best platform for news and views

ਨਿੱਤ ਪੱਤਣਾਂ ਤੋਂ ਠੇਲਦੇ ਉਹ ਜ਼ਿੰਦਗੀ, ਕਿਸੇ ਨੇ ਆ ਸਾਰ ਨਾ ਲਈ

Please Click here for Share This News

ਬੇੜਾ ਜਿਹਨਾ ਦੀ ਜ਼ਿੰਦਗੀ ਦਾ ਬੇੜਾ ਪਾਰ ਲਾਉਂਦਾ

ਰਾਜਨ ਮਾਨ
ਭਰਿਆਲ ਸੈਕਟਰ ( ਭਾਰਤ-ਪਾਕਿ ਸਰਹੱਦ ) : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਗੁਰਦਾਸਪੁਰ ਜਿਲ•ੇ ਦੇ ਭਰਿਆਲ ਸੈਕਟਰ  ਦੇ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਅੱਜ 21ਵੀਂ ਸਦੀ ਵਿੱਚ ਵੀ ਦਰਿਆ ਤੇ ਪੁੱਲ ਨਾ ਹੋਣ ਕਾਰਨ ਬੇੜਿਆਂ ਵਿੱਚ ਸਵਾਰ ਹੋ ਆਪਣੀ ਜ਼ਿੰਦਗੀ ਨੂੰ ਪੱਤਣ ਤੋਂ ਠੇਲਕੇ ਜੀਵਨ ਦੀ ਹਰ ਸਵੇਰ ਦੀ ਸ਼ੁਰੂਆਤ ਕਰਦੇ ਹੋਏ 18ਵੀਂ ਸਦੀ ਦੀ ਤਰ•ਾਂ ਦਿਨ ਬਸਰ ਕਰ ਰਹੇ ਹਨ।ਪੰਜਾਬ ਦੇ ਟਾਪੂ ਤੇ ਜਿੰਦਗੀ ਬਸਰ ਕਰ ਰਹੇ ਇਹਨਾਂ ਲੋਕਾਂ ਦਾ ਦਰਦ ਸੁਣਨ ਵਾਲਾ ਕੋਈ ਨਹੀਂ ਹੈ।ਇੱਕ ਬੇੜਾ ਹੀ ਇਹਨਾਂ ਦੀ ਜ਼ਿੰਦਗੀ ਦਾ ਬੇੜਾ ਪਾਰ ਲਾਉਂਦਾ ।
ਅੱਜ ਫਿਰ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੀ ਜ਼ਿਮਨੀ ਚੋਣ ਹੋਣ ਜਾ ਰਹੀ  ਹੈ,ਪਹਿਲਾਂ ਦੀ ਤਰ੍ਹਾਂ ਇਸਵਾਰ  ਵੀ ਲੀਡਰਾਂ ਵਲੋਂ ਇਹਨਾਂ ਭੋਲੇ ਭਾਲੇ ਲੋਕਾਂ ਨਾਲ ਕਈ ਵਾਅਦੇ ਕੀਤੇ ਜਾਣਗੇ ,ਜਿਹੜੇ ਕਿ ਪਹਿਲਾਂ ਕਈ ਦਹਾਕਿਆਂ ਤੋਂ ਸੁਣ ਸੁਣ ਕੇ ਇਹਨਾਂ ਲੋਕਾਂ ਦੇ ਕੰਨ ਪੱਕ ਗਏ  ਹਨ। ਵਾਅਦਿਆਂ ਨੂੰ ਵਫਾ ਕਰਨਾ ਸ਼ਾਇਦ ਸਾਡੇ ਨੇਤਾਵਾਂ ਨੇ ਸਿੱਖਿਆ ਨਹੀਂ ਹੈ।ਇਹ ਲੀਡਰ ਢੀਠਾਂ ਦੀ ਤਰ੍ਹਾਂ ਅੱਜ ਫਿਰ ਇਹਨਾਂ ਦੀਆਂ ਬਰੂਹਾਂ ਤੇ ਵੋਟਾਂ ਦੀ ਭੀਖ ਮੰਗਣ ਲਈ ਦਸਤਕ ਦੇਣਗੇ ਤੇ ਇਹਨਾਂ ਦੁੱਖਾਂ ਦੇ ਮਾਰੇ ਭੋਲੇ ਲੋਕਾਂ ਤੋਂ ਆਪਣਾ ਮਤਲਬ ਲੈ ਕੇ ਫਿਰ  ਰਫੂ ਚੱਕਰ ਹੋ ਜਾਣਗੇ। ਤੇ ਫਿਰ ਮੈਂ ਕੌਣ ਤੇ ਤੂੰਂ ਕੌਣ। ਲੀਡਰਾਂ ਨੇ ਇਹਨਾਂ ਦੀ ਝੋਲੀ ਵਿੱਚ ਲਾਰਿਆਂ ਤੋਂ ਸਿਵਾਏ ਹੋਰ ਕੁਝ ਨਹੀਂ ਪਾਇਆ। ਜਿੱਤ ਝੋਲੀ ਵਿੱਚ ਪੈਣ ਤੇ ਲੀਡਰ ਇਹਨਾਂ ਕਰਮਾਂ ਮਾਰਿਆਂ ਤੋਂ ਮੂੰਂਹ ਮੋੜ ਲੈਂਦੇ ਨੇ। ਸਰਕਾਰ ਭਾਂਵੇਂ ਕਿਸੇ ਵੀ ਪਾਰਟੀ ਦੀ ਆਈ ਕਿਸੇ ਨੇ ਇਹਨਾਂ ਦੀ ਬਾਂਹ ਨਹੀਂ ਫੜੀ।
ਪੰਜਾਬ ਦੇ ਟਾਪੂ ਦੇ ਨਾਮ ਨਾਲ ਜਾਣੇ ਜਾਦੇ ਇਸ ਖੇਤਰ ਦੇ ਲੋਕ ਅੱਜ ਵੀ ਅਨੇਕਾਂ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਜਦ ਕਦੇ ਵੀ ਭਾਰਤ ਪਾਕਿਸਤਾਨ ਵਿਚਕਾਰ ਤਣਾਪੂਰਵਕ ਸਥਿਤੀ ਪੈਦਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਲੋਕਾਂ ਤੇ ਖਤਰੇ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਜਾਦੇ ਹਨ। ਕਈ ਵਾਰ ਉਜਾੜੇ ਦਾ ਸ਼ਿਕਾਰ ਹੋਏ ਇਹਨਾਂ ਲੋਕਾਂ ਦੀ ਦਰਦ ਭਰੀ ਦਾਸਤਾਨ ਸੁਣਨ ਵਾਲਾ ਕੋਈ ਨਹੀਂ ਹੈ। ਦੇਸ਼ ਦੀ ਆਜ਼ਾਦੀ ਦੇ 60 ਸਾਲ ਬਾਅਦ ਵੀ ਇਹਨਾਂ ਲੋਕਾਂ ਨੂੰ ਦਰਿਆ ਤੇ ਪੁੱਲ ਨਾ ਬਣਨ ਕਰਕੇ ਰੋਜ਼ਨਾਂ ਬੇੜੀਆਂ ਵਿੱਚ ਸਵਾਰ ਹੋ ਕਿ ਆਪਣੀ ਜਿੰਦਗੀ ਦਾ ਸਫਰ ਤੈਅ ਕਰਨਾ ਪੈ ਰਿਹਾ ਹੈ। ਇਹ ਖੇਤਰ ਤਿੰਨ ਪਾਸਿਆਂ ਤੋਂ ਰਾਵੀ ਅਤੇ ਉਝੱ ਦਰਿਆ ਵਿੱਚ ਘਿਰਿਆ ਹੋਇਆ ਹੈ। ਇਹ ਖੇਤਰ ਭਾਰਤ ਦਾ ਹਿੱਸਾ ਹੋਣ ਦੇ ਬਾਵਜੂਦ ਜ਼ਮੀਨੀ ਤੋਰ ਤੇ ਸਿਰਫ ਪਾਕਿਸਤਾਲ ਨਾਲ ਹੀ ਜੁੜਿਆ ਹੋਇਆ ਹੈ। ਭਾਰਤ ਵਾਲੇ ਪਾਸਿਓਂ ਦਰਿਆਵਾਂ ਨੇ ਘੇਰਿਆ ਤੇ ਪਾਕਿਸਤਾਨ ਵਾਲੇ ਪਾਸੇ ਲੱਗੀ ਕੰਡਿਆਲੀ ਤਾਰ ਨਿੱਤ ਦਿਨ ਇਹਨਾ ਦੀ ਜਿੰਦਗੀ ਵਿੱਚ ਸੂਲਾਂ ਚੋਬ ਰਹੀ ਹੈ।ਤਿੰਨ ਪਾਸੇ ਰਾਵੀ ਦਰਿਆ ਤੇ ਇੱਕ ਪਾਸੇ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਨੇ ਇਹਨਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ।
ਸਰਕਾਰ ਵਲੋਂ ਕੁਝ ਮਹੀਨੇ ਇਸ ਖੇਤਰ ਵਿੱਚ ਦਰਿਆ ਉਪਰ ਆਰਜ਼ੀ ਪਲਟੂਨ ਪੁੱਲ ਪਾਇਆ ਜਾਦਾ ਹੈ। ਪਰ ਬਾਰਸ਼ਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਪੁੱਲ ਹਟਾ ਲਿਆ ਜਾਂਦਾ ਹੇ ਅਤੇ ਇਹਨਾ ਪਿੰਡਾਂ ਦੇ ਲੋਕ ਬੇੜਿਆਂ ਵਿੱਚ ਸਵਾਰ ਹੋ ਕਿ ਆਪਣੇ ਘਰਾਂ ਨੂੰ ਆਉਦੇ ਜਾਦੇ ਹਨ। ਮੁਸੀਬਤਾਂ ਦੇ ਮਾਰੇ ਇਹਨਾਂ ਲੋਕਾਂ ਨੂੰ ਨਿੱਤ ਦਿਨ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਪਿੰਡਾਂ ਵਿੱਚ ਸਿੱਖਿਆ ਤੇ ਸਿਹਤ ਸਹੂਲਤਾਂ ਦਾ ਵੀ ਕੋਈ ਜ਼ਿਆਦਾ ਵਧੀਆ ਹਾਲ ਨਹੀਂ ਹੈ।  ਇਹਨਾਂ ਪਿੰਡ ਵਿੱਚ ਇੱਕ ਵੀ ਸੀਨੀਅਰ ਸੈਕੰਡਰੀ ਸਕੂਲ ਨਹੀ ਹੈ ਅਤੇ ਸਕੂਲ ਨਾਂ ਹੋਣ ਕਾਰਨ ਇਸ ਖੇਤਰ ਦੀਆਂ ਲੜਕੀਆਂ ਦਰਿਆ ਤੋਂ ਪਾਰ ਆਕੇ ਪੜਣ ਦੀ ਬਜਾਏ ਅੱਠਵੀਂ ਜਾਂ ਫਿਰ ਦਸਵੀਂ ਕਰਕੇ ਹੀ ਘਰਾ ਵਿੱਚ ਬੈਠ ਜਾਂਦੀਆਂ ਹਨ। ਅਜੋਕੇ ਸਮੇਂ ਦੇ ਹਾਣੀ ਬਣਨ ਦਾ ਖਾਬ ਉਚੇਰੀ ਸਿੱਖਿਆ ਨਾ ਮਿਲਣ ਕਾਰਨ ਇਹਨਾਂ ਮੁਟਿਆਰਾਂ ਦੇ ਮਨਾਂ ਅੰਦਰ ਹੀ ਦੱਬ ਕਿ ਰਹਿ ਜਾਂਦਾ ਹੈ। ਬਾਰਸ਼ਾਂ ਦੇ ਦਿਨਾਂ ਵਿੱਚ ਤਾਂ ਇਹਨਾਂ ਲੋਕਾਂ ਦੀ ਜ਼ਿਦਗੀ ਹੋਰ ਵੀ ਬਦਤਰ ਹੋ ਜਾਂਦੀ ਹੈ। ਇਹਨਾਂ ਪਿੰਡਾਂ ਦੇ ਲੋਕ ਦੁਰ ਸੰਚਾਰ ਦੇ ਪੰਖੋਂ ਵੀ ਦੇਸ਼ ਨਾਲੋਂ ਕੱਟੇ ਹੋਏ ਹਨ। ਇਹਨਾਂ ਪਿੰਡਾਂ ਵਿੱਚ ਮੋਬਾਇਲ ਫੋਨ ਵੀ ਨਹੀਂ ਚੱਲਦੇ। ਸਿਹਤ ਸਹੂਲਤਾਂ ਦੀ ਘਾਟ ਹੋਣ ਕਾਰਨ ਐਮਰਜੈਂਸੀ ਸਮੇਂ ਇਹਨਾਂ ਲੋਕਾਂ ਨੂੰ ਦਰਿਆ ਪਾਰ ਕਰਕੇ ਬੇੜੀਆਂ ਰਾਂਹੀਂ ਇਲਾਜ਼ ਕਰਵਾਉਣ ਆਉਣਾ ਪੈਂਦਾ ਹੈ। ਬਾਰਸ਼ਾ ਦੇ ਦਿਨਾਂ ਵਿੱਚ ਤਾਂ ਖਾਸ ਕਰਕੇ ਜਦੀ ਦਰਿਆ ਪੂਰੀ ਤਰ•ਾਂ ਭਰਿਆ ਹੁੰਦਾ ਹੈ ਲੋਕ ਜਿਹੜੀਆਂ ਗਰਭਵਤੀ ਔਰਤਾਂ ਹੁੰਦੀਆਂ ਹਨ,ਉਹਨਾਂ ਨੂੰ ਦਰਿਆ ਤੋਂ ਇਧਰ ਹੀ ਆਪਣੇ ਰਿਸ਼ਤੇਦਾਰਾਂ ਜਾਂ ਫਿਰ ਉਹਨਾਂ ਦੇ ਪੇਕੇ ਘਰਾ ਵਿੱਚ ਛੱਡ ਆਉਦੇ ਹਨ ਤਾ ਜੋ ਰਾਤ ਬਰਾਤੇ ਕੋਈ ਮੁਸ਼ਕਲ ਆਉਣ ਕਾਰਨ ਇਹਨਾਂ ਦਾ ਸਹੀ ਇਲਾਜ਼ ਕਰਵਾਇਆ ਜਾ ਸਕੇ।
ਪੰਜਾਬ ਦੇ ਟਾਪੂ ਕਰਕੇ ਜਾਣੇ ਜਾਂਦੇ ਇਸ ਖੇਤਰ ਦੇ ਨੌਜਵਾਨ ਰਿਸ਼ਤੇ ਨਾ ਹੋਣ ਕਾਰਨ ਵੱਡੀ ਉਮਰਾ ਵਿੱਚ ਮੁੱਲ ਦੀਆਂ ਤੀਵੀਆਂ ਲਿਆ ਕਿ ਆਪਣੇ ਘਰ ਵਸਾ ਰਹੇ ਹਨ। ਇਹਨਾਂ ਲੋਕਾਂ ਦੀ ਜਿੰਦਗੀ ਨਰਕ ਬਣੀ  ਹੋਈ ਹੈ। ਚੋਣਾਂ ਦੇ ਦਿਨਾਂ ਵਿੱਚ ਇਹਨਾਂ ਲੋਕਾ ਨੂੰ ਸਿਆਸਤਦਾਨਾਂ ਵਲੋਂ ਵੱਡੇ ਵੱਡੇ ਖਾਬ ਵਿਖਾਏ ਜਾਂਦੇ ਹਨ,ਪਰ ਜਿੱਤ ਤੋਂ ਬਾਅਦ ਲੀਡਰਾਂ ਨੇ ਇਹਨਾਂ ਦੇ ਖਾਬ ਤਾਂ ਕੀ ਪੂਰੇ ਕਰਨੇ ਹਨ ਕਦੇ ਪਰਤ ਕਿ ਇਹਨਾਂ ਵੱਲ ਤੱਕਿਆ ਵੀ ਨਹੀਂ ਹੈ।
ਤੰਗ ਆਏ ਲੋਕਾਂ ਦਾ ਕਹਿਣਾ ਹੈ ਕਿ ਚੰਗਾ ਹੁੰਦਾ ਉਹ ਪਾਕਿਸਤਾਨ ਦਾ ਹੀ ਹਿੱਸਾ ਬਣ ਜਾਂਦੇ ਘੱਟੋ ਘੱਟ ਉਹਨਾ ਨੂੰ ਇਹ ਨਿੱਤ ਦਿਨ ਦੀ ਪ੍ਰੇਸ਼ਾਨੀਂ ਤੋਂ ਛੁਟਕਾਰਾ ਤਾ ਮਿਲ ਜਾਂਦਾ।
ਪਿੰਡ ਤੂਰ ਦੇ ਗੁਰਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਤੇ ਉਹਨਾਂ ਦੇ ਬਜ਼ੁਰਗ ਇਸ ਨਰਕ ਭਰੀ ਜ਼ਿੰਦਗੀ ਚੋਂ ਗੁਜ਼ਰ ਦੇ ਆ ਰਹੇ ਹਨ। ਸਰਕਾਰ ਨੂੰ ਕਈਵਾਰ ਇਥੇ ਪੁੱਲ ਬਣਾਉਣ ਲਈ ਕਿਹਾ ਗਿਆ ਹੈ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਪਿੰਡ ਭਰਿਆਲ ਦੇ ਕਿਸਾਨ ਆਗੂ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਤਾਂ ਭਾਰਤ ਦਾ ਹਿੱਸਾ ਹੁੰਦੇ ਹੋਏ ਵੀ ਆਪਣੇ ਆਪ ਨੂੰ ਬੇਗਾਨਾ ਸਮਝ ਰਹੇ ਹਨ। ਉਹਨਾਂ ਕਿਹਾ ਕਿ ਲੋਕਾ ਨੂੰ ਹਰ ਸਮੇਂ ਗੋਲੀਆਂ ਦੇ ਛਾਏ ਹੇਠਾਂ ਜ਼ਿੰਦਗੀ ਬਸਰ ਕਰਨੀ ਪੈ ਰਹੀ ਹੈ ਅਤੇ ਸਰਕਾਰ ਨੇ ਸਰਹੱਦੀ ਖੇਤਰ ਦੇ ਇਹਨਾਂ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਤਾ ਕੀ ਦੇਣੀਆਂ ਹਨ ਸਗੋਂ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝਿਆਂ ਰੱਖਿਆ ਗਿਆ ਹੈ।  ਉਹਨਾਂ ਕਿਹਾ ਕਿ ਸਰਕਾਰਾਂ ਦੀ ਅਣਦੇਖੀ ਕਾਰਨ ਉਹ ਅੱਜ ਨਰਕ ਭਰੀ ਜ਼ਿੰਦਗੀ ਬਸਰ ਕਰ ਰਹੇ ਹਨ। ਹਰ ਰੋਜ਼ ਬੇੜੀਆਂ ਵਿੱਚ ਬੈਠਕੇ ਕੰਮਾਂ ਲਈ ਜਾਣਾ ਪੈਂਦਾ ਹੈ। ਲੋਕ ਹਿਸ ਖੇਤਰ ਦੇ ਨੌਜਵਾਨਾਂ ਨੂੰ ਕੁੜੀਆਂ ਦੇ ਰਿਸ਼ਤੇ ਨਹੀਂ ਕਰਦੇ ਅਤੇ ਕਈ ਮੁੰਡੇ ਕਵਾਰੇ ਰਹਿਣ ਕਾਰਨ ਹੁਣ ਮੁੱਲ ਦੀਆਂ ਬੀਵੀਆਂ ਲਿਆ ਕਿ ਆਭਣੇ ਘਰ ਵਸਾ ਰਹੇ ਹਨ ਕਈਆਂ ਨੇ ਤਾਂ ਮੁੱਲ ਦੀਆਂ ਬੀਵੀਆਂ ਲਿਆਂਦੀਆਂ ਸਨ, ਪਰ ਕੁਝ ਸਮੇਂ ਬਾਅਦ ਉਹ ਵੀ ਭੱਜ ਗਈਆਂ ਹਨ। ਲੋਕ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਹਨ ਪਰ ਸਰਕਾਰ ਸਾਡੀ ਕੋਈ ਸਾਰ ਨਹੀਂ ਲੈਂਦੀ। ਉਹਨਾਂ ਕਿਹਾ ਕਿ ਇੱਕ ਵੱਡਾ ਬੇੜਾ ਹੈ ਜਿਸ ਵਿੱਚ ਉਹ ਸਕੂਟਰ ਮੋਟਰਸਾਈਕਲ ਵੀ ਲੱਦਕੇ ਲਿਜਾਂਦੇ ਹਨ। ਬਾਰਸ਼ ਵਿੱਚ ਆਰਜ਼ੀ ਪੁੱਲ ਹੱਟ ਜਾਣ ਕਾਰਨ ਕਈ ਮਹੀਨੇ ਬੇੜਿਆਂ ਵਿੱਚ ਆਉਣਾ ਪੈਂਦਾ ਹੈ।

Please Click here for Share This News

Leave a Reply

Your email address will not be published. Required fields are marked *