ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕਾਂਗਰਸ ਦੇ ਉਮੀਦਵਾਰ ਸ੍ਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਪਾਰਲੀਮੈਂਟ ਵਿਚ ਜਾ ਕੇ ਪੰਜਾਬ ਦੇ ਨਸ਼ਿਆਂ ਬਾਰੇ ਸਵਾਲ ਕਰਨਗੇ। ਅੱਜ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਰੇਡੀਓ ‘ਤੇ ”ਮਨ ਕੀ ਬਾਤ” ਨਾਮਕ ਪ੍ਰੋਗਰਾਮ ਵਿਚ ਬੋਲਦਿਆਂ ਮੰਨਿਆ ਸੀ ਕਿ ਪੰਜਾਬ ਵਿਚ ਨਸ਼ੇ ਅਮਰਵੇਲ ਵਾਂਗ ਵਧ ਰਹੇ ਹਨ। ਉਨ੍ਹਾਂ ਸਵੀਕਾਰ ਕੀਤਾ ਸੀ ਕਿ ਪੰਜਾਬ ਦਾ 70 ਫੀਸਦੀ ਨੌਜਵਾਨ ਨਸ਼ਿਆਂ ਦੇ ਵਹਿਣ ਵਿਚ ਵਹਿ ਚੁੱਕਾ ਹੈ। ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਿਆਂ ਕਰੀਬ ਢਾਈ ਸਾਲ ਹੋ ਚੁੱਕੇ ਹਨ। ਕੇਂਦਰ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ”ਮਨ ਕੀ ਬਾਤ” ਵਿਚ ਪੰਜਾਬੀ ਨੌਜਵਾਨਾਂ ਬਾਰੇ ਗੱਲ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ ਮਗਰਮੱਛ ਦੇ ਹੰਝੂ ਹੀ ਵਹਾਏ, ਪਰ ਨੌਜਵਾਨਾਂ ਦੇ ਮੁੜ ਵਸੇਬੇ ਲਈ ਕੁਝ ਵੀ ਨਹੀਂ ਕੀਤਾ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਉਨ੍ਹਾਂ ਦੀ ਵਜਾਰਤ ਦੇ ਅਹਿਮ ਮੰਤਰੀ ਸ੍ਰੀ ਅਰੁਣ ਜੇਤਲੀ ਇਸ ਗੱਲ ਤੋ ਭਲੀ ਭਾਂਤ ਜਾਣੂ ਹਨ ਕਿ ਪੰਜਾਬ ਵਿਚ ਨਸ਼ੇ ਦਾ ਮੁਖ ਤਸਕਰ ਕੌਣ ਹੈ। ਉਨ੍ਹਾਂ ਕਿਹਾ ਕਿ ਜਗਜਾਹਿਰ ਹੋ ਚੁੱਕਾ ਹੈ ਕਿ ਜਗਦੀਸ਼ ਭੋਲਾ, ਬਿੱਟੂ ਔਲਖ, ਸੱਤਾ ਮੋਟਾ ਤੇ ਪਿੰਦਾ ਸਮੇਤ ਅਨੇਕਾਂ ਲੋਕਾਂ ਦੀ ਪੁਸ਼ਤਪਨਾਹੀ ਕੌਣ ਕਰਦਾ ਰਿਹਾ ਹੈ। ਪੰਜਾਬ ਦਾ ਬੱਚਾ ਬੱਚਾ ਇਸ ਗੱਲ ਤੋ ਜਾਣੂ ਹੈ ਕਿ ਪੰਜਾਬ ਵਿਚ ਨਸ਼ਿਆਂ ਦਾ ਸੌਦਾਗਰ ਕੌਣ ਹੈ। ਪੰਜਾਬ ਦੇ ਹਰ ਘਰ ਵਿਚ ਨਸ਼ਾ ਫੈਲਾਉਣ ਲਈ ਕੌਣ ਜਿੰਮੇਵਾਰ ਹੈ, ਨੋਜਵਾਨਾਂ ਨੂੰ ਰੋਜ਼ਗਾਰ ‘ਤੇ ਲਗਾਉਣ ਦੀ ਬਜਾਏ ਨਸ਼ਿਆਂ ‘ਤੇ ਕਿਸ ਨੇ ਲਗਾਇਆ। ਇਸ ਦੇ ਬਾਵਜੂਦ ਮੋਦੀ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਕੋਈ ਠੋਸ ਕਾਰਵਾਈ ਕਰਨ ਦੀ ਬਜਾਏ ਸਿਰਫ ਮਨ ਕੀ ਬਾਤ ਕਰਕੇ ਚੁੱਪ ਕਰ ਜਾਂਦੇ ਹਨ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ 11 ਮਾਰਚ ਤੋ ਬਾਅਦ ਪਾਰਲੀਮੈਂਟ ਹਾਉਸ ਵਿਚ ਜਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ‘ਤੇ ਲਗਾਉਣ ਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਲਈ ਸਖਤ ਸਜ਼ਾਵਾਂ ਦੀ ਮੰਗ ਕਰਨਗੇ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹ ਪਾਰਲੀਮੈਂਟ ਹਾਉਸ ਵਿਚ ਨਸ਼ੇ ਦੇ ਖਿਲਾਫ ਆਪਣੀ ਅਵਾਜ਼ ਬੁਲੰਦ ਕਰਦਿਆਂ ਹਾਉਸ ਤੋਂ ਇਹ ਮੰਗ ਕਰਨਗੇ ਕਿ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਅਜਿਹਾ ਸਖ਼ਤ ਕਾਨੂੰਨ ਲਿਆਂਦਾ ਜਾਵੇ ਜਿਸ ਨਾਲ ਇੰਨ੍ਹਾਂ ਲੋਕਾਂ ਨੂੰ ਮਿਸਾਲੀ ਸਜ਼ਾਵਾਂ ਮਿਲ ਸਕਣ ਤੇ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ।