ਗੁਜਰਾਤ : ਵਰਡ ਪੰਜਾਬੀ ਫੋਰਮ ਪਾਕਿਸਤਾਨ ਅਤੇ ਰਜ਼ਾਨ ਅਦਬੀ ਫੋਰਮ ਪਾਕਿਸਤਾਨ ਵਲੋਂ 20 ਦਸੰਬਰ ਨੂੰ ਪਾਕਿਸਤਾਨੀ ਪੰਜਾਬ ਦੇ ਸ਼ਹਿਰ ਗੁਜਰਾਤ ਵਿਖੇ ਆਲਮੀ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ਵਿਚ ਦੁਨੀਆਂ ਭਰ ਤੋਂ ਵਿਦਵਾਨ ਭਾਗ ਲੈਣਗੇ।
ਕਾਨਫਰੰਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਸਿੱਧ ਸਾਹਿਤਕਾਰ ਅਫਜ਼ਲ ਰਾਜ਼ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਨੂੰ ਦੁਨੀਆਂ ਭਰ ਵਿਚ ਪ੍ਰਫੁੱਲਿਤ ਕਰਨ ਲਈ ਜਰੂਰੀ ਹੈ ਕਿ ਦੁਨੀਆਂ ਭਰ ਦੇ ਸਾਹਿਤਕਾਰਾਂ ਨੂੰ ਇਕ ਮੰਚ ਮੁਹਈਆ ਕਰਵਾਇਆ ਜਾਵੇ। ਇਸੇ ਮਕਸਦ ਨਾਲ ਗੁਜਰਾਤ ਵਿਖੇ 20 ਦਸੰਬਰ ਨੂੰ ਆਲਮੀ ਪੰਜਾਬੀ ਕਾਨਫਰੰਸ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕਾਨਫਰੰਸ ਵਿਚ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਦੇ ਸਾਹਿਤਕਾਰਾਂ ਵਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਅਤੇ ਪੰਜਾਬੀ ਭਾਸ਼ਾ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਕਾਨਫਰੰਸ ਲਈ ਸਾਰੇ ਦੇਸ਼ਾਂ ਵਿਚ ਵਸਦੇ ਪੰਜਾਬੀ ਸਾਹਿਤਕਾਰਾਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਵਿਚ ਵੀ ਪੰਜਾਬੀ ਸਾਹਿਤਕਾਰਾਂ ਵਲੋਂ ਇਸ ਕਾਨਫਰੰਸ ਲਈ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਹੋਰ ਸਾਹਿਤਕ ਸੰਸਥਾਵਾਂ ਤੋਂ ਵੀ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਪਾਕਿਸਤਾਨ ਵਿਚ ਇਹ ਆਪਣੀ ਤਰਾਂ ਦੀ ਪਹਿਲੀ ਆਲਮੀ ਪੰਜਾਬੀ ਕਾਨਫਰੰਸ ਹੋਵੇਗੀ।