best platform for news and views

ਨੌਜਵਾਨ ਪੀੜੀ ਨੂੰ ਵਿਰਸੇ ਨਾਲ ਜੋੜਨ ਲਈ ਕੀਤੇ ਜਾਣਗੇ ਵਿਸ਼ੇਸ਼ ਯਤਨ – ਕੈਬਨਿਟ ਮੰਤਰੀ ਸਿੱਧੂ

Please Click here for Share This News
ਰਾਜਨ ਮਾਨ
ਅੰਮਿ੍ਤਸਰ,  24 ਸਤੰਬਰ : ਪੰਜਾਬ ਕਲਾ ਪਰਿਸ਼ਦ ਵਲੋਂ ਅੱਜ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਵਿਖੇ ਮਹਾਨ ਕਵੀ ਸ਼੍ਰੀ ਧਨੀ ਰਾਮ ਚਾਤਰਿਕ ਦੇ 141ਵੇਂ ਜਨਮ ਦਿਨ ਮੌਕੇ ਚਾਤਿ੍ਰਕ ਯਾਦਗਾਰੀ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਸ਼ਾਮਲ ਹੋਏ।
          ਸ. ਸਿੱਧੂ ਨੇ ਇਸ ਮੌਕੇ ਸ਼ਾਮਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਾਨੂੰ ਸਾਰਿਆਂ  ਨੂੰ ਆਪਣਾ ਸਭਿਆਚਾਰ ਬਚਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਸਾਡੀ ਨੌਜਵਾਨ ਪੀੜੀ ਆਪਣੇ ਗੌਰਵਮਈ ਵਿਰਸੇ ਤੇ ਇਤਿਹਾਸ ਨੂੰ ਭੁੱਲ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨਾਂ ਕਿਹਾ ਕਿ ਪੰਜਾਬੀ ਵਿਰਸੇ ਨੂੰ ਬਚਾਉਣ ਲਈ ਸੂਬਾ ਸਰਕਾਰ ਅਤੇ ਪੰਜਾਬ ਕਲਾ ਪਰਿਸ਼ਦ ਵਲੋਂ ਯਤਨ ਅਰੰਭੇ ਗਏ ਹਨ ਜਿਸ ਤਹਿਤ ਅੱਜ ਮਹਾਨ ਕਵੀ ਧਨੀਰਾਮ ਚਾਤਿ੍ਰਕ ਦੀ ਯਾਦ ਵਿਚ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਪੰਜਾਬ ਕਲਾ ਪਰਿਸ਼ਦ ਨੇ ਚੰਡੀਗੜ ਵਿਚੋਂ ਬਾਹਰ ਨਿਕਲ ਕੇ ਪੰਜਾਬ ਦੇ 12 ਹਜ਼ਾਰ ਪਿੰਡਾਂ ਵਿਚ ਆਪਣੇ ਸਭਿਆਚਾਰ ਅਤੇ ਵਿਰਸੇ ਨੂੰ ਬਚਾਉਣ ਲਈ ਮੁਹਿੰਮ ਆਰੰਭ ਕਰ ਦਿੱਤੀ ਅਤੇ ਇਸੇ ਹੀ ਮੁਹਿੰਮ ਦੇ ਤਹਿਤ ਅੱਜ ਇਹ ਪਹਿਲਾ ਸਮਾਗਮ ਕਰਵਾਇਆ ਜਾ ਰਿਹਾ ਹੈ। ਸ. ਸਿੱਧੂ ਨੇ ਵਿਰਾਸਤ ਨੂੰ ਸਾਂਭਣ ਦੇ ਪ੍ਰੋਜੈਕਟ ਲਈ ਪੰਜਾਬ ਕਲਾ ਪਰਿਸ਼ਦ ਨੂੰ 1 ਕਰੋੜ ਦੀ ਰੁਪਏ ਮਾਲੀ ਮਦਦ ਦੇਣ ਦਾ ਐਲਾਨ ਵੀ ਕੀਤਾ।
          ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਅਸੀ ਅੱਜ ਮਹਾਨ ਕਵੀ ਧਨੀ ਰਾਮ ਚਾਤਿ੍ਰਕ ਦੀ ਜਨਮ ਭੋਂਇ ਨੂੰ ਮੱਥਾ ਟੇਕਣ ਆਏ ਹਾਂ। ਉਨਾਂ ਕਿਹਾ ਕਿ ਸਾਡਾ ਸਭਿਆਚਾਰ ਅਧੁਨਿਕ ਚਕਾਚੌਂਧ ‘ਚ ਗਵਾਚ ਰਿਹਾ ਹੈ, ਜਿਸਨੂੰ ਬਚਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਆਪਣੇ ਸਭਿਆਚਾਰ ਨਾਲ ਜੋੜਨ ਲਈ ਪੰਜਾਬ ਕਲਾ ਪਰਿਸ਼ਦ ਵੱਲੋਂ ਯਤਨ ਕੀਤੇ ਜਾਣਗੇ ਅਤੇ ਕਲਾ ਪਰਿਸ਼ਦ ਦੇ ਸਾਰੇ ਮੈਬਰ ਪੰਜਾਬ ਦੇ 12 ਹਜ਼ਾਰ ਪਿੰਡਾਂ ‘ਚ ਜਾ ਕੇ ਲੋਕਾਂ ‘ਚ ਆਪਣੇ ਵਿਰਸੇ ਨੂੰ ਸਾਂਭਣ ਦੀ ਅਲਖ ਜਗਾਉਣਗੇ। ਉਨਾਂ ਕਿਹਾ ਕਿ ਕਲਾ ਪ੍ਰੀਸ਼ਦ ਵੱਲੋਂ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦੇ ਵਿਸ਼ੇਸ਼ ਯਤਨ ਕੀਤੇ ਜਾਣਗੇ। ਸ੍ਰੀ ਪਾਤਰ ਨੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਭਵਿੱਖ ਹੋ ਅਤੇ ਆਪਣੇ ਵਿਰਸੇ ਦੀ ਸੰਭਾਲ ਕਰਨੀ ‘ਤੇ ਇਸਨੂੰ ਅੱਗੇ ਵਧਾੳੇਣਾ ਤੁਹਾਡੀ ਜਿੰਮੇਵਾਰੀ ਹੈ। ਉਨਾਂ ਇਸ ਮੌਕੇ ਮਹਾਨ ਕਵੀ ਧਨੀਰਾਮ ਚਾਤਿ੍ਰਕ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਵੀ ਚਾਨਣਾ ਪਾਇਆ।
          ਇਸ ਮੌਕੇ ਸ. ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੇ ਕਿਹਾ ਕਿ ਪੰਜਾਬ ਕਲਾ ਪਰਿਸ਼ਦ ਨੂੰ ਜ਼ਿਲਾ ਪ੍ਰਸ਼ਾਸਨ ਵਲੋ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਾਨੂੰ ਇਸ ਤਰਾਂ ਦੇ ਸਮਾਗਮ ਵੱਧ ਤੋਂ ਵੱਧ ਕਰਾਉਣ ਦੀ ਲੋੜ ਹੈ ਤਾਂ ਜੋ ਵਿਰਸੇ ਦੀ ਸੰਭਾਲ ਦੀ ਇੱਕ ਲੋਕ ਲਹਿਰ ਪੈਦਾ ਹੋ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕਲਾ ਪ੍ਰੀਸ਼ਦ ਦੇ ਇਹ ਯਤਨ ਜਰੂਰ ਰੰਗ ਲਿਆਉਣਗੇ।
          ਇਸ ਮੌਕੇ ਸਕੂਲੀ ਬੱਚਿਆਂ ਵਲੋ ਧਨੀ ਰਾਮ ਚਾਤਿ੍ਰਕ ਦੀਆਂ ਕਵਿਤਾਵਾਂ ਵੀ ਸੁਣਾਈਆਂ ਗਈਆਂ। ਇਸ ਮੌਕੇ ਵਿਸ਼ੇਸ ਤੌਰ ਤੇ ਮੈਡਮ ਹਰਵਿੰਦਰ ਹੁੰਦਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਧਨੀ ਰਾਮ ਚਾਤਿ੍ਰਕ ਦੀ ਰਚਨਾ ‘ਕੀ ਸਿਫਤ ਕਰਾਂ ਪੰਜਾਬ ਤੇਰੀ’ ਦਾ ਗਾਇਨ ਕੀਤਾ। ਇਸ ਮੋਕੇ ਪ੍ਰੋ: ਰਤਨ ਸਿੰਘ ਭਾਟੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਅਤੇ ਡਾ: ਸੁਰਜੀਤ ਸਿੰਘ ਨੇ ਵੀ ਧਨੀ ਰਾਮ ਚਾਤਿ੍ਰਕ ਦੇ ਜੀਵਨ ਤੇ ਚਾਣਨਾ ਪਾਇਆ।
          ਇਸ ਸਮਾਗਮ ਵਿਚ ਹੋਰਨਾ ਤੋ ਇਲਾਵਾ ਸ਼੍ਰੀ ਰਜਤ ਓਬਰਾਏ ਐਸ.ਡੀ.ਐਮ ਅਜਨਾਲਾ, ਮੈਡਮ ਕਿਰਨ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ, ਪ੍ਰੋ: ਲਖਵਿੰਦਰ ਸਿੰਘ ਜੌਹਲ, ਡਾ: ਹਰਭਜਨ ਸਿੰਘ ਭਾਟੀਆ, ਸ: ਅਮਰ ਸਿੰਘ, ਸ: ਕੈਮੀ ਢਿਲੋਂ, ਸ਼੍ਰੀ ਕੇਵਲ ਧਾਲੀਵਾਲ ਨਿਰਦੇਸ਼ਕ ਮੰਚ ਰੰਗਮੰਚ ਤੋਂ ਇਲਾਵਾ ਸਕੂਲ ਦੇ ਪਿ੍ਰੰਸੀਪਲ ਸ: ਬਲਰਾਜ ਸਿੰਘ ਢਿਲੋਂ ਹਾਜਰ ਸਨ। ਇਸ ਮੌਕੇ ਲੋਪੋਕੇ ਬ੍ਰਦਰਜ ਵਲੋਂ ਵੀ ਧਨੀ ਰਾਮ ਚਾਤਿ੍ਰਕ ਦੀ ਕਵਿਤਾ ਸੁਣਾਈ ਗਈ। ਇਸ ਉਪਰੰਤ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ ਪ੍ਰੀਤ ਨਗਰ ਲੋਪੋਕੇ ਵਿਖੇ ਵੀ ਪੰਜਾਬ ਕਲਾ ਪਰਿਸ਼ਦ ਵਲੋਂ ਕਰਾਏ ਗਏ ਸਮਾਗਮ ‘ਚ ਸ਼ਾਮਲ ਹੋਏ। ਇਸ ਮੌਕੇ ਪੰਜਾਬ ਕਲਾ ਪਰਿਸਦ ਵਲੋ ਸ: ਨਵਜੋਤ ਸਿੰਘ ਸਿੱਧੂ ਨੂੰ ਫੁਲਕਾਰੀ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਸ: ਸੁਰਜੀਤ ਸਿੰਘ ਪਾਤਰ ਨੂੰ ਵੀ ਫੁਲਕਾਰੀ ਦੇ ਕੇ ਸਨਮਾਨਤ ਕੀਤਾ ਗਿਆ।
Please Click here for Share This News

Leave a Reply

Your email address will not be published. Required fields are marked *