ਵਕੀਲਾਂ ਦੀ ਮਾਰ ਕੁੱਟ ਦਾ ਸ਼ਿਕਾਰ ਬਣੇ ਨੌਜਵਾਨ ਦੀ ਸ਼ਨਾਖਤ ਮਨਜਿੰਦਰ ਸਿੰਘ ਵਾਸੀ ਮੋਹਕਮਪੁਰਾ ਵਜੋਂ ਹੋਈ ਹੈ। ਉਸ ਦੇ ਨਾਲ ਉਸ ਦੇ ਪਿਤਾ ਗੁਰਮੇਜ ਸਿੰਘ ਸਾਬਕਾ ਫੌਜੀ ਵੀ ਸਨ, ਜਿਨ੍ਹਾਂ ਨੂੰ ਉਹ ਮਿਲਟਰੀ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਜਾ ਰਿਹਾ ਸੀ। ਗੁਰਮੇਜ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਆਵਾਜਾਈ ਰੋਕ ਕੇ ਬੈਠੇ ਵਕੀਲਾਂ ਨੂੰ ਅਪੀਲ ਕੀਤੀ ਕਿ ਉਸ ਦੇ ਪਿਤਾ ਠੀਕ ਨਹੀਂ ਹਨ, ਉਨ੍ਹਾਂ ਨੂੰ ਛਾਤੀ ਵਿੱਚ ਦਰਦ ਹੋ ਰਹੀ ਹੈ ਅਤੇ ਉਹ ਇਲਾਜ ਲਈ ਲੈ ਕੇ ਜਾ ਰਿਹਾ ਹੈ, ਉਸ ਨੂੰ ਜਾਣ ਦਿੱਤਾ ਜਾਵੇ ਪਰ ਆਵਾਜਾਈ ਰੋਕ ਕੇ ਬੈਠੇ ਪ੍ਰਦਰਸ਼ਨਕਾਰੀ ਵਕੀਲਾਂ ਨੇ ਉਸ ਦੀ ਕੋਈ ਸੁਣਵਾਈ ਨਾ ਕੀਤੀ ਅਤੇ ਉਸ ਨੂੰ ਅਗਾਂਹ ਜਾਣ ਤੋਂ ਰੋਕਦਿਆਂ ਬੇਦਰਦੀ ਨਾਲ ਮਾਰਕੁਟ ਕੀਤੀ। ਫਿਲਹਾਲ ਪੀੜਤ ਪਰਿਵਾਰ ਵਲੋਂ ਇਸ ਸਬੰਧ ਵਿੱਚ ਕੋਈ ਪੁਲੀਸ ਸ਼ਿਕਾਇਤ ਦਰਜ ਨਹੀਂ ਕਰਾਈ ਗਈ ਹੈ। ਉਨ੍ਹਾਂ ਆਖਿਆ ਕਿ ਪਰਿਵਾਰ ਇਸ ਸਮਰਥ ਨਹੀਂ ਹੈ ਕਿ ਵਕੀਲਾਂ ਨਾਲ ਮੱਥਾ ਲਾ ਕੇ ਕਾਨੂੰਨੀ ਲੜਾਈ ਲੜ ਸਕੇ। ਇਸ ਘਟਨਾ ਦੀ ਮੌਕੇ ਉੱਤੇ ਹਾਜ਼ਰ ਲੋਕਾਂ ਨੇ ਸਖ਼ਤ ਨਿੰਦਾ ਕੀਤੀ ਹੈ। ਇਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵਲੋਂ ਅੱਜ ਇੱਥੇ ਪੁਲੀਸ ਵਧੀਕੀ ਖਿਲਾਫ ਧਰਨਾ ਦਿੱਤਾ ਗਿਆ ਸੀ। ਐਸੋਸੀਏਸ਼ਨ ਵਲੋਂ ਦੋਸ਼ ਲਾਇਆ ਗਿਆ ਹੈ ਕਿ ਪੁਲੀਸ ਨੇ ਪੰਜ ਦਸੰਬਰ ਨੂੰ ਇੱਕ ਵਕੀਲ ਬਲਵਿੰਦਰ ਸਿੰਘ ਗਿੱਲ ਦੇ ਖਿਲਾਫ ਝੂਠਾ ਕੇਸ ਦਰਜ ਕੀਤਾ ਹੈ। ਉਸ ਨੇ ਦੱਸਿਆ ਕਿ 29 ਦਸੰਬਰ ਨੂੰ ਗੁੰਮਟਾਲਾ ਪੁਲੀਸ ਵਲੋਂ ਫੋਨ ਰਾਹੀਂ ਇਤਲਾਹ ਦਿੱਤੀ ਗਈ ਸੀ ਕਿ ਉਸ ਦੀ ਕਾਰ ਦੇ ਰਾਹੀਂ ਗੁੰਮਟਾਲਾ ਬਾਈਪਾਸ ਸੜਕ ‘ਤੇ ਹਾਦਸਾ ਵਾਪਰਿਆ ਹੈ। ਇਸ ਸੂਚਨਾ ਮਗਰੋਂ ਜਦੋਂ ਉਹ ਪੁਲੀਸ ਥਾਣੇ ਗਿਆ ਤਾਂ ਪਤਾ ਲੱਗਾ ਕਿ ਸ਼ਿਕਾਇਤ ਵਿੱਚ ਜਿਸ ਕਾਰ ਦਾ ਨੰਬਰ ਦਰਜ ਕੀਤਾ ਗਿਆ ਹੈ, ਉਹ ਉਸ ਦੀ ਨਹੀਂ ਹੈ।
ਉਸ ਨੇ ਸ਼ਿਕਾਇਤ ਦਸਤਾਵੇਜ਼ ਦੀ ਕਾਪੀ ਲਈ ਅਤੇ ਘਰ ਵਾਪਸ ਆ ਗਿਆ। ਉਸ ਨੇ ਦੱਸਿਆ ਕਿ ਕੁੱਝ ਦਿਨਾਂ ਮਗਰੋਂ ਮੁੜ ਉਸ ਨੂੰ ਥਾਣੇ ਸੱਦਿਆ ਗਿਆ ਅਤੇ ਸ਼ਿਕਾਇਤ ਵਿੱਚ ਉਸ ਦੀ ਕਾਰ ਦਾ ਨੰਬਰ ਲਿਖਾਇਆ ਗਿਆ। ਵਕੀਲ ਸ੍ਰੀ ਗਿੱਲ ਨੇ ਦੋਸ਼ ਲਾਇਆ ਕਿ ਪੁਲੀਸ ਨੇ ਜਾਣਬੁੱਝ ਕੇ ਉਸ ਖਿਲਾਫ਼ ਝੂਠਾ ਕੇਸ ਬਣਾਉਣ ਦਾ ਯਤਨ ਕੀਤਾ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸੈਣੀ, ਜੋ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ, ਨੇ ਆਖਿਆ ਕਿ ਕਿਸੇ ਨੂੰ ਵੀ ਝੂਠੇ ਕੇਸ ਵਿੱਚ ਫਸਾਉਣ ਦਾ ਵਿਰੋਧ ਕੀਤਾ ਜਾਵੇਗਾ।
(we are thankful to punjabi tribune for publication)