ਐਸ.ਏ.ਐਸ.ਨਗਰ(ਮੋਹਾਲੀ), 5 ਦਸੰਬਰ:
ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ-2019 ਦੇ ਵਿਚਾਰ-ਚਰਚਾ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਨੇ ਉਨਾਂ ਕੋਲ ਪਹੁੰਚ ਕਰ ਕੇ ਇਕ ਨੌਜਵਾਨ ਵੱਲੋਂ ਕੀਤੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਮੋਹਾਲੀ ਦੇ ਐਸ.ਐਸ.ਪੀ. ਤੇ ਡਿਪਟੀ ਕਮਿਸ਼ਨਰ ਨੂੰ ਇਸ ਸ਼ਿਕਾਇਤ ਦੀ ਜਾਂਚ ਕਰ ਕੇ ਢੁੱਕਵੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਡੇਰਾਬੱਸੀ ਵਿੱਚ ਤਿ੍ਰਵੇਦੀ ਕੈਂਪ ਦੇ ਵਾਸੀ ਅਮਨਦੀਪ ਸਿੰਘ ਨੇ ਆਪਣੀ ਸ਼ਿਕਾਇਤ ਲੈ ਕੇ ਮੁੱਖ ਮੰਤਰੀ ਕੋਲ ਪਹੁੰਚ ਕੀਤੀ ਜੋ ਉਸ ਵੇਲੇ ਸਟੇਜ ’ਤੇ ਸਨ। ਸੁਰੱਖਿਆ ਮੁਲਾਜ਼ਮਾਂ ਵੱਲੋਂ ਉਸ ਨੂੰ ਉੱਥੋਂ ਲਿਜਾਏ ਜਾਣ ਤੋਂ ਪਹਿਲਾਂ ਉਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਦਸਤਾਵੇਜ਼ ਸੌਂਪੇ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਾਲਾਂਕਿ ਮੁੱਖ ਮੰਤਰੀ ਨੇ ਆਪਣੇ ਸੁਰੱਖਿਆ ਕਰਮੀਆਂ ਨੂੰ ਸੈਸ਼ਨ ਮੁੱਕਣ ਤੱਕ ਉਨਾਂ ਦੀ ਉਡੀਕ ਕਰਨ ਲਈ ਆਖਿਆ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਅਮਨਦੀਪ ਨੂੰ ਮਿਲ ਕੇ ਉਸ ਦੀ ਸ਼ਿਕਾਇਤ ਸੁਣੀ। ਅਮਨਦੀਪ ਨੇ ਮੁੱਖ ਮੰਤਰੀ ਨੂੰ ਇਹ ਦੱਸਿਆ ਕਿ ਡੇਰਾਬੱਸੀ ਵਿੱਚ ਉਸ ਦੀ ਦੁਕਾਨ ਨਾਲ ਸਬੰਧਤ ਮਾਮਲਾ ਅਜੇ ਅਦਾਲਤ ਵਿੱਚ ਲੰਬਿਤ ਹੈ ਜਦਕਿ ਇਕ ਪ੍ਰਾਪਰਟੀ ਡੀਲਰ ਨੇ ਉਸ ਨੂੰ ਦੁਕਾਨ ’ਚੋਂ ਬਾਹਰ ਕੱਢ ਕੇ ਜਿੰਦਾ ਲਾ ਦਿੱਤਾ।
ਮੁੱਖ ਮੰਤਰੀ ਨੇ ਨੌਜਵਾਨ ਦੀ ਸਹਾਇਤਾ ਕਰਨ ਦਾ ਫੈਸਲਾ ਕਰਦਿਆਂ ਜ਼ਿਲਾ ਪੁਲਿਸ ਮੁਖੀ ਕੁਲਦੀਪ ਚਾਹਲ ਅਤੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੂੰ ਉਸੇ ਵੇਲੇ ਹੁਕਮ ਦਿੱਤੇ ਕਿ ਤੱਥਾਂ ਦੀ ਪੜਤਾਲ ਕਰਨ ਤੋਂ ਬਾਅਦ ਅਮਨਦੀਪ ਨੂੰ ਉਸ ਦੀ ਦੁਕਾਨ ਜੋ ਵਕਫ਼ ਬੋਰਡ ਨਾਲ ਸਬੰਧਤ ਦੱਸੀ ਜਾ ਰਹੀ ਹੈ, ਵਾਪਸ ਦੁਆਈ ਜਾਵੇ।
ਸੁਰੱਖਿਆ ਦੀ ਸਪੱਸ਼ਟ ਉਲੰਘਣਾ ਦੇ ਮੱਦੇਨਜ਼ਰ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਜੋ ਸੈਸ਼ਨ ਦੌਰਾਨ ਹਾਜ਼ਰ ਸਨ, ਨੇ ਇਸ ਘਟਨਾ ਦੀ ਵਿਸਥਾਰਤ ਰਿਪੋਰਟ ਮੰਗੀ ਹੈ ਕਿ ਸੁਰੱਖਿਆ ਪੱਖੋਂ ਢਿੱਲ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਅਜਿਹਾ ਵਾਪਰਿਆ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇ।