹੁਤਾ ਸਮਾਂ ਜਨਤਾ ਵਿਚ ਹੀ ਕੱਟਦੇ ਹਨ। ਉਨਾਂ ਕਿਹਾ ਕਿ ਅਜਿਹਾ ਉਮੀਦਵਾਰ ਆਮ ਆਦਮੀ ਪਾਰਟੀ ਨੂੰ ਨਹੀਂ ਮਿਲ ਸਕਦਾ, ਕਿਉਂਕਿ ਉਨਾਂ ਦੀ ਨੀਅਤ ਲੋਕਾਂ ਦੇ ਭਲੇ ਵਾਲੀ ਨਹੀਂ, ਕੇਵਲ ਨੌਟੰਕੀ ਕਰਨ ਵਾਲੀ ਹੈ। ਉਨਾਂ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਲਗਾਤਾਰ ਟਿਕਟਾਂ ਵੇਚਣ ਕਾਰਨ ਅਖਬਾਰਾਂ ਦੀਆਂ ਸੁਰਖੀਆਂ ਵਿਚ ਹੈ ਅਤੇ ਕਈ ਉਮੀਦਵਾਰਾਂ ‘ਤੇ ਪਰਚੇ ਦਰਜ ਹਨ ਅਤੇ ਅਜਿਹੇ ਵਿਚ ਪੰਜਾਬ ਦੇ ਭਲੇ ਲਈ ਕੀ ਆਸ ਕੀਤੀ ਜਾ ਸਕਦੀ ਹੈ?
ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ-ਘਰ ਨੌਕਰੀ ਦੇਣ ਦੇ ਕੀਤੇ ਜਾ ਰਹੇ ਪ੍ਰਚਾਰ ਬਾਰੇ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਕੈਪਟਨ ਦੀ ਹਾਲਤ ਇਸ ਵਕਤ ਬਹੁਤ ਤਰਸਯੋਗ ਬਣੀ ਹੋਈ ਹੈ ਅਤੇ ਉਨਾਂ ਦਾ ਸਭ ਕੁੱਝ ਦਾਅ ‘ਤੇ ਲੱਗਾ ਹੋਇਆ ਹੈ। ਉਹ ਇਸ ਕਾਰਨ ਆਖਰੀ ਕੋਸ਼ਿਸ਼ ਕਰ ਰਹੇ ਹਨ ਕਿ ਕਿਸੇ ਨਾ ਕਿਸੇ ਤਰਾਂ ਇਸ ਵਾਰ ਦਾਅ ਲੱਗ ਜਾਵੇ, ਇਸ ਲਈ ਉਹ ਹਰ ਝੂਠ ਦਾ ਸਹਾਰਾ ਲੈ ਰਹੇ ਹਨ।
ਪਠਾਨਕੋਟ ਵਿਖੇ ਹੋਏ ਅੱਤਵਾਦੀ ਹਮਲੇ ਦੇ ਇਕ ਸਾਲ ਬਾਅਦ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਬਾਰੇ ਪੁੱਛੇ ਜਾਣ ‘ਤੇ ਸ. ਬਾਦਲ ਨੇ ਕਿਹਾ ਕਿ ਇਹ ਹਮਲਾ ਪਾਕਿਸਤਾਨ ਵੱਲੋਂ ਕੀਤਾ ਗਿਆ ਹੋਣ ਕਾਰਨ ਇਹ ਅੰਤਰਰਾਸ਼ਟਰੀ ਮੁੱਦਾ ਹੈ ਅਤੇ ਕੇਂਦਰ ਸਰਕਾਰ ਇਸ ਬਾਰੇ ਲਗਾਤਾਰ ਸਬੰਧਤ ਧਿਰਾਂ ਨਾਲ ਰਾਬਤਾ ਰੱਖ ਰਹੀ ਹੈ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਜਰੀਵਾਲ ‘ਤੇ ਸਿਆਸੀ ਹਮਲਾ ਕਰਦੇ ਕਿਹਾ ਕਿ ਉਨਾਂ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ। ਨਾ ਉਹ ਪੰਜਾਬ ਦੇ ਮਾਣ-ਮੱਤੇ ਇਤਹਾਸ ਬਾਰੇ ਕੁੱਝ ਜਾਣਦੇ ਹਨ, ਨਾ ਪੰਜਾਬ ਨਾਲ ਕੋਈ ਦਰਦ ਹੈ ਅਤੇ ਨਾ ਹੀ ਪੰਜਾਬ ਦੇ ਵਿਰਸੇ ਦੀ ਕੋਈ ਸਮਝ, ਬਸ ਪੰਜਾਬ ਨੂੰ ਲੁੱਟਣਾ ਉਨਾਂ ਦਾ ਇਕੋ ਇਕ ਮਕਸਦ ਹੈ। ਉਨਾਂ ਪੰਜਾਬ ਦੇ ਲੋਕਾਂ ਨੂੰ ਅਜਿਹੇ ਠੱਗ ਬਿਰਤੀ ਵਾਲੇ ਲੋਕਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਆਪ ਤੇ ਕਾਂਗਰਸ ਦੋਵੇਂ ਝੂਠ ਦੇ ਪੁਲੰਦੇ ਹਨ। ਕੈਪਟਨ ਨੇ ਪਹਿਲਾਂ ਵੀ ਕਿਸਾਨਾਂ ਦੀਆਂ ਮੋਟਰਾਂ ਦੇ ਬਿਲ ਮੁਆਫੀ ਦਾ ਐਲਾਨ ਕੀਤਾ ਸੀ, ਪਰ ਸੱਤਾ ਵਿਚ ਆਉਂਦੇ ਸਾਰ ਮੋਟਰਾਂ ਦੇ ਬਿਲ ਲਗਾ ਦਿੱਤੇ ਸਨ। ਹੁਣ ਜੋ ਕੈਪਟਨ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰ ਰਿਹਾ ਹੈ, ਉਸਨੇ ਆਪਣੇ ਰਾਜ-ਕਾਲ ਵਿਚ ਸਰਕਾਰੀ ਨੌਕਰੀਆਂ ਭਰਨ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ ਅਤੇ ਠੇਕਾ ਪ੍ਰਣਾਲੀ ਰਾਹੀਂ ਕੰਮ ਚਲਾਇਆ ਸੀ। ਇਸੇ ਤਰਾਂ ਕੇਜਰੀਵਾਲ ਨੇ ਦਿੱਲੀ ਵਿਚ ਸਾਰੀਆਂ ਸਰਕਾਰੀ ਨੌਕਰੀਆਂ ਭਰਨ ਦਾ ਵਾਅਦਾ ਚੋਣਾਂ ਤੋਂ ਪਹਿਲਾਂ ਕੀਤਾ ਸੀ, ਪਰ ਅਜੇ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨਾਂ ਕਿਹਾ ਕਿ ਕੈਪਟਨ ਦਾ ਮੁੱਖ ਮੰਤਰੀ ਕਾਰਜਕਾਲ ਅਤੇ ਅਰਵਿੰਦ ਕੇਜਰੀਵਾਲ ਦਾ ਦਿੱਲੀ ਵਿਚਲਾ ਸਮਾਂ ਵੇਖ ਲਵੋ, ਦੋਵੇਂ ਇਕੋ ਸਿੱਕੇ ਦੇ ਦੋ ਪਹਿਲੂ ਹਨ। ਉਨਾਂ ਕਿਹਾ ਕਿ ਇਕੋ ਜਿਹੀ ਸੋਚ ਸਦਕਾ ਕਾਂਗਰਸ ਅਤੇ ਆਪ ਰਲ ਕੇ ਚੋਣਾਂ ਲੜ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਕਮਿਸ਼ਨਰ ਲੋਕ ਨਾਥ ਆਂਗਰਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਹੋਰ ਮੋਹਤਬਰ ਹਾਜ਼ਰ ਸਨ।