ਕਮਲਜੀਤ ਸਿੰਘ ਬਨਵੈਤ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀਆਂ 14 ਵਾਰ ਦੀਆਂ ਚੋਣਾਂ ਵਿੱਚ 91 ਆਜ਼ਾਦ ਉਮੀਦਵਾਰ ਵਿਧਾਇਕ ਬਣੇ ਹਨ। ਆਜ਼ਾਦੀ ਤੋਂ ਬਾਅਦ 1951 ਵਿੱਚ ਪਹਿਲੀ ਵਾਰ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਪਿਛਲੀ ਵਾਰ 2012 ਤੱਕ ਆਜ਼ਾਦ ਉਮੀਦਵਾਰ ਜਿੱਤਦੇ ਰਹੇ ਹਨ ਤੇ ਸੱਭ ਤੋਂ ਵੱਧ 1985 ਦੀਆਂ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਮੈਦਾਨ ਵਿੱਚ ਨਿਤਰੇ ਸਨ। ਆਜ਼ਾਦ ਉਮੀਦਵਾਰ ਸਥਾਪਤ ਸਿਆਸੀ ਪਾਰਟੀਆਂ ਦੇ ਥੰਮਾਂ ਨੂੰ ਡੇਗਣ ਵਿੱਚ ਜ਼ਰੂਰ ਕਾਮਯਾਬ ਹੁੰਦੇ ਰਹੇ ਹਨ।
ਵਿਧਾਨ ਸਭਾ ਦੀਆਂ 1962 ਦੀਆਂ ਚੋਣਾਂ ਵਿੱਚ ਸੱਭ ਤੋਂ ਵੱਧ ਡੇਢ ਦਰਜਨ ਆਜ਼ਾਦ ਉਮੀਦਵਾਰ ਜਿੱਤ ਕੇ ਵਿਧਾਇਕ ਬਣੇ ਸਨ। 1957 ਦੀਆਂ ਚੋਣਾਂ ਵਿੱਚ 13 ਆਜ਼ਾਦ ਉਮੀਦਵਾਰਾਂ ਦੇ ਸਿਰ ਵਿਧਾੲਕ ਬਣਨ ਦਾ ਤਾਜ ਸਜਿਆ ਸੀ। 1985 ਦੀਆਂ ਚੋਣਾਂ ਵਿੱਚ 542 ਅਤੇ 1951 ਦੀਆਂ ਚੋਣਾਂ ਵਿੱਚ 446 ਆਜ਼ਾਦ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ। ਚੋਣ ਮੈਦਾਨ ਵਿੱਚ ਨਿੱਤਰਣ ਵਾਲੇ ਆਜ਼ਾਦ ਉਮੀਦਵਾਰਾਂ ਵਿੱਚੋਂ ਵਧੇਰੇ ਸਿਆਸੀ ਪਾਰਟੀਆਂ ਵਿੱਚੋਂ ਨਾਰਾਜ਼ ਹੋ ਕੇ ਆਪਣੇ ਤੌਰ ’ਤੇ ਮੁਕਾਬਲਾ ਕਰਨ ਵਾਲੇ ਹੁੰਦੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ 1951 ਦੀਆਂ ਚੋਣਾਂ ਵਿੱਚ 446 ਆਜ਼ਾਦ ਉਮੀਦਵਾਰਾਂ ਨੇ ਚੋਣ ਲੜੀ ਸੀ ਅਤੇ ਉਨ੍ਹਾਂ ਵਿੱਚੋਂ 9 ਜਿੱਤੇ ਸਨ। 1957 ਦੀਆਂ ਚੋਣਾਂ ਵਿੱਚ 260 ਆਜ਼ਾਦ ਉਮੀਦਵਾਰਾਂ ਵਿੱਚੋਂ 13 ਜਿੱਤੇ ਸਨ। 1962 ਦੀਆਂ ਚੋਣਾਂ ਵਿੱਚ 330 ਆਜ਼ਾਦ ਉਮੀਦਵਾਰਾਂ ਵਿੱਚੋਂ 18 ਦੇ ਸਿਰ ਵਿਧਾਇਕ ਦਾ ਤਾਜ ਸਜਿਆ ਸੀ। 1967 ਦੀਆਂ ਚੋਣਾਂ ਵਿੱਚ 255 ਆਜ਼ਾਦ ਉਮੀਦਵਾਰਾਂ ਨੇ ਕਿਸਮਤ ਅਜ਼ਮਾਈ ਸੀ ਤੇ 9 ਜਣੇ ਵਿਧਾਇਕ ਬਣੇ। 1969 ਦੀਆਂ ਚੋਣਾਂ ਵਿੱਚ 160 ਆਜ਼ਾਦ ਉਮੀਦਵਾਰਾਂ ਵਿੱਚੋਂ ਚਾਰ ਵਿਧਾਨ ਸਭਾ ’ਚ ਪੁੱਜਣ ਵਿੱਚ ਸਫਲ ਹੋਏ ਸਨ।
1972 ਅਤੇ 1977 ਦੀਆਂ ਚੋਣਾਂ ਵਿੱਚ ਕ੍ਰਮਵਾਰ 205 ਅਤੇ 435 ਆਜ਼ਾਦ ਉਮੀਦਵਾਰਾਂ ਟੱਕਰ ਲੇਣ ਲਈ ਸਾਹਮਣੇ ਆਏ ਸਨ ਪਰ ਕ੍ਰਮਵਾਰ 3 ਅਤੇ 2 ਦੀ ਝੋਲੀ ਹੀ ਜਿੱਤ ਪੈ ਸਕੀ ਸੀ। 1980 ਦੀਆਂ ਚੋਣਾਂ ਵਿੱਚ 376 ਵਿੱਚੋਂ 2 ਹੀ ਚੋਣ ਜਿੱਤ ਸਕੇ ਸਨ। 1992 ਵਿੱਚ ਚਾਰ ਆਜ਼ਾਦ ਉਮੀਦਵਾਰਾਂ ਦੇ ਸਿਰ ਜਿੱਤ ਦਾ ਤਾਜ ਸਜਿਆ ਸੀ ਜਦਕਿ ਕਿਸਮਤ 151 ਨੇ ਅਜ਼ਮਾਈ ਸੀ। 1997 ਦੀਆਂ ਚੋਣਾਂ ਵਿੱਚ 244 ਉਮੀਦਵਾਰਾਂ ਨੇ ਚੋਣ ਲੜੀ ਸੀ ਤੇ 6 ਜਿੱਤੇ ਸਨ। ਸਾਲ 2002 ਵਿੱਚ 9 ਆਜ਼ਾਦ ਉਮੀਦਵਾਰ ਚੋਣ ਜਿੱਤੇ ਤੇ 2007 ਦੀਆਂ ਚੋਣਾਂ ਵਿੱਚ 431 ਉਮੀਦਵਾਰ ਮੈਦਾਨ ’ਚ ਨਿਤਰੇ ਸਨ ਤੇ 5 ਜਿੱਤੇ ਸਨ। ਵਿਧਾਨ ਸਭਾ ਦੀਆਂ 2012 ਦੀਆਂ ਚੋਣਾਂ ਵਿੱਚ 3 ਆਜ਼ਾਦ ਉਮੀਦਵਾਰ ਚੋਣ ਜਿੱਤੇ ਸਨ।
(we are thankful to punjabi tribune for published this item)