best platform for news and views

ਪਰਾਲੀ ਤੋਂ ਪ੍ਰਦੂਸ਼ਣ: ਕੰਬਾਈਨ ਨਿਰਮਾਤਾਵਾਂ ਨੂੰ ਵਿਸ਼ੇਸ਼ ਯੰਤਰ ਲਗਾਉਣ ਦਾ ਹੁਕਮ

Please Click here for Share This News

ਹਮੀਰ ਸਿੰਘ
ਚੰਡੀਗੜ੍ਹ, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪ੍ਰਦੂਸ਼ਣ ਦਾ ਮੁੱਦਾ ਕੋਈ ਵੱਡੇ ਮੁੱਦੇ ਦੇ ਤੌਰ ਉੱਤੇ ਨਹੀਂ ਉੱਭਰਿਆ ਪਰ  ਪੰਜਾਬ ਅਤੇ ਹਰਿਆਣਾ ਦੀ ਪਰਾਲੀ ਤੋਂ ਪੈਦਾ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਕੌਮੀ ਗ੍ਰੀਨ ਟ੍ਰਿਬਿਊਨਲ ਵੱਲੋਂ ਕੀਤੀ ਸਖ਼ਤੀ ਦੇ ਮੱਦੇਨਜ਼ਰ ਸਰਕਾਰਾਂ ਸਰਗਰਮ ਹੋ ਗਈਆਂ ਹਨ। ਪੰਜਾਬ ਸਰਕਾਰ ਨੇ ਸੂਬੇ ਦੇ ਕੰਬਾਈਨ ਨਿਰਮਾਤਾਵਾਂ ਨੂੰ ਕੰਬਾਈਨਾਂ ਉੱਤੇ ਪਰਾਲੀ ਦਾ ਕਚਰਾ ਕਰਨ ਵਾਲਾ ਵਿਸ਼ੇਸ਼ ਯੰਤਰ ਲਗਾਉਣ ਦਾ ਹੁਕਮ ਦਿੱਤਾ ਹੈ।
ਲੁਧਿਆਣਾ ਵਿੱਚ ਮੰਗਲਵਾਰ ਨੂੰ ਹੋਈ ਮੀਟਿੰਗ ਵਿੱਚ ਨਵੀਆਂ ਕੰਬਾਇਨਾਂ ਉੱਤੇ ਲੋੜੀਂਦਾ ਪ੍ਰਬੰਧ ਕਰਨ ਉੱਤੇ ਸਹਿਮਤੀ ਹੋ ਗਈ ਹੈ ਅਤੇ ਪਹਿਲਾਂ ਹੀ ਚੱਲ ਰਹੀਆਂ ਕੰਬਾਈਨਾਂ ਬਾਰੇ ਬਾਅਦ ਵਿੱਚ ਵਿਚਾਰ ਕੀਤਾ ਜਾਵੇਗਾ। ਪੰਜਾਬ ਦੇ ਟ੍ਰਾਂਸਪੋਰਟ ਕਮਿਸ਼ਨਰ ਨੇ ਵੀ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਬੁਲਾ ਰੱਖੀ ਹੈ ਜਿਸ ਵਿੱਚ ਕੰਬਾਈਨਾਂ ਦੀ ਰਜਿਸਟ੍ਰੇਸ਼ਨ ਦਾ ਮਾਮਲਾ ਵਿਚਾਰਿਆ ਜਾਣਾ ਹੈ।
ਪਿਛਲੇ ਸੀਜ਼ਨ ਵਿੱਚ ਦਿੱਲੀ ਵਿੱਚ ਕਈ ਦਿਨਾਂ ਤੱਕ ਪ੍ਰਦੂਸ਼ਣ ਦੇ ਬੱਦਲ ਬਣੇ ਰਹਿਣ ਲਈ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਨੂੰ ਲਗਾਈ ਅੱਗ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਪਰ ਰਾਜ ਸਰਕਾਰਾਂ ਨੇ ਇਸ ਨੂੰ ਖਾਰਿਜ ਕਰ ਦਿੱਤਾ। ਕੌਮੀ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ  ਪੰਜਾਬ ਅਤੇ ਹਰਿਆਣਾ ਨੂੰ ਅਗਲੇ ਸੀਜ਼ਨ ਦੌਰਾਨ ਘੱਟੋ ਘੱਟ ਇੱਕ ਇੱਕ ਜ਼ਿਲ੍ਹੇ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਮੁਕਤ ਕਰਨ ਦਾ ਹੁਕਮ ਦਿੱਤਾ ਸੀ। ਪੰਜਾਬ ਸਰਕਾਰ ਨੇ ਪਾਇਲਟ ਪ੍ਰੋਜੈਕਟ ਵਜੋਂ ਪਟਿਆਲਾ ਅਤੇ ਹਰਿਆਣਾ ਨੇ ਕਰਨਾਲ ਨੂੰ ਚੁਣਿਆ ਹੈ। ਇਸ ਸਬੰਧੀ ਮੁੱਖ ਸਕੱਤਰ ਸਰਵੇਸ਼ ਕੌਸ਼ਲ ਦੀ ਅਗਵਾਈ ਵਿੱਚ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਪੰਜਾਬ ਵਿੱਚ ਤਕਨੀਕ ਇਜ਼ਾਦ ਹੋ ਚੁੱਕੀ ਹੈ ਜਿਸ ਨਾਲ ਜੇਕਰ ਸਬੰਧਿਤ ਯੰਤਰ ਕੰਬਾਈਨ ਉੱਤੇ ਲਗਾਇਆ ਜਾਵੇ ਤਾਂ ਪਰਾਲੀ ਦਾ ਇਹ ਕੁਤਰਾ ਕਰ ਦਿੰਦਾ ਹੈ। ਇਸ ਤੋਂ ਬਾਅਦ ਇਸ ਨੂੰ ਫੂਕਣ ਦੀ ਜ਼ਰੂਰਤ ਨਹੀਂ ਹੁੰਦੀ।
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ, ਖੇਤੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਸਮੇਤ ਤਿੰਨ ਦਰਜ਼ਨ ਦੇ ਕਰੀਬ ਕੰਬਾਈਨ ਨਿਰਮਾਤਾ, ਹੋਰ ਮਸ਼ੀਨੀਰੀ ਦਾ ਨਿਰਮਾਣ ਕਰਨ ਵਾਲੇ ਅਤੇ ਕਿਸਾਨਾਂ ਦੀ ਮੀਟਿੰਗ ਦੌਰਾਨ ਇਸ ਗੱਲ ਉੱਤੇ ਸਹਿਮਤੀ ਬਣ ਗਈ ਕਿ ਨਵੀਆਂ ਕੰਬਾਈਨਾਂ ਉੱਤੇ ਯੰਤਰ ਲਗਾ ਦਿੱਤਾ ਜਾਵੇਗਾ। ਪੰਜਾਬ ਦੇ ਵੱਡੀ ਕੰਬਾਈਨ ਨਿਰਮਾਤਾ ਕੰਪਨੀ ਦੇ ਮਾਲਕ ਹਰੀ ਸਿੰਘ ਨੇ ਕਿਹਾ ਕਿ ਨਿਰਮਾਤਾ ਤਾਂ ਯੰਤਰ ਲਗਾਉਣ ਲਈ ਤਿਆਰ ਹਨ ਪ੍ਰੰਤੂ ਇਸ ਨਾਲ ਤੇਲ ਦੀ ਖ਼ਪਤ ਵਧ ਜਾਵੇਗੀ ਅਤੇ ਕੰਬਾਈਨ ਦੀ ਕਟਾਈ ਦੀ ਸਮਰੱਥਾ ਘਟ ਜਾਵੇਗੀ। ਮੀਟਿੰਗ ਦੌਰਾਨ ਕਿਸਾਨਾਂ ਨੂੰ ਇਸ ਮੁੱਦੇ ਉੱਤੇ ਸਬਸਿਡੀ ਦੇਣ ਦਾ ਮੁੱਦਾ ਵੀ ਉਠਾਇਆ। ਸਰਕਾਰ ਸਬਸਿਡੀ ਦੇ ਮੁੱਦੇ ਉੱਤੇ ਸਹਿਮਤ ਵੀ ਹੈ, ਇਸ ਦੀ ਮਾਤਰਾ ਬਾਰੇ ਫੈਸਲਾ ਬਾਅਦ ਵਿੱਚ ਕੀਤਾ ਜਾਵੇਗਾ। ਮੀਟਿੰਗ ਵਿੱਚ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਕਿ ਪਰਾਲੀ ਸਾੜਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇੱਕ ਅਨੁਮਾਨ ਅਨੁਸਾਰ ਪੰਜਾਬ ਵਿੱਚ ਪੰਦਰਾਂ ਹਜ਼ਾਰ ਤੋਂ ਵੱਧ ਕੰਬਾਈਨਾਂ ਹਨ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟ੍ਰਾਂਸਪੋਰਟ ਕਮਿਸ਼ਨਰ ਵੱਲੋਂ ਬੁਲਾਈ ਮੀਟਿੰਗ ਵਿੱਚ ਵੀ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ, ਕੰਬਾਈਨ ਤੇ ਹੋਰ ਮਸ਼ੀਨਰੀ ਦੇ ਨਿਰਮਾਤਾ ਅਤੇ ਕੁਝ ਕਿਸਾਨਾਂ ਨੂੰ ਵੀ ਬੁਲਾਇਆ ਗਿਆ ਹੈ। ਸਰਕਾਰ ਇਸ ਗੱਲ ਉੱਤੇ ਖੜੀ ਹੈ ਕਿ ਪ੍ਰਦੂਸ਼ਣ ਰੋਕਣ ਵਾਲਾ ਯੰਤਰ ਲਗਾਏ ਬਿਨਾਂ ਕੰਬਾਈਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਸਕੇਗੀ।

ਮੁੱਦਾ ਕਿਸਾਨਾਂ ਦੀ ਜਾਗਰੂਕਤਾ ਨਾਲ ਜੁੜਿਆ: ਅਧਿਕਾਰੀ
ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਮੁੱਦਾ ਕਿਸਾਨਾਂ ਦੀ ਜਾਗਰੂਕਤਾ ਨਾਲ ਵੀ ਜੁੜਿਆ ਹੋਇਆ ਹੈ। ਪਟਿਆਲਾ ਜ਼ਿਲ੍ਹੇ ਵਿੱਚ ਵਿਧਾਨ ਸਭਾ ਚੋਣਾਂ ਦੇ ਦੌਰਾਨ ਵੀ ਜਾਗਰੂਕਤਾ ਕੈਂਪ ਲਗਾਏ ਗਏ। ਇਨ੍ਹਾਂ ਵਿੱਚ ਅੱਗ ਨਾਲ ਹੋਣ ਵਾਲੇ ਨੁਕਸਾਨ  ਬਾਰੇ  ਜਾਣਕਾਰੀ ਦਿੱਤੀ ਜਾਂਦੀ ਹੈ। ਜੇ ਕੰਬਾਈਨਾਂ ਉੱਤੇ ਯੰਤਰ ਲੱਗ ਜਾਵੇਗਾ ਤਾਂ ਕੰਬਾਈਨ ਮਾਲਕਾਂ ਦਾ ਤੇਲ ਦਾ ਖਰਚਾ ਵਧਣ ਅਤੇ ਕਟਾਈ ਦੀ ਸਮਰੱਥਾ ਘਟਨ ਕਾਰਨ ਕੁਝ ਜ਼ਿਆਦਾ ਵਿੱਤੀ ਬੋਝ ਪਵੇਗਾ ਪਰ ਕਿਸਾਨਾਂ ਦੀ ਬਿਜਾਈ ਦਾ ਖ਼ਰਚ ਪਹਿਲਾਂ ਨਾਲੋਂ ਘਟਣ ਦੇ ਆਸਾਰ ਹਨ।

(we are thankful to punjabi tribune for publish this item)

Please Click here for Share This News

Leave a Reply

Your email address will not be published. Required fields are marked *